IPL 2025: ਬੁਮਰਾਹ-ਸੂਰਿਆ ਦਾ ਕਮਾਲ, MI ਨੇ LSG ਨੂੰ ਵੱਡੇ ਅੰਤਰ ਨਾਲ ਹਰਾਇਆ
IPL 2025: ਮੁੰਬਈ ਇੰਡੀਅਨਜ਼ ਨੇ ਇਸ ਸੀਜ਼ਨ ਵਿੱਚ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਹੈ, ਜਿਸ ਨਾਲ ਹਾਰਦਿਕ ਪੰਡਯਾ ਦੀ ਟੀਮ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਜਦੋਂ ਕਿ ਲਖਨਊ ਨੂੰ ਇਸ ਸੀਜ਼ਨ ਵਿੱਚ ਪੰਜਵੀਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

Mumbai Indians vs Lucknow Super Giants Result:ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਇਹ ਫਰੈਂਚਾਇਜ਼ੀ ਇੰਨੀ ਸਫਲ ਕਿਉਂ ਹੈ। ਆਈਪੀਐਲ 2025 ‘ਚ ਮਾੜੀ ਸ਼ੁਰੂਆਤ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ, ਹਾਰਦਿਕ ਪੰਡਯਾ ਦੀ ਟੀਮ ਨੇ ਲਗਾਤਾਰ 5ਵੀਂ ਜਿੱਤ ਦਰਜ ਕੀਤੀ ਹੈ। ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਮੈਚ ਵਿੱਚ ਮੁੰਬਈ ਨੇ ਹਰ ਮੋਰਚੇ ‘ਤੇ ਵਧੀਆ ਪ੍ਰਦਰਸ਼ਨ ਕੀਤਾ ਤੇ ਲਖਨਊ ਸੁਪਰ ਜਾਇੰਟਸ ਨੂੰ ਇੱਕਤਰਫਾ ਤਰੀਕੇ ਨਾਲ 54 ਦੌੜਾਂ ਨਾਲ ਹਰਾਇਆ।
ਸੂਰਿਆ ਕੁਮਾਰ ਯਾਦਵ ਤੇ ਰਿਆਨ ਰਿਕਲਟਨ ਦੇ ਸ਼ਾਨਦਾਰ ਅਰਧ ਸੈਂਕੜਿਆਂ ਤੋਂ ਬਾਅਦ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਵਿਲ ਜੈਕਸ ਦੀ ਤੇਜ਼ ਗੇਂਦਬਾਜ਼ੀ ਨੇ ਇਸ ਜਿੱਤ ਨੂੰ ਯਕੀਨੀ ਬਣਾਇਆ। ਇਸ ਦੇ ਨਾਲ ਹੀ ਮੁੰਬਈ ਆਈਪੀਐਲ ‘ਚ 150 ਜਿੱਤਾਂ ਦਰਜ ਕਰਨ ਵਾਲੀ ਪਹਿਲੀ ਟੀਮ ਬਣ ਗਈ।
ਰਿਕਲਟਨ ਤੇ ਸੂਰਿਆ ਦੇ ਸ਼ਾਨਦਾਰ ਅਰਧ ਸੈਂਕੜੇ
ਐਤਵਾਰ 27 ਅਪ੍ਰੈਲ ਨੂੰ ਡਬਲ ਹੈਡਰ ਦੇ ਇਸ ਪਹਿਲੇ ਮੈਚ ਵਿੱਚ, ਮੁੰਬਈ ਇੰਡੀਅਨਜ਼ ਦਾ ਦਬਦਬਾ ਪਹਿਲੇ ਓਵਰ ਤੋਂ ਹੀ ਦਿਖਾਈ ਦਿੱਤਾ। ਤਜਰਬੇਕਾਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਲਗਾਤਾਰ 2 ਛੱਕੇ ਮਾਰ ਕੇ ਮਹਿਮਾਨ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ, ਪਰ ਉਹ ਜਲਦੀ ਹੀ ਮਯੰਕ ਯਾਦਵ ਦਾ ਸ਼ਿਕਾਰ ਹੋ ਗਿਆ, ਜੋ ਆਈਪੀਐਲ ਵਿੱਚ ਵਾਪਸੀ ਕਰ ਰਿਹਾ ਸੀ। ਹਾਲਾਂਕਿ, ਦੂਜੇ ਓਵਰ ਵਿੱਚ ਰਿਆਨ ਰਿਕਲਟਨ (58) ਨੇ ਸੀਜ਼ਨ ਦਾ ਆਪਣਾ ਦੂਜਾ ਅਰਧ ਸੈਂਕੜਾ ਲਗਾ ਕੇ ਲਖਨਊ ਨੂੰ ਪਿੱਛੇ ਛੱਡ ਦਿੱਤਾ। ਉਸ ਨੂੰ ਵਿਲ ਜੈਕਸ (29) ਨੇ ਚੰਗਾ ਸਾਥ ਦਿੱਤਾ।
ਫਿਰ ਸੂਰਿਆਕੁਮਾਰ ਯਾਦਵ (54) ਨੇ ਜ਼ਿੰਮੇਵਾਰੀ ਸੰਭਾਲੀ ਤੇ ਲਖਨਊ ਦੇ ਗੇਂਦਬਾਜ਼ਾਂ ‘ਤੇ ਹਮਲਾ ਸ਼ੁਰੂ ਕਰ ਦਿੱਤਾ। ਸੂਰਿਆ ਨੇ ਸਿਰਫ਼ 27 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਆਈਪੀਐਲ ਵਿੱਚ ਸਭ ਤੋਂ ਘੱਟ ਗੇਂਦਾਂ ‘ਚ 4000 ਦੌੜਾਂ ਪੂਰੀਆਂ ਕਰਨ ਵਾਲਾ ਭਾਰਤੀ ਬੱਲੇਬਾਜ਼ ਵੀ ਬਣ ਗਏ। ਨਮਨ ਧੀਰ (ਨਾਬਾਦ 25) ਤੇ ਡੈਬਿਊ ਕਰਨ ਵਾਲੇ ਕੋਰਬਿਨ ਬੋਸ਼ (20) ਨੇ ਕਈ ਚੌਕੇ ਮਾਰੇ ਤੇ ਟੀਮ ਨੂੰ ਸਨਮਾਨਜਨਕ 215 ਦੌੜਾਂ ਤੱਕ ਪਹੁੰਚਾਇਆ। ਮਯੰਕ ਨੇ ਲਖਨਊ ਲਈ 2 ਵਿਕਟਾਂ ਲਈਆਂ।
ਬੁਮਰਾਹ-ਜੈਕਸ ਅਤੇ ਬੋਲਟ ਦਾ ਸ਼ਾਨਦਾਰ ਪ੍ਰਦਰਸ਼ਨ
ਇਸ ਤੋਂ ਬਾਅਦ ਲਖਨਊ ਦੀ ਵਾਰੀ ਸੀ ਤੇ ਤੀਜੇ ਓਵਰ ‘ਚ ਹੀ ਉਸ ਨੂੰ ਝਟਕਾ ਲੱਗਾ, ਜਦੋਂ ਜਸਪ੍ਰੀਤ ਬੁਮਰਾਹ ਨੇ ਫਾਰਮ ‘ਚ ਚੱਲ ਰਹੇ ਸਲਾਮੀ ਬੱਲੇਬਾਜ਼ ਏਡਨ ਮਾਰਕਰਾਮ ਨੂੰ ਆਪਣਾ ਪਹਿਲਾ ਸ਼ਿਕਾਰ ਬਣਾਇਆ ਸੀ। ਉੱਥੋਂ, ਮਿਸ਼ੇਲ ਮਾਰਸ਼ (34) ਤੇ ਨਿਕੋਲਸ ਪੂਰਨ (27) ਨੇ ਲਖਨਊ ਲਈ ਪਾਰੀ ਨੂੰ ਸੰਭਾਲਿਆ ਤੇ ਕੁਝ ਸ਼ਾਨਦਾਰ ਸ਼ਾਟ ਮਾਰ ਕੇ ਲੈਅ ਨੂੰ ਜਾਰੀ ਰੱਖਿਆ। ਪਰ ਸੱਤਵੇਂ ਓਵਰ ਵਿੱਚ ਪਾਵਰਪਲੇਅ ਖਤਮ ਹੋਣ ਤੋਂ ਤੁਰੰਤ ਬਾਅਦ ਸਥਿਤੀ ਪਲਟ ਗਈ ਜਦੋਂ ਵਿਲ ਜੈਕਸ (2/18) ਨੇ ਪੂਰਨ ਤੇ ਕਪਤਾਨ ਰਿਸ਼ਭ ਪੰਤ (4) ਨੂੰ ਤਿੰਨ ਗੇਂਦਾਂ ਦੇ ਅੰਦਰ ਆਊਟ ਕਰ ਦਿੱਤਾ। ਇਸ ਨਾਲ ਲਖਨਊ ਮੁਸੀਬਤ ‘ਚ ਪੈ ਗਿਆ।
ਇਹ ਵੀ ਪੜ੍ਹੋ
ਮਿਸ਼ੇਲ ਮਾਰਸ਼ ਤੇ ਆਯੁਸ਼ ਬਡੋਨੀ (35) ਨੇ ਫਿਰ ਜ਼ਿੰਮੇਵਾਰੀ ਸੰਭਾਲੀ ਤੇ ਝੁਕਣ ਦੀ ਬਜਾਏ ਹਮਲਾ ਕਰਦੇ ਰਹੇ। ਦੋਵਾਂ ਨੇ 10ਵੇਂ ਓਵਰ ‘ਚ ਟੀਮ ਨੂੰ 100 ਦੌੜਾਂ ਦੇ ਅੰਕੜੇ ਤੋਂ ਪਾਰ ਪਹੁੰਚਾਇਆ, ਜਿਸ ਤੋਂ ਲੱਗਦਾ ਸੀ ਕਿ ਮੈਚ ਅੰਤ ਤੱਕ ਚੱਲੇਗਾ ਤੇ ਰੋਮਾਂਚਕ ਹੋਵੇਗਾ। ਪਰ ਟ੍ਰੇਂਟ ਬੋਲਟ (3/20) ਨੇ ਲਗਾਤਾਰ ਦੋ ਓਵਰਾਂ ਵਿੱਚ ਦੋਵਾਂ ਬੱਲੇਬਾਜ਼ਾਂ ਨੂੰ ਆਊਟ ਕਰਕੇ ਹਾਰ ‘ਤੇ ਮੋਹਰ ਲਗਾ ਦਿੱਤੀ। ਫਿਰ 16ਵੇਂ ਓਵਰ ਵਿੱਚ, ਜਸਪ੍ਰੀਤ ਬੁਮਰਾਹ (4/22) ਨੇ ਡੇਵਿਡ ਮਿਲਰ (24) ਤੇ ਅਬਦੁਲ ਸਮਦ ਸਮੇਤ ਤਿੰਨ ਵਿਕਟਾਂ ਲੈ ਕੇ ਮੈਚ ਨੂੰ ਪੂਰੀ ਤਰ੍ਹਾਂ ਇੱਕਪਾਸੜ ਬਣਾ ਦਿੱਤਾ। 20ਵੇਂ ਓਵਰ ਦੀ ਆਖਰੀ ਗੇਂਦ ‘ਤੇ, ਬੋਲਟ ਨੇ ਦਿਗਵੇਸ਼ ਰਾਠੀ ਨੂੰ ਬੋਲਡ ਕੀਤਾ ਅਤੇ ਪੂਰੀ ਟੀਮ ਨੂੰ 161 ਦੌੜਾਂ ‘ਤੇ ਆਊਟ ਕਰ ਦਿੱਤਾ।