ਰਾਫੇਲ ਨਡਾਲ ਨੇ ਕੀਤਾ ਸੰਨਿਆਸ ਦਾ ਐਲਾਨ, ਇਸ ਦਿਨ ਖੇਡਣਗੇ ਆਪਣਾ ਆਖਰੀ ਟੈਨਿਸ ਮੈਚ
ਰਾਫੇਲ ਨਡਾਲ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਨਵੰਬਰ 'ਚ ਹੋਣ ਵਾਲਾ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਉਨ੍ਹਾਂ ਦਾ ਆਖਰੀ ਟੂਰਨਾਮੈਂਟ ਹੋਵੇਗਾ। ਨਡਾਲ ਨੇ ਆਪਣੇ ਸੰਨਿਆਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

ਰਾਫੇਲ ਨਡਾਲ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 38 ਸਾਲ ਦੀ ਉਮਰ ‘ਚ ਉਨ੍ਹਾਂ ਨੇ ਆਪਣੀ ਪਸੰਦੀਦਾ ਖੇਡ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। ਨਡਾਲ ਨੇ ਆਪਣੇ ਸੰਨਿਆਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਵੀਡੀਓ ਜਾਰੀ ਕਰਦੇ ਹੋਏ ਉਨ੍ਹਾਂ ਨੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਨਡਾਲ ਨੇ ਕਿਹਾ ਕਿ ‘ਮੈਂ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਰਿਹਾ ਹਾਂ। ਪਿਛਲੇ ਕੁਝ ਸਾਲ ਬਹੁਤ ਔਖੇ ਰਹੇ ਹਨ। ਖਾਸ ਕਰਕੇ ਪਿਛਲੇ ਦੋ ਸਾਲ ਚੁਣੌਤੀਪੂਰਨ ਰਹੇ ਹਨ। ਇਹ ਬਹੁਤ ਔਖਾ ਫੈਸਲਾ ਹੈ। ਪਰ ਜ਼ਿੰਦਗੀ ਵਿਚ ਹਰ ਚੀਜ਼ ਦੀ ਸ਼ੁਰੂਆਤ ਅਤੇ ਅੰਤ ਹੁੰਦੀ ਹੈ।’ ਨਵੰਬਰ ਵਿਚ ਹੋਣ ਵਾਲਾ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਉਨ੍ਹਾਂ ਦਾ ਆਖਰੀ ਟੂਰਨਾਮੈਂਟ ਹੋਵੇਗਾ, ਜੋ ਉਨ੍ਹਾਂ ਦੇ ਦੇਸ਼ ਸਪੇਨ ਵਿਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦੇ ਨਾਕਆਊਟ ਦੌਰ 19 ਤੋਂ 24 ਨਵੰਬਰ ਦਰਮਿਆਨ ਖੇਡੇ ਜਾਣਗੇ।
ਸੱਟ ਦੇ ਬਾਵਜੂਦ ਖੇਡਦਾ ਰਹੇ
ਰਾਫੇਲ ਨਡਾਲ ਦਾ ਕਰੀਅਰ ਸੱਟਾਂ ਨਾਲ ਭਰਿਆ ਰਿਹਾ ਹੈ। ਉਨ੍ਹਾਂ ਨੂੰ ਹਰ ਦੂਜੇ ਜਾਂ ਤੀਜੇ ਸਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਸੱਟ ਲੱਗੀ। ਨਡਾਲ ਨੂੰ ਆਪਣੇ ਕਰੀਅਰ ਵਿੱਚ 16 ਵੱਡੀਆਂ ਸੱਟਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਚੁਣੌਤੀਆਂ ਦੇ ਵਿਚਕਾਰ, ਉਨ੍ਹਾਂ ਨੇ ਟੈਨਿਸ ਖੇਡਣਾ ਅਤੇ ਖਿਤਾਬ ਜਿੱਤਣਾ ਜਾਰੀ ਰੱਖਿਆ। ਸੱਟ ਕਾਰਨ ਉਨ੍ਹਾਂ ਨੂੰ 2023 ਫ੍ਰੈਂਚ ਓਪਨ ਤੋਂ ਖੁੰਝਣਾ ਪਿਆ। ਜਦਕਿ 2024 ‘ਚ ਉਹ ਪਹਿਲੇ ਦੌਰ ‘ਚ ਹਾਰ ਕੇ ਬਾਹਰ ਹੋ ਗਏ ਸਨ। ਉਨ੍ਹਾਂ ਨੇ ਆਖਰੀ ਵਾਰ 2 ਸਾਲ ਪਹਿਲਾਂ 2022 ਵਿੱਚ ਫਰੈਂਚ ਓਪਨ ਜਿੱਤਿਆ ਸੀ।
ਨਡਾਲ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਕੂਹਣੀ ਦੀ ਸੱਟ ਲੱਗ ਗਈ ਸੀ। ਉਦੋਂ ਉਹ ਸਿਰਫ਼ 16 ਸਾਲ ਦੇ ਸਨ। 2003 ਵਿੱਚ ਇਸ ਸੱਟ ਕਾਰਨ ਉਨ੍ਹਾਂ ਨੂੰ ਫਰੈਂਚ ਓਪਨ ਤੋਂ ਹਟਣਾ ਪਿਆ ਸੀ। ਬਾਅਦ ਵਿੱਚ, ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ 14 ਵਾਰ ਇਹ ਖਿਤਾਬ ਜਿੱਤਿਆ। 2004 ਵਿੱਚ, ਉਨ੍ਹਾਂ ਨੂੰ ਦੋ ਵਾਰ ਸਟ੍ਰੇਸ ਫ੍ਰੈਕਚਰ ਵਰਗੀਆਂ ਵੱਡੀਆਂ ਸੱਟਾਂ ਲੱਗੀਆਂ। ਇਸ ਕਾਰਨ ਉਨ੍ਹਾਂ ਨੂੰ ਫਰੈਂਚ ਓਪਨ ਅਤੇ ਵਿੰਬਲਡਨ ਤੋਂ ਬਾਹਰ ਹੋਣਾ ਪਿਆ। ਜਦੋਂ ਕਿ ਰਾਫੇਲ ਨਡਾਲ ਸਟ੍ਰੇਸ ਦੇ ਫ੍ਰੈਕਚਰ ਤੋਂ ਠੀਕ ਹੋ ਗਏ ਸਨ, ਉਨ੍ਹਾਂ ਨੂੰ 2006 ਵਿੱਚ ਲੱਤ ਵਿੱਚ ਸੱਟ ਲੱਗੀ ਸੀ। 2009 ਵਿੱਚ ਉਨ੍ਹਾਂ ਦੇ ਗੋਡੇ ਦੀ ਸੱਟ ਲੱਗ ਗਈ ਸੀ। ਇਸ ਤਰ੍ਹਾਂ ਉਨ੍ਹਾਂ ਨੂੰ ਆਪਣੇ ਕਰੀਅਰ ਦੌਰਾਨ ਕਈ ਵੱਡੀਆਂ ਸੱਟਾਂ ਦਾ ਸਾਹਮਣਾ ਕਰਨਾ ਪਿਆ।
ਨਡਾਲ ਦੇ ਨਾਂ ਕਈ ਖ਼ਿਤਾਬ
ਰਾਫੇਲ ਨਡਾਲ ਨੇ ਆਪਣੇ ਟੈਨਿਸ ਕਰੀਅਰ ਵਿੱਚ 92 ਏਟੀਪੀ ਸਿੰਗਲ ਖ਼ਿਤਾਬ ਜਿੱਤੇ ਹਨ, ਜਿਨ੍ਹਾਂ ਵਿੱਚ 36 ਮਾਸਟਰ ਖ਼ਿਤਾਬ ਵੀ ਸ਼ਾਮਲ ਹਨ। ਉਸ ਦੇ ਨਾਂ ਓਲੰਪਿਕ ਗੋਲਡ ਮੈਡਲ ਵੀ ਹੈ। ਹਾਲਾਂਕਿ ਉਹ ਪੈਰਿਸ ਓਲੰਪਿਕ ‘ਚ ਤਮਗਾ ਜਿੱਤਣ ‘ਚ ਸਫਲ ਨਹੀਂ ਰਹੇ। ਕਲੇਅ ਕੋਰਟ ‘ਤੇ ਨਡਾਲ ਦਾ ਕੋਈ ਮੁਕਾਬਲਾ ਨਹੀਂ ਸੀ। ਇਸੇ ਕਰਕੇ ਉਨ੍ਹਾਂ ਨੂੰ ਕਿੰਗ ਆਫ ਕਲੇਅ ਵੀ ਕਿਹਾ ਜਾਂਦਾ ਹੈ। ਨਡਾਲ ਨੇ ਕੁੱਲ 14 ਵਾਰ ਕਲੇਅ ਕੋਰਟ ‘ਤੇ ਖੇਡੇ ਗਏ ਫਰੈਂਚ ਓਪਨ ਦਾ ਸਿੰਗਲ ਖਿਤਾਬ ਜਿੱਤਿਆ ਹੈ। ਇਸ ਦੌਰਾਨ ਉਸ ਨੇ 116 ਮੈਚਾਂ ‘ਚੋਂ ਰਿਕਾਰਡ 112 ਮੈਚ ਜਿੱਤੇ ਹਨ।
ਸਭ ਤੋਂ ਵੱਧ ਵਾਰ ਫਰੈਂਚ ਓਪਨ ਜਿੱਤਣ ਤੋਂ ਇਲਾਵਾ ਨਡਾਲ ਨੇ ਦੋ ਵਾਰ ਆਸਟ੍ਰੇਲੀਅਨ ਓਪਨ, ਦੋ ਵਾਰ ਵਿੰਬਲਡਨ ਅਤੇ 4 ਵਾਰ ਯੂਐਸ ਓਪਨ ਵੀ ਜਿੱਤਿਆ ਹੈ। ਨਡਾਲ ਨੇ 2008 ਵਿੱਚ ਬੀਜਿੰਗ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ 2016 ਵਿੱਚ ਰੀਓ ਓਲੰਪਿਕ ਵਿੱਚ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਇਸ ਟੈਨਿਸ ਸਟਾਰ ਨੇ 4 ਵਾਰ ਸਪੇਨ ‘ਚ ਹੋਏ ਡੇਵਿਸ ਕੱਪ ਦਾ ਖਿਤਾਬ ਜਿੱਤਿਆ ਹੈ।