ਤਗਮਾ ਜੇਤੂ ਖਿਡਾਰੀਆਂ ਦੀ ਨੌਕਰੀ ਪੱਕੀ, ਤਿਆਰੀ ਕਰਨ ਵਾਲਿਆਂ ਨੂੰ ਮਿਲਣਗੇ 15 ਲੱਖ, ਨਵੀਂ ਸਪੋਰਟਸ ਪਾਲਿਸੀ ‘ਚ ਕੀ ਹੈ ਖਾਸ…ਜਾਣੋਂ

Updated On: 

31 Jul 2023 19:33 PM

New Sports Policy: ਖੇਡ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਸਪੋਰਟਸ ਸੈਂਟਰ ਜਲੰਧਰ, ਮਾਲਪੁਰ, ਮੋਹਾਲੀ, ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਨੂੰ ਵੀ ਨਵੀਂ ਤਕਨੀਕ ਨਾਲ ਅਪਗ੍ਰੇਡ ਕੀਤਾ ਜਾਵੇਗਾ। ਇਸ ਵੇਲੇ ਪੰਜਾਬ ਵਿੱਚ ਸਿਰਫ਼ 309 ਕੋਚ ਹਨ, ਪਰ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੀ ਗਿਣਤੀ ਵਧਾ ਕੇ 2360 ਕੀਤੀ ਜਾਵੇਗੀ।

ਤਗਮਾ ਜੇਤੂ ਖਿਡਾਰੀਆਂ ਦੀ ਨੌਕਰੀ ਪੱਕੀ, ਤਿਆਰੀ ਕਰਨ ਵਾਲਿਆਂ ਨੂੰ ਮਿਲਣਗੇ 15 ਲੱਖ, ਨਵੀਂ ਸਪੋਰਟਸ ਪਾਲਿਸੀ ਚ ਕੀ ਹੈ ਖਾਸ...ਜਾਣੋਂ
Follow Us On

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਨਵੀਂ ਖੇਡ ਨੀਤੀ (News Sports Policy) ਤਹਿਤ ਸੂਬੇ ਨੂੰ ਮੁੜ ਨੰਬਰ-1 ਬਣਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਮੈਡਲ ਲਿਆਉਣ ਵਾਲੇ ਖਿਡਾਰੀ ਦੀ ਨੌਕਰੀ ਪੱਕੀ ਹੋਵੇਗੀ। ਨਾਲ ਹੀ ਉਨ੍ਹਾਂ ਨੂੰ ਓਲੰਪਿਕ ਖੇਡਾਂ ਦੀ ਤਿਆਰੀ ਲਈ 15 ਲੱਖ ਰੁਪਏ ਅਤੇ ਏਸ਼ੀਆਈ ਖੇਡਾਂ ਲਈ 8 ਲੱਖ ਰੁਪਏ ਵੀ ਦਿੱਤੇ ਜਾਣਗੇ।

ਖੇਡ ਮੰਤਰੀ ਨੇ ਕਿਹਾ ਕਿ ਨਵੀਂ ਖੇਡ ਨੀਤੀ ਤਹਿਤ ਕਈ ਨਵੀਆਂ ਚੀਜ਼ਾਂ ਜੋੜੀਆਂ ਗਈਆਂ ਹਨ। ਇਸ ਦੇ ਲਈ ਖਿਡਾਰੀਆਂ ਨਾਲ ਵੀ ਚਰਚਾ ਕੀਤੀ ਗਈ। ਪੰਜਾਬ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਦੀ ਲੋੜ ਹੈ। ਬੱਚਿਆਂ ਨੂੰ ਜ਼ਮੀਨ ਨਾਲ ਜੋੜਨ ਦਾ ਵਿਚਾਰ ਸੀ। ਇਸ ਤਹਿਤ ਪੰਜਾਬ ਭਰ ਵਿੱਚ ਇੱਕ ਹਜ਼ਾਰ ਖੇਡ ਨਰਸਰੀਆਂ ਖੋਲ੍ਹਣ ਦਾ ਫੈਸਲਾ ਲਿਆ ਗਿਆ। ਹਰ ਚਾਰ ਕਿਮੀ ਤੇ ਇੱਕ ਨਰਸਰੀ ਖੋਲੀ ਜਾਵੇਗੀ।

ਇਨ੍ਹਾਂ ਵਿੱਚ ਰਾਜ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਕੋਚ ਰੱਖੇ ਜਾਣਗੇ, ਜੋ ਨੇੜਲੇ ਪਿੰਡਾਂ ਦੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਵਾਉਣਗੇ। ਇਨ੍ਹਾਂ ਵਿੱਚ 6-17 ਸਾਲ ਦੀ ਉਮਰ ਦੇ ਬੱਚੇ ਆਉਣਗੇ ਅਤੇ ਉਨ੍ਹਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

35 ਖੇਡਾਂ ਸਮੇਤ ਹੋਰ ਖੇਡਾਂ ਦੀ ਹੋਵੇਗੀ ਗਰੇਡੇਸ਼ਨ

ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੀਆਂ 35 ਰਜਿਸਟਰਡ ਖੇਡਾਂ ਦੀ ਗਰੇਡੇਸ਼ਨ ਦੇ ਨਾਲ-ਨਾਲ ਓਲੰਪਿਕ, ਰਾਸ਼ਟਰਮੰਡਲ ਅਤੇ ਏਸ਼ੀਅਨ ਖੇਡਾਂ ਦੀ ਗਰੇਡੇਸ਼ਨ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੀਟੀਆਈ ਅਧਿਆਪਕਾਂ ਦੀ ਵੀ ਭਰਤੀ ਕੀਤੀ ਜਾਵੇਗੀ, ਜੋ ਨਰਸਰੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੂੰ ਸਿਖਲਾਈ ਦੇਣਗੇ। ਨਾਲ ਹੀ ਉਨ੍ਹਾਂ ਨੂੰ ਉਪਲਬਧੀਆਂ ਹਾਸਲ ਕਰਨ ‘ਤੇ 30 ਫੀਸਦੀ ਦਾ ਲਾਭ ਵੀ ਦਿੱਤਾ ਜਾਵੇਗਾ।

500 ਨਵੀਆਂ ਪੋਸਟਾਂ ਕੱਢੀਆਂ ਜਾਣਗੀਆਂ

ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਵੈੱਬਸਾਈਟ ‘ਤੇ ਪੰਜਾਬ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਦੀ ਪੂਰੀ ਪ੍ਰੋਫਾਈਲ ਅਪਲੋਡ ਕੀਤੀ ਜਾਵੇਗੀ। ਇੱਕ ਨਵਾਂ YouTube ਚੈਨਲ ਵੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਚੋਣਾਂ ਨੇੜੇ ਆਉਣ ਤੇ ਹੀਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਸਨ। ਪਰ ਬਾਕੀ ਸਮੇਂ ਵਿੱਚ ਨਾ ਤਾਂ ਨੌਕਰੀ ਅਤੇ ਨਾ ਹੀ ਨਕਦ ਇਨਾਮ ਦਿੱਤਾ ਜਾਂਦਾ ਸੀ। ਪਰ ਪੰਜਾਬ ਸਰਕਾਰ ਨੇ ਹੁਣ ਇਸ ਨੂੰ ਨੀਤੀ ਦਾ ਹਿੱਸਾ ਬਣਾ ਕੇ 500 ਨਵੀਆਂ ਅਸਾਮੀਆਂ ਸਿਰਜ ਦਿੱਤੀਆਂ ਹਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵੀ ਨਵੀਂ ਸਪੋਰਟਸ ਪਾਲਿਸੀ ਨੂੰ ਲੈ ਕੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਸੂਬੇ ਦੇ ਖਿਡਾਰੀਆਂ ਲਈ ਸ਼ੂਰੂ ਕੀਤੀਆਂ ਸਹੂਲਤਾਂ ਬਾਰੇ ਵੀ ਦੱਸਿਆ ਸੀ।

ਮੰਤਰੀ ਨੇ ਕਿਹਾ ਕਿ ਏਸ਼ੀਅਨ ਖੇਡਾਂ ਦੀ ਤਿਆਰੀ ਕਰ ਰਹੇ ਖਿਡਾਰੀਆਂ ਨੂੰ ਹੁਣ ਪੰਜਾਬ ਸਪੋਰਟਸ ਦੀ ਵੈੱਬਸਾਈਟ ਤੋਂ ਪਤਾ ਲੱਗ ਜਾਵੇਗਾ ਕਿ ਉਹ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਤੋਂ ਬਾਅਦ ਖੇਡ ਵਿਭਾਗ ਵਿੱਚ ਕਿਸ ਪੋਸਟ ‘ਤੇ ਨੌਕਰੀ ਪ੍ਰਾਪਤ ਕਰਨਗੇ।

ਤਿਆਰੀ ਲਈ ਦਿੱਤੇ ਜਾਣਗੇ ਲੱਖਾਂ ਰੁਪਏ

ਮੀਤ ਹੇਅਰ ਨੇ ਕਿਹਾ ਕਿ ਜੇਕਰ ਕੋਈ ਖਿਡਾਰੀ ਓਲੰਪਿਕ ਲਈ ਕੁਆਲੀਫਾਈ ਕਰਨ ਜਾ ਰਿਹਾ ਹੈ ਤਾਂ ਸਰਕਾਰ ਉਸ ਨੂੰ ਤਿਆਰੀ ਲਈ 15 ਲੱਖ ਰੁਪਏ ਦੇਵੇਗੀ। ਏਸ਼ਿਆਈ ਖੇਡਾਂ ਦੀ ਤਿਆਰੀ ਲਈ 8 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀ ਨੀਤੀ ਤਹਿਤ ਕਈ ਮੁੱਖ ਖੇਡਾਂ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬੈਡਮਿੰਟਨ ਦਾ ਥਾਮਸ ਕੱਪ ਜਿੱਤ ਕੇ ਵਾਪਸ ਪਰਤਣ ਵਾਲੇ ਖਿਡਾਰੀ ਲਈ ਕੋਈ ਇਨਾਮੀ ਰਾਸ਼ੀ ਨਹੀਂ ਸੀ। ਪਰ ਹੁਣ ਪਹਿਲੀ ਵਾਰ ਸਾਰੀਆਂ ਖੇਡਾਂ ਨੂੰ ਜੋੜਿਆ ਗਿਆ ਹੈ।

ਖੇਡਾਂ ਵਿੱਚ ਨੰਬਰ-1 ਤੋਂ ਨੰਬਰ 10 ‘ਤੇ ਖਿਸਕਿਆ ਸੂਬਾ

ਪੰਜਾਬ ਸਾਲ 2001 ਤੱਕ ਰਾਸ਼ਟਰੀ ਖੇਡਾਂ ਵਿੱਚ ਨੰਬਰ-1 ਸੀ, ਪਰ ਲਗਾਤਾਰ 10ਵੇਂ ਨੰਬਰ ‘ਤੇ ਖਿਸਕ ਗਿਆ ਹੈ। ਪਰ ਹੁਣ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਸਾਲ 2022 ਵਿੱਚ ਖੇਡਾਂ ਵਤਨ ਦੀਆਂ ਦਾ ਆਯੋਜਨ ਕੀਤਾ ਗਿਆ। ਪਿਛਲੇ ਸਾਲ ਇਸ ਵਿੱਚ 3 ਲੱਖ ਤੋਂ ਵੱਧ ਬੱਚਿਆਂ ਨੇ ਭਾਗ ਲਿਆ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ