IND vs SA: ਸੂਰਿਆਕੁਮਾਰ ਯਾਦਵ ਨੇ ਲਗਾਇਆ ਚੌਥਾ ਟੀ20 ਇੰਟਰਨੈਸ਼ਨਲ ਸੈਂਕੜਾ, ਰੋਹਿਤ ਦੇ ਰਿਕਾਰਡ ਦੀ ਕੀਤੀ ਬਰਾਬਰੀ
ਸੂਰਿਆਕੁਮਾਰ ਯਾਦਵ ਨੇ ਇਸ ਤੋਂ ਪਹਿਲਾਂ ਇੰਗਲੈਂਡ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਖਿਲਾਫ ਇਕ-ਇਕ ਸੈਂਕੜਾ ਲਗਾਇਆ ਸੀ। ਦੱਖਣੀ ਅਫਰੀਕਾ ਖਿਲਾਫ ਪਹਿਲੀ ਵਾਰ ਸੈਂਕੜਾ ਲਗਾ ਕੇ, ਉਨ੍ਹਾਂ ਨੇ ਰੋਹਿਤ ਸ਼ਰਮਾ ਦੇ 4 ਟੀ-20 ਅੰਤਰਰਾਸ਼ਟਰੀ ਸੈਂਕੜੇ ਦੇ ਰਿਕਾਰਡ ਦੀ ਬਰਾਬਰੀ ਕੀਤੀ। ਸੂਰਿਆ ਅਤੇ ਰੋਹਿਤ ਤੋਂ ਇਲਾਵਾ ਆਸਟ੍ਰੇਲੀਆ ਦੇ ਗਲੇਨ ਮੈਕਸਵੈੱਲ ਨੇ ਵੀ 4 ਸੈਂਕੜੇ ਲਗਾਏ ਹਨ।
ਸਪੋਰਟਸ ਨਿਊਜ। ਵਨਡੇ ਵਿਸ਼ਵ ਕੱਪ 2023 ਭਲੇ ਹੀ ਚੰਗਾ ਨਾ ਰਿਹਾ ਹੋਵੇ ਪਰ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਟੀ-20 ਕ੍ਰਿਕਟ (T20 Cricket) ‘ਚ ਐਂਟਰੀ ਕਰਦੇ ਹੀ ਆਪਣੇ ਅਸਲੀ ਰੰਗ ‘ਚ ਆ ਗਏ। ਅਜਿਹਾ ਹੀ ਰੰਗ ਜੋਹਾਨਸਬਰਗ ‘ਚ ਦੇਖਣ ਨੂੰ ਮਿਲਿਆ, ਜਿੱਥੇ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਸੂਰਿਆਕੁਮਾਰ ਯਾਦਵ ਨੇ ਦੱਖਣੀ ਅਫਰੀਕਾ ਖਿਲਾਫ ਧਮਾਕੇਦਾਰ ਸੈਂਕੜਾ ਲਗਾਇਆ। ਟੀ-20 ਸੀਰੀਜ਼ ਦੇ ਇਸ ਆਖਰੀ ਮੈਚ ‘ਚ ਸੂਰਿਆ ਨੇ ਸਿਰਫ 55 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਸੈਂਕੜੇ ਲਗਾਉਣ ਦੇ ਰੋਹਿਤ ਸ਼ਰਮਾ ਅਤੇ ਗਲੇਨ ਮੈਕਸਵੈੱਲ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ।
ਵਾਂਡਰਰਸ ਮੈਦਾਨ ‘ਤੇ ਵੀਰਵਾਰ 14 ਦਸੰਬਰ ਨੂੰ ਸੀਰੀਜ਼ ਦੇ ਤੀਜੇ ਮੈਚ ‘ਚ ਸੂਰਿਆਕੁਮਾਰ ਯਾਦਵ (Suryakumar Yadav) ਨੇ ਸਲੋਅ ਸ਼ੁਰੂਆਤ ਤੋਂ ਬਾਅਦ ਆਪਣਾ ਗੇਅਰ ਬਦਲਿਆ ਅਤੇ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ‘ਤੇ ਨਿਸ਼ਾਨਾ ਸਾਧਿਆ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤੀਜੇ ਓਵਰ ‘ਚ 29 ਦੌੜਾਂ ‘ਤੇ 2 ਵਿਕਟਾਂ ਗੁਆ ਲਈਆਂ ਸਨ, ਜਦੋਂ ਸੂਰਿਆ ਕ੍ਰੀਜ਼ ‘ਤੇ ਆਏ। ਦੂਜੇ ਪਾਸੇ ਤੇਜ਼ ਬੱਲੇਬਾਜ਼ੀ ਕਰ ਰਹੇ ਯਸ਼ਸਵੀ ਜੈਸਵਾਲ ਸਨ। ਹਾਲਾਂਕਿ ਸੂਰਿਆ ਨੂੰ ਆਪਣਾ ਰੰਗ ਦਿਖਾਉਣ ‘ਚ ਕੁਝ ਸਮਾਂ ਲੱਗਾ।
7 ਗੇਂਦਾਂ ‘ਤੇ 4 ਛੱਕੇ ਲਗਾਏ
ਇਕ ਸਮੇਂ ਸੂਰਿਆ ਦਾ ਸਕੋਰ 25 ਗੇਂਦਾਂ ‘ਤੇ 26 ਦੌੜਾਂ ਸੀ, ਜੋ ਇਸ ਫਾਰਮੈਟ ‘ਚ ਉਨ੍ਹਾਂ ਨਾਲ ਘੱਟ ਹੀ ਦੇਖਣ ਨੂੰ ਮਿਲਦਾ ਹੈ। ਫਿਰ 11ਵੇਂ ਓਵਰ ‘ਚ ਸੂਰਿਆ ਨੇ ਕੇਸ਼ਵ ਮਹਾਰਾਜ ਨੂੰ ਛੱਕਾ ਜੜਿਆ, ਜਿੱਥੋਂ ਰਫਤਾਰ ਬਦਲਣ ਲੱਗੀ। ਫਿਰ 13ਵੇਂ ਅਤੇ 14ਵੇਂ ਓਵਰਾਂ ‘ਚ ਸੂਰਿਆ ਨੇ ਅਸਲੀ ਧਮਾਕਾ ਕੀਤਾ, ਜਦੋਂ ਉਨ੍ਹਾਂ ਨੇ 7 ਗੇਂਦਾਂ ‘ਤੇ 4 ਛੱਕੇ ਜੜੇ। 13ਵੇਂ ਓਵਰ ‘ਚ ਸੂਰਿਆ ਨੇ ਐਂਡੀਲੇ ਫੇਹਲੁਕਵਾਯੋ ਦੀਆਂ ਲਗਾਤਾਰ 5 ਗੇਂਦਾਂ ‘ਤੇ 3 ਛੱਕੇ ਅਤੇ 1 ਚੌਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਫਿਰ ਅਗਲੇ ਓਵਰ ਵਿੱਚ ਉਨ੍ਹਾਂ ਨੇ 2 ਗੇਂਦਾਂ ਵਿੱਚ 1 ਹੋਰ ਛੱਕਾ ਜੜਿਆ।
ਰੋਹਿਤ ਦੀ ਬਰਾਬਰੀ
ਇੱਥੋਂ ਸੂਰਿਆ ਨੂੰ ਰੋਕਣਾ ਮੁਸ਼ਕਲ ਹੋ ਗਿਆ ਅਤੇ ਉਨ੍ਹਾਂ ਦਾ ਬੱਲਾ ਸ਼ਾਨਦਾਰ ਤਰੀਕੇ ਨਾਲ ਚੱਲਦਾ ਰਿਹਾ। ਫਿਰ ਸੂਰਿਆ ਨੇ 20ਵੇਂ ਓਵਰ ਦੀ ਪਹਿਲੀ ਗੇਂਦ ‘ਤੇ 2 ਦੌੜਾਂ ਲੈ ਕੇ 55 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਨ੍ਹਾਂ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਚੌਥਾ ਸੈਂਕੜਾ ਸੀ। ਉਸ ਤੋਂ ਪਹਿਲਾਂ ਸਿਰਫ ਰੋਹਿਤ ਸ਼ਰਮਾ ਅਤੇ ਗਲੇਨ ਮੈਕਸਵੈੱਲ ਹੀ ਇੱਥੇ ਪਹੁੰਚ ਸਕੇ ਸਨ। ਦੱਖਣੀ ਅਫਰੀਕਾ ਖਿਲਾਫ ਇਹ ਉਨ੍ਹਾਂ ਦਾ ਪਹਿਲਾ ਸੈਂਕੜਾ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਇਹ ਸਾਰੇ ਸੈਂਕੜੇ ਵੱਖ-ਵੱਖ ਦੇਸ਼ਾਂ (ਇੰਗਲੈਂਡ, ਨਿਊਜ਼ੀਲੈਂਡ, ਭਾਰਤ ਅਤੇ ਦੱਖਣੀ ਅਫਰੀਕਾ) ਵਿੱਚ ਲੱਗੇ ਹਨ। ਉਹ 56 ਗੇਂਦਾਂ (8 ਛੱਕੇ, 7 ਚੌਕੇ) ਵਿੱਚ 100 ਦੌੜਾਂ ਬਣਾ ਕੇ ਆਊਟ ਹੋ ਗਏ।