Asian Games 2023: ਭਾਰਤ ਨੇ ਏਸ਼ੀਅਨ ਗੇਮਜ਼ ਵਿੱਚ ਲਗਾਈ ਗੋਲਡ ਦੀ ਹੈਟ੍ਰਿਕ, ਅੰਕ ਸੂਚੀ ਵਿੱਚ ਹੋਇਆ ਵਾਧਾ
Asian Games 2023: ਚੀਨ ਦੇ ਹਾਂਗਜ਼ੂ ਵਿੱਚ ਹੋ ਰਹੀਆਂ 19ਵੀਆਂ ਏਸ਼ੀਆਈ ਖੇਡਾਂ 2023 ਵਿੱਚ ਭਾਰਤੀ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਹੁਣ ਤੱਕ ਭਾਰਤ 21 ਗੋਲਡ ਮੈਡਲ ਜਿੱਤ ਚੁੱਕਾ ਹੈ। ਭਾਰਤੀ ਟੀਮ ਨੂੰ 100 ਤੋਂ ਵੱਧ ਤਗਮਿਆਂ ਦੇ ਟੀਚੇ ਨਾਲ ਆਪਣੇ ਪਿਛਲੇ ਸਰਵੋਤਮ ਪ੍ਰਦਰਸ਼ਨ ਨੂੰ ਪਾਰ ਕਰਨ ਦੀ ਉਮੀਦ ਹੈ। ਮਹਿਲਾ ਨਿਸ਼ਾਨੇਬਾਜ਼ੀ ਟੀਮ ਨੇ 24 ਸਤੰਬਰ ਨੂੰ ਹਾਂਗਜ਼ੂ ਵਿੱਚ ਭਾਰਤ ਲਈ ਤਗ਼ਮੇ ਦਾ ਖਾਤਾ ਖੋਲ੍ਹਿਆ ਸੀ।
ਭਾਰਤ ਨੇ ਤੀਰਅੰਦਾਜ਼ੀ ਦੇ ਪੁਰਸ਼ਾਂ ਦੇ ਕੰਪਾਊਂਡ ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਓਜਸ ਦਿਓਤਾਲੇ, ਅਭਿਸ਼ੇਕ ਵਰਮਾ ਅਤੇ ਪ੍ਰਥਮੇਸ਼ ਜਾਵਕਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਗੋਲਡ ਨੂੰ ਨਿਸ਼ਾਨਾ ਬਣਾਇਆ। ਭਾਰਤੀ ਟੀਮ ਨੇ ਕੋਰੀਆਈ ਟੀਮ ਨੂੰ 230-235 ਦੇ ਸਕੋਰ ਨਾਲ ਹਰਾਇਆ। ਭਾਰਤ ਦੇ ਹੁਣ ਏਸ਼ਿਆਈ ਖੇਡਾਂ ਵਿੱਚ ਕੁੱਲ 21 ਸੋਨ ਤਗ਼ਮੇ ਹਨ ਅਤੇ ਤਗ਼ਮੇ ਸੂਚੀ ਵਿੱਚ ਚੌਥੇ ਸਥਾਨ ਤੇ ਹੈ।
ਦੂਜੇ ਪਾਸੇ ਐਚਐਸ ਪ੍ਰਣਯ ਨੇ ਮਲੇਸ਼ੀਆ ਦੇ ਲੀ ਜੀ ਜਿਆ ਨੂੰ ਹਰਾ ਕੇ ਬੈਡਮਿੰਟਨ ਵਿੱਚ ਪੁਰਸ਼ ਸਿੰਗਲ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਭਾਰਤ ਲਈ ਤਮਗਾ ਪੱਕਾ ਕਰ ਲਿਆ ਹੈ। ਏਸ਼ਿਆਈ ਖੇਡਾਂ ਵਿੱਚ ਬੈਡਮਿੰਟਨ ਵਿੱਚ ਸੈਮੀਫਾਈਨਲ ਵਿੱਚ ਹਾਰਨ ਵਾਲੇ ਦੋਵੇਂ ਖਿਡਾਰੀਆਂ ਨੂੰ ਕਾਂਸੀ ਦੇ ਤਗ਼ਮੇ ਦਿੱਤੇ ਜਾਂਦੇ ਹਨ।
ਭਾਰਤ ਨੇ 19ਵੀਆਂ ਏਸ਼ਿਆਈ ਖੇਡਾਂ ਵਿੱਚ 84 ਤਗਮੇ ਜਿੱਤੇ ਹਨ। ਜਿਸ ਵਿੱਚ 21 ਗੋਲਡ ਸ਼ਾਮਲ ਹੈ। ਭਾਰਤ ਪਹਿਲਾਂ ਹੀ ਆਪਣੇ ਆਲ ਟਾਈਮ ਬੈਸਟ ਪ੍ਰਦਰਸ਼ਨ ਨੂੰ ਪਿੱਛੇ ਛੱਡ ਚੁੱਕਾ ਹੈ। 2018 ਏਸ਼ੀਆਈ ਖੇਡਾਂ ਵਿੱਚ, ਭਾਰਤ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ 70 ਤਗਮੇ ਜਿੱਤੇ ਸਨ, ਜਿਸ ਵਿੱਚ 16 ਸੋਨ ਤਗਮੇ ਸ਼ਾਮਲ ਸਨ।
ਕਾਂਸੀ ਦੇ ਤਗਮੇ ਲਈ ਮੁਕਾਬਲਾ ਕਰਨਗੇ ਇਹ ਪਹਿਲਵਾਨ
ਪ੍ਰਤਿਭਾਸ਼ਾਲੀ ਅਖਿਲ ਪੰਘਾਲ ਸਮੇਤ ਚਾਰ ਭਾਰਤੀ ਪਹਿਲਵਾਨਾਂ ਨੇ ਏਸ਼ਿਆਈ ਖੇਡਾਂ ਵਿੱਚ ਕੁਸ਼ਤੀ ਵਿੱਚ ਕਾਂਸੀ ਦੇ ਤਗ਼ਮੇ ਦੇ ਦੌਰ ਵਿੱਚ ਥਾਂ ਬਣਾਈ। ਇਨ੍ਹਾਂ ਵਿੱਚੋਂ ਤਿੰਨ ਭਾਰਤੀ ਪਹਿਲਵਾਨ ਰੇਪੇਚੇਜ ਰਾਹੀਂ ਕਾਂਸੀ ਦੇ ਤਗ਼ਮੇ ਦੇ ਦੌਰ ਵਿੱਚ ਪੁੱਜੇ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਅੰਤਿਮ (53 ਕਿਲੋਗ੍ਰਾਮ), ਮਾਨਸੀ ਅਹਿਲਾਵਤ (57 ਕਿਲੋਗ੍ਰਾਮ) ਅਤੇ ਗ੍ਰੀਕੋ-ਰੋਮਨ ਪਹਿਲਵਾਨ ਨਵੀਨ (130 ਕਿਲੋਗ੍ਰਾਮ) ਨੇ ਰੇਪੇਚੇਜ ਰਾਹੀਂ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਥਾਂ ਬਣਾਈ। ਜਿਨ੍ਹਾਂ ਖਿਡਾਰੀਆਂ ਤੋਂ ਇਹ ਹਾਰ ਗਏ ਸਨ, ਜਦੋਂ ਉਹ ਫਾਈਨਲ ਵਿੱਚ ਪਹੁੰਚੇ ਤਾਂ ਉਨ੍ਹਾਂ ਨੂੰ ਕਾਂਸੀ ਦੇ ਤਗਮੇ ਲਈ ਚੁਣੌਤੀ ਪੇਸ਼ ਕਰਨ ਦਾ ਮੌਕਾ ਮਿਲਿਆ।
ਸਕੁਐਸ਼ ਵਿੱਚ ਵੀ ਭਾਰਤ ਨੇ ਜਿੱਤਿਆ ਸੋਨ ਤਮਗਾ
ਦੀਪਿਕਾ ਪੱਲੀਕਲ ਅਤੇ ਹਰਿੰਦਰ ਸਿੰਘ ਨੇ ਸਕੁਐਸ਼ ਦੇ ਫਾਈਨਲ ‘ਚ ਮਲੇਸ਼ੀਆ ਦੀ ਜੋੜੀ ਨੂੰ 2-0 ਨਾਲ ਹਰਾ ਕੇ ਸੋਨ ਤਗਮੇ ‘ਤੇ ਕਬਜ਼ਾ ਕਰ ਲਿਆ। ਏਸ਼ੀਆਈ ਖੇਡਾਂ 2023 ਵਿੱਚ ਭਾਰਤ ਦਾ ਇਹ 20ਵਾਂ ਸੋਨ ਤਮਗਾ ਹੈ।
ਇਹ ਵੀ ਪੜ੍ਹੋ
100 ਤੋਂ ਵੱਧ ਮੈਡਲ ਜਿੱਤਣ ਦਾ ਟੀਚਾ
ਭਾਰਤੀ ਦਲ ਨੇ ਏਸ਼ਿਆਈ ਖੇਡਾਂ 2023 ਦੀ ਹਾਂਗਜ਼ੂ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਨੇ 24 ਸਤੰਬਰ ਨੂੰ ਆਪਣਾ ਪਹਿਲਾ ਮੈਡਲ ਜਿੱਤਿਆ ਸੀ ਅਤੇ ਉਦੋਂ ਤੋਂ ਜਿੱਤ ਦਾ ਸਿਲਸਿਲਾ ਜਾਰੀ ਹੈ। 2018 ਏਸ਼ੀਅਨ ਖੇਡਾਂ ਵਿੱਚ, ਭਾਰਤੀ ਦਲ ਨੇ 570 ਮੈਂਬਰੀ ਮਜ਼ਬੂਤ ਦਲ ਵਿੱਚੋਂ 70 ਤਗਮੇ ਜਿੱਤ ਕੇ ਏਸ਼ੀਅਨ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਸੀ। ਹੁਣ ਇਸ ਐਡੀਸ਼ਨ ਵਿੱਚ ਭਾਰਤੀ ਟੀਮ ਨੇ ਆਪਣੇ ਪਿਛਲੇ ਸਰਵੋਤਮ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਭਾਰਤ ਦੇ ਸਾਹਮਣੇ 100 ਤੋਂ ਵੱਧ ਤਗਮੇ ਜਿੱਤਣ ਦਾ ਟੀਚਾ ਹਾਸਲ ਕਰਨ ਦੀ ਚੁਣੌਤੀ ਹੈ।