Shubman Gill Update: ਸ਼ੁਭਮਨ ਗਿੱਲ ਗੁਹਾਟੀ ਟੈਸਟ ਤੋਂ ਬਾਹਰ! ਸਵਾਲਾਂ ਦੇ ਘੇਰੇ ‘ਚ BCCI ਅਤੇ ਟੀਮ ਇੰਡੀਆ
ਟੀਮ ਇੰਡੀਆ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਕੋਲਕਾਤਾ ਟੈਸਟ ਦੇ ਦੂਜੇ ਦਿਨ ਬੱਲੇਬਾਜ਼ੀ ਕਰਦੇ ਸਮੇਂ ਗਰਦਨ ਵਿੱਚ ਖਿਚਾਅ ਆ ਗਿਆ। ਉਹ ਸਿਰਫ਼ ਤਿੰਨ ਗੇਂਦਾਂ ਬਾਅਦ ਰਿਟਾਇਰ ਹੋ ਗਏ ਅਤੇ ਬਾਕੀ ਮੈਚ ਲਈ ਦੁਬਾਰਾ ਬੱਲੇਬਾਜ਼ੀ ਨਹੀਂ ਕੀਤੀ।
ਜੋ ਸ਼ੱਕ ਸੀ ਉਹ ਹੁਣ ਸੱਚ ਹੋ ਗਿਆ ਹੈ। ਟੀਮ ਇੰਡੀਆ ਨੂੰ ਗੁਹਾਟੀ ਵਿੱਚ ਦੂਜਾ ਟੈਸਟ ਮੈਚ ਕਪਤਾਨ ਸ਼ੁਭਮਨ ਗਿੱਲ ਤੋਂ ਬਿਨਾਂ ਖੇਡਣਾ ਪਵੇਗਾ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਮੈਚ 22 ਨਵੰਬਰ ਨੂੰ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ, ਪਰ ਭਾਰਤੀ ਟੀਮ ਦੀ ਅਗਵਾਈ ਗਿੱਲ ਦੀ ਬਜਾਏ ਉਪ-ਕਪਤਾਨ ਰਿਸ਼ਭ ਪੰਤ ਦੇ ਹੱਥ ਵਿੱਚ ਹੋਣ ਦੀ ਸੰਭਾਵਨਾ ਜਾਪਦੀ ਹੈ। ਰਿਪੋਰਟਾਂ ਮੁਤਾਬਕ ਗਿੱਲ ਆਪਣੀ ਗਰਦਨ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ ਅਤੇ ਟੀਮ ਨਾਲ ਗੁਹਾਟੀ ਜਾਣ ਦੇ ਬਾਵਜੂਦ, ਇਸ ਮੈਚ ਤੋਂ ਲਗਭਗ ਬਾਹਰ ਹੋ ਗਏ ਹਨ। ਇਸ ਤੋਂ ਇਲਾਵਾ 30 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਵਿੱਚ ਉਨ੍ਹਾਂ ਦੀ ਭਾਗੀਦਾਰੀ ਵੀ ਅਸੰਭਵ ਜਾਪਦੀ ਹੈ। ਗਿੱਲ ਵਨਡੇ ਟੀਮ ਦੇ ਕਪਤਾਨ ਵੀ ਹਨ।
ਇੰਡੀਅਨ ਐਕਸਪ੍ਰੈਸ ਵਿੱਚ ਛਪੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਗਿੱਲ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ। ਉਹ ਬੁੱਧਵਾਰ, 19 ਨਵੰਬਰ ਨੂੰ ਟੀਮ ਨਾਲ ਗੁਹਾਟੀ ਗਏ ਸਨ ਪਰ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ। ਨਤੀਜੇ ਵਜੋਂ, ਦੂਜੇ ਟੈਸਟ ਮੈਚ ਤੋਂ ਉਨ੍ਹਾਂ ਦਾ ਬਾਹਰ ਹੋਣਾ ਤੈਅ ਜਾਪਦਾ ਹੈ। ਜਿਸ ਦੀ ਰਸਮੀ ਘੋਸ਼ਣਾ ਅਜੇ ਬਾਕੀ ਹੈ। ਗਿੱਲ ਦੀ ਗੈਰ ਹਾਜ਼ਰੀ ਵਿੱਚ ਰਿਸ਼ਭ ਪੰਤ, ਜਿਨ੍ਹਾਂ ਨੇ ਕੋਲਕਾਤਾ ਟੈਸਟ ਦੀ ਦੂਜੀ ਪਾਰੀ ਵਿੱਚ ਵੀ ਟੀਮ ਦੀ ਅਗਵਾਈ ਕੀਤੀ ਸੀ। ਗੁਹਾਟੀ ਵਿੱਚ ਟੀਮ ਦੀ ਕਪਤਾਨੀ ਕਰਨਗੇ। ਪੰਤ ਪਹਿਲੀ ਵਾਰ ਟੈਸਟ ਮੈਚ ਵਿੱਚ ਟੀਮ ਇੰਡੀਆ ਦੀ ਕਪਤਾਨੀ ਕਰਨਗੇ।
ਕੋਲਕਾਤਾ ਟੈਸਟ ਦੌਰਾਨ ਗਰਦਨ ਵਿੱਚ ਖਿਚਾਅ
ਗਿੱਲ ਨੂੰ ਇਹ ਸੱਟ ਕੋਲਕਾਤਾ ਟੈਸਟ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਦੌਰਾਨ ਲੱਗੀ। ਟੀਮ ਇੰਡੀਆ ਦੀ ਬੱਲੇਬਾਜ਼ੀ ਦੌਰਾਨ, ਗਿੱਲ ਕ੍ਰੀਜ਼ ‘ਤੇ ਆਏ ਅਤੇ ਸਵੀਪ ਸ਼ਾਟ ਦੀ ਕੋਸ਼ਿਸ਼ ਕਰਦੇ ਸਮੇਂ ਉਨ੍ਹਾਂ ਦੀ ਗਰਦਨ ‘ਤੇ ਦਬਾਅ ਪੈ ਗਿਆ। ਜਿਸ ਕਾਰਨ ਉਹ ਦਰਦ ਵਿੱਚ ਦਿਖਾਈ ਦਿੱਤਾ। ਉਹ ਸਿਰਫ਼ ਤਿੰਨ ਗੇਂਦਾਂ ਖੇਡਣ ਤੋਂ ਬਾਅਦ ਰਿਟਾਇਰਡ ਹਰਟ ਹੋ ਗਏ ਅਤੇ ਬੱਲੇਬਾਜ਼ੀ ਲਈ ਵਾਪਸ ਨਹੀਂ ਆਏ। ਗਿੱਲ ਨੂੰ ਉਸ ਸ਼ਾਮ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਹ ਰਾਤ ਭਰ ਰਹੇ ਅਤੇ ਅਗਲੇ ਦਿਨ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਇਸ ਕਾਰਨ, ਗਿੱਲ ਨੇ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਨਹੀਂ ਕੀਤੀ ਅਤੇ ਟੀਮ ਇੰਡੀਆ 30 ਦੌੜਾਂ ਨਾਲ ਟੈਸਟ ਮੈਚ ਹਾਰ ਗਈ। ਗਿੱਲ ਉਦੋਂ ਤੋਂ ਕੋਲਕਾਤਾ ਵਿੱਚ ਆਰਾਮ ਕਰ ਰਹੇ ਹਨ। ਰਿਪੋਰਟਾਂ ਦੇ ਅਨੁਸਾਰ, ਡਾਕਟਰਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ, ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕਿਤੇ ਵੀ ਯਾਤਰਾ ਕਰਨ ਜਾਂ ਲੰਬੀ ਯਾਤਰਾ ਕਰਨ ਨਾਲ ਉਨ੍ਹਾਂ ਦਾ ਦਰਦ ਵਧ ਸਕਦਾ ਹੈ। ਜਿਸ ਕਾਰਨ ਰਿਕਵਰੀ ਦਾ ਸਮਾਂ ਲੰਬਾ ਹੋ ਸਕਦਾ ਹੈ।
ਇਹ ਵੀ ਪੜ੍ਹੋ
ਸਵਾਲਾ ਦੇ ਘੇਰੇ ਵਿੱਚ ਟੀਮ ਇੰਡੀਆ ਤੇ BCCI
ਜੇਕਰ ਸ਼ੁਭਮਨ ਗਿੱਲ ਅਜੇ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਸੀ ਅਤੇ ਦੂਜੇ ਟੈਸਟ ਵਿੱਚ ਉਨ੍ਹਾਂ ਦੀ ਭਾਗੀਦਾਰੀ ਪਹਿਲਾਂ ਹੀ ਅਸੰਭਵ ਜਾਪਦੀ ਸੀ ਤਾਂ ਉਨ੍ਹਾਂ ਨੂੰ ਕੋਲਕਾਤਾ ਤੋਂ ਗੁਹਾਟੀ ਕਿਉਂ ਟੀਮ ਨਾਲ ਲਿਜਾਇਆ ਗਿਆ? ਕੀ ਉਨ੍ਹਾਂ ਨੂੰ ਕੋਲਕਾਤਾ ਵਿੱਚ ਹੀ ਰਹਿ ਕੇ ਆਰਾਮ ਨਹੀਂ ਕਰਨਾ ਚਾਹੀਦਾ ਸੀ? ਇਸ ਨਾਲ ਹੁਣ ਗਿੱਲ, ਟੀਮ ਪ੍ਰਬੰਧਨ ਅਤੇ ਬੀਸੀਸੀਆਈ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਕੀ ਟੀਮ ਪ੍ਰਬੰਧਨ ਜਾਂ ਭਾਰਤੀ ਕਪਤਾਨ ਨੇ ਖੁਦ ਆਪਣੀ ਫਿਟਨੈਸ ਨਾਲ ਗੰਭੀਰ ਜੋਖਮ ਨਹੀਂ ਲਿਆ?
ਇਹ ਸਵਾਲ ਇਸ ਲਈ ਉੱਠਦਾ ਹੈ ਕਿਉਂਕਿ ਗਰਦਨ ਦੀ ਕਿਸੇ ਵੀ ਸੱਟ ਦਾ ਪੂਰੇ ਸਰੀਰ ‘ਤੇ ਕਾਫ਼ੀ ਪ੍ਰਭਾਵ ਪੈ ਸਕਦਾ ਹੈ। ਇਸ ਤੋਂ ਇਲਾਵਾ, ਟੀਮ ਇੰਡੀਆ ਨੂੰ ਅਗਲੇ ਸਾਲ ਫਰਵਰੀ ਵਿੱਚ ਆਉਣ ਵਾਲੀ ਵਨ ਡੇਅ ਸੀਰੀਜ਼, ਟੀ20 ਸੀਰੀਜ਼ ਅਤੇ ਟੀ20 ਵਿਸ਼ਵ ਕੱਪ ਵਿੱਚ ਖੇਡਣਾ ਹੈ। ਗਿੱਲ ਟੀ20 ਟੀਮ ਦੇ ਉਪ-ਕਪਤਾਨ ਹਨ। ਜੇਕਰ ਉਨ੍ਹਾਂ ਦੀ ਸੱਟ ਵਿਗੜਦੀ ਹੈ ਤਾਂ ਉਨ੍ਹਾਂ ਨੂੰ ਟੀ20 ਸੀਰੀਜ਼ ਅਤੇ ਵਿਸ਼ਵ ਕੱਪ ਤੋਂ ਬਾਹਰ ਕੀਤਾ ਜਾ ਸਕਦਾ ਹੈ। ਜਿਸ ਨਾਲ ਸਮੁੱਚੀ ਪਲੈਨਿੰਗ ਵਿੱਚ ਵਿਘਨ ਪੈ ਸਕਦਾ ਹੈ।


