Khel Ratna Award: ਮਨੂ ਭਾਕਰ ਦਾ ਨਾਮ ਨਾ ਹੋਣ ‘ਤੇ ਪਰਿਵਾਰ ਨਾਰਾਜ਼, ਖੇਡ ਮੰਤਰਾਲੇ ਨੇ ਦਿੱਤਾ ਇਹ ਜਵਾਬ
ਮਨੂ ਭਾਕਰ ਨੇ ਇਸ ਸਾਲ ਪੈਰਿਸ ਓਲੰਪਿਕ 'ਚ ਪਿਸਟਲ ਸ਼ੂਟਿੰਗ 'ਚ 2 ਕਾਂਸੀ ਦੇ ਤਗਮੇ ਜਿੱਤੇ ਸਨ, ਜਦਕਿ ਉਹ ਇੱਕ ਈਵੈਂਟ 'ਚ ਚੌਥੇ ਸਥਾਨ 'ਤੇ ਰਹੀ ਸੀ। ਇੰਨੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਵਾਰ ਉਸ ਨੂੰ ਖੇਡ ਰਤਨ ਐਵਾਰਡ ਮਿਲੇਗਾ ਪਰ ਫਿਲਹਾਲ ਸਥਿਤੀ ਕੁਝ ਹੋਰ ਹੀ ਨਜ਼ਰ ਆ ਰਹੀ ਹੈ।
ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ 2024 ਵਿੱਚ ਪੈਰਿਸ ਓਲੰਪਿਕ ਵਿੱਚ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਮਨੂ ਨੇ ਪੈਰਿਸ ਓਲੰਪਿਕ ਵਿੱਚ 2 ਕਾਂਸੀ ਦੇ ਤਗਮੇ ਜਿੱਤੇ ਅਤੇ ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਅਥਲੀਟ ਬਣੀ। ਇਸ ਇਤਿਹਾਸਕ ਪ੍ਰਾਪਤੀ ਤੋਂ ਬਾਅਦ, ਮਨੂ ਨੂੰ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਤੇ ਦੇਸ਼ ਭਰ ਵਿੱਚ ਪ੍ਰਸ਼ੰਸਾ ਕੀਤੀ ਗਈ।
ਪਰ ਦੇਸ਼ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਧਿਆਨਚੰਦ ਖੇਲ ਰਤਨ ਪੁਰਸਕਾਰ ਲਈ ਉਨ੍ਹਾਂ ਦਾ ਨਾਂ ਸ਼ਾਮਲ ਨਾ ਕੀਤੇ ਜਾਣ ਦੀ ਖਬਰ ਨੇ ਹਲਚਲ ਮਚਾ ਦਿੱਤੀ ਹੈ। ਇਸ ਦਾਅਵੇ ਤੋਂ ਬਾਅਦ ਹੁਣ ਖੇਡ ਮੰਤਰਾਲਾ ਇਹ ਦਾਅਵਾ ਕਰ ਰਿਹਾ ਹੈ ਕਿ ਅਜੇ ਅੰਤਿਮ ਫੈਸਲਾ ਨਹੀਂ ਹੋਇਆ ਹੈ ਅਤੇ ਮਨੂ ਦਾ ਨਾਂ ਅੰਤਿਮ ਸੂਚੀ ‘ਚ ਹੋਣ ਦੀ ਸੰਭਾਵਨਾ ਹੈ।
ਲਿਸਟ ਅੰਤਿਮ ਨਹੀਂ, ਮਨੂ ਦਾ ਨਾਮ ਸੰਭਵ
ਸੋਮਵਾਰ 23 ਦਸੰਬਰ ਨੂੰ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਮਨੂ ਨੂੰ ਖੇਡ ਰਤਨ ਪੁਰਸਕਾਰ ਲਈ ਚੁਣੇ ਗਏ ਨਾਵਾਂ ਵਿੱਚ ਜਗ੍ਹਾ ਨਹੀਂ ਮਿਲੀ ਹੈ। ਪੈਰਿਸ ਓਲੰਪਿਕ ਵਿੱਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹਰ ਕਿਸੇ ਨੂੰ ਉਮੀਦ ਹੋਵੇਗੀ ਕਿ ਮਨੂ ਨੂੰ ਦੇਸ਼ ਦਾ ਸਭ ਤੋਂ ਵੱਕਾਰੀ ਖੇਡ ਸਨਮਾਨ ਮਿਲੇਗਾ। ਮਨੂ ਭਾਕਰ ਨੇ ਖੁਦ ਵੀ ਇਹੀ ਸੋਚਿਆ ਹੋਵੇਗਾ ਪਰ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖੇਡ ਮੰਤਰਾਲੇ ਨੇ ਇਸ ਲਈ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਤੇ ਪੈਰਾਥਲੀਟ ਪ੍ਰਵੀਨ ਕੁਮਾਰ ਦੀ ਚੋਣ ਕੀਤੀ ਹੈ।
ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਮਨੂ ਦੇ ਪਰਿਵਾਰ ਵਾਲਿਆਂ ਨੇ ਵੀ ਨਾਰਾਜ਼ਗੀ ਜਤਾਈ ਹੈ। ਹਾਲਾਂਕਿ ਹੁਣ ਖੇਡ ਮੰਤਰਾਲੇ ਦੇ ਉੱਚ ਸੂਤਰ ਨੇ ਕਿਹਾ ਹੈ ਕਿ ਇਸ ਪੁਰਸਕਾਰ ਲਈ ਨਾਵਾਂ ਦਾ ਅਜੇ ਫੈਸਲਾ ਨਹੀਂ ਹੋਇਆ ਹੈ। ਇਸ ਸੂਤਰ ਨੇ ਦਾਅਵਾ ਕੀਤਾ ਹੈ ਕਿ ਇੱਕ ਹਫ਼ਤੇ ਵਿੱਚ ਨਾਵਾਂ ਦਾ ਖੁਲਾਸਾ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਖੇਡ ਮੰਤਰੀ ਮਨਸੁਖ ਮਾਂਡਵੀਆ ਇੱਕ-ਦੋ ਦਿਨਾਂ ਵਿੱਚ ਫੈਸਲਾ ਲੈਣਗੇ ਤੇ ਫਿਰ ਮਨੂ ਭਾਕਰ ਦਾ ਨਾਂ ਅੰਤਿਮ ਸੂਚੀ ਵਿੱਚ ਆਉਣ ਦੀ ਪੂਰੀ ਸੰਭਾਵਨਾ ਹੈ।
ਪਰਿਵਾਰ ਨੇ ਨਾਰਾਜ਼ਗੀ ਜਤਾਈ
ਇਸ ਦੌਰਾਨ ਮੰਤਰਾਲੇ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਮਨੂ ਨੇ ਖੇਡ ਰਤਨ ਲਈ ਅਰਜ਼ੀ ਨਹੀਂ ਦਿੱਤੀ ਸੀ ਪਰ ਸਟਾਰ ਨਿਸ਼ਾਨੇਬਾਜ਼ ਦੇ ਪਰਿਵਾਰ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਸੀ। ਮਨੂ ਦੇ ਪਿਤਾ ਰਾਮਕਿਸ਼ਨ ਭਾਕਰ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਸਨਮਾਨ ਲਈ ਹੱਥ ਫੈਲਾਉਣੇ ਪੈਂਦੇ ਹਨ ਤਾਂ ਦੇਸ਼ ਲਈ ਤਮਗਾ ਜਿੱਤਣ ਦਾ ਕੀ ਫਾਇਦਾ। ਉਨ੍ਹਾਂ ਨੇ ਇਹ ਵੀ ਕਿਹਾ, “ਭਾਰਤ ਵਿੱਚ ਓਲੰਪਿਕ ਦਾ ਕੋਈ ਮਹੱਤਵ ਨਹੀਂ ਹੈ ਕਿਉਂਕਿ ਦੋ ਤਗਮੇ ਜਿੱਤਣ ਦੇ ਬਾਵਜੂਦ, ਮਨੂ ਨੂੰ ਖੇਡ ਰਤਨ ਲਈ ਨਜ਼ਰਅੰਦਾਜ਼ ਕੀਤਾ ਗਿਆ ਸੀ।”
ਇਹ ਵੀ ਪੜ੍ਹੋ
ਪੈਰਿਸ ਓਲੰਪਿਕ ‘ਚ ਮਨੂ ਨੇ ਰਚਿਆ ਇਤਿਹਾਸ
ਮਨੂ ਨੇ ਪੈਰਿਸ ਓਲੰਪਿਕ ਵਿੱਚ ਦੋ ਤਗਮੇ ਜਿੱਤੇ ਸਨ। ਉਸ ਨੇ ਪਹਿਲਾਂ ਔਰਤਾਂ ਦੇ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਤੇ ਫਿਰ ਮਿਸ਼ਰਤ ਟੀਮ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ 25 ਮੀਟਰ ਸ਼ੂਟਿੰਗ ‘ਚ ਚੌਥੇ ਸਥਾਨ ‘ਤੇ ਰਹੀ। ਉਹ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣ ਗਈ ਹੈ। ਜਿੱਥੋਂ ਤੱਕ ਪੁਰਸਕਾਰ ਦਾ ਸਬੰਧ ਹੈ, ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਵੀ ਰਾਮਸੁਬਰਾਮਨੀਅਮ ਦੀ ਪ੍ਰਧਾਨਗੀ ਹੇਠ 12 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ। ਨਿਯਮਾਂ ਤਹਿਤ ਖਿਡਾਰੀ ਖੁਦ ਐਵਾਰਡ ਲਈ ਨਾਂ ਦੇ ਸਕਦੇ ਹਨ, ਜਦੋਂਕਿ ਕਮੇਟੀ ਉਨ੍ਹਾਂ ਦੇ ਨਾਵਾਂ ‘ਤੇ ਵੀ ਵਿਚਾਰ ਕਰ ਸਕਦੀ ਹੈ, ਜਿਨ੍ਹਾਂ ਨੇ ਅਪਲਾਈ ਨਹੀਂ ਕੀਤਾ ਹੈ।