GT vs RCB: IPL 2026 ਦੇ ਫਾਈਨਲ ‘ਚ ਕੈਚ ਨਾਲ ਗਰਮਾਇਆ ਮਾਹੌਲ, ਅੰਪਾਇਰ ਤੇ RCB ਕਪਤਾਨ ਹੋਏ ਆਹਮੋ ਸਾਹਮਣੇ

Updated On: 

31 May 2026 21:58 PM IST

GT vs RCB: ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਫਾਈਨਲ ਮੁਕਾਬਲੇ ਵਿੱਚ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡੇ ਜਾ ਰਹੇ ਮੈਚ ਦੌਰਾਨ ਇੱਕ ਵਿਵਾਦਤ ਕੈਚ ਨੇ ਮਾਹੌਲ ਗਰਮਾ ਦਿੱਤਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਫਾਈਨਲ ਮੈਚ ਵਿੱਚ ਮੇਜ਼ਬਾਨ ਗੁਜਰਾਤ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ।

GT vs RCB: IPL 2026 ਦੇ ਫਾਈਨਲ ਚ ਕੈਚ ਨਾਲ ਗਰਮਾਇਆ ਮਾਹੌਲ, ਅੰਪਾਇਰ ਤੇ RCB ਕਪਤਾਨ ਹੋਏ ਆਹਮੋ ਸਾਹਮਣੇ

Image Credit source: PTI

ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਫਾਈਨਲ ਮੁਕਾਬਲੇ ਵਿੱਚ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡੇ ਜਾ ਰਹੇ ਮੈਚ ਦੌਰਾਨ ਇੱਕ ਵਿਵਾਦਤ ਕੈਚ ਨੇ ਮਾਹੌਲ ਗਰਮਾ ਦਿੱਤਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਫਾਈਨਲ ਮੈਚ ਵਿੱਚ ਮੇਜ਼ਬਾਨ ਗੁਜਰਾਤ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ। ਗੁਜਰਾਤ ਦੀ ਸ਼ੁਰੂਆਤ ਕਾਫੀ ਖ਼ਰਾਬ ਰਹੀ ਅਤੇ ਟੀਮ ਨੇ ਜਲਦੀ ਹੀ ਆਪਣੇ 3 ਅਹਿਮ ਵਿਕਟ ਗੁਆ ਦਿੱਤੇ ਸਨ। ਇਸ ਦੌਰਾਨ ਵਾਸ਼ਿੰਗਟਨ ਸੁੰਦਰ ਦਾ ਇੱਕ ਕੈਚ ਉਛਲਿਆ, ਜਿਸ ਨੂੰ RCB ਦੇ ਫੀਲਡਰ ਜੌਰਡਨ ਕਾਕਸ ਨੇ ਫੜ ਲਿਆ, ਪਰ ਥਰਡ ਅੰਪਾਇਰ ਦੇ ਫੈਸਲੇ ਤੋਂ ਬਾਅਦ ਮੈਦਾਨ ‘ਤੇ ਹੰਗਾਮਾ ਹੋ ਗਿਆ।

ਜੌਰਡਨ ਕਾਕਸ ਦੇ ਕੈਚ ‘ਤੇ ਕਿਉਂ ਹੋਇਆ ਵਿਵਾਦ?

ਇਹ ਘਟਨਾ ਗੁਜਰਾਤ ਦੀ ਪਾਰੀ ਦੇ 10ਵੇਂ ਓਵਰ ਵਿੱਚ ਵਾਪਰੀ, ਜਦੋਂ ਤੇਜ਼ ਗੇਂਦਬਾਜ਼ ਜੈਕਬ ਡਫੀ ਗੇਂਦਬਾਜ਼ੀ ਕਰ ਰਹੇ ਸਨ। ਓਵਰ ਦੀ ਆਖਰੀ ਗੇਂਦ ‘ਤੇ ਵਾਸ਼ਿੰਗਟਨ ਸੁੰਦਰ ਨੇ ਹਵਾ ਵਿੱਚ ਇੱਕ ਉੱਚਾ ਸ਼ਾਟ ਖੇਡਿਆ। ਸਬਸਟੀਟਿਊਟ ਫੀਲਡਰ ਜੌਰਡਨ ਕਾਕਸ ਨੇ ਡੀਪ ਫਾਈਨ ਲੈਗ ਤੋਂ ਦੌੜਦੇ ਹੋਏ ਅੱਗੇ ਵੱਲ ਡਾਈਵ ਮਾਰੀ ਅਤੇ ਇਸ ਸ਼ਾਨਦਾਰ ਕੈਚ ਨੂੰ ਲਪਕ ਲਿਆ। ਸੁੰਦਰ ਪੈਵੇਲੀਅਨ ਵੱਲ ਪਰਤਣ ਲੱਗੇ ਸਨ, ਪਰ ਅੰਪਾਇਰ ਨਿਤਿਨ ਮੈਨਨ ਨੇ ਇਸ ਨੂੰ ਥਰਡ ਅੰਪਾਇਰ ਕੋਲ ਰੈਫਰ ਕਰ ਦਿੱਤਾ ਕਿਉਂਕਿ ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ ਕੈਚ ਫੜਦੇ ਸਮੇਂ ਗੇਂਦ ਮੈਦਾਨ ਨੂੰ ਛੂਹ ਗਈ ਸੀ।

ਥਰਡ ਅੰਪਾਇਰ ਨੇ ਕਈ ਕੋਣਾਂ ਤੋਂ ਰੀਪਲੇਅ ਦੇਖਣ ਤੋਂ ਬਾਅਦ ਫੈਸਲਾ ਦਿੱਤਾ ਕਿ ਕੈਚ ਲੈਂਦੇ ਸਮੇਂ ਗੇਂਦ ਹਲਕੀ ਜਿਹੀ ਮੈਦਾਨ ਦੀ ਘਾਹ ਨਾਲ ਟਕਰਾ ਗਈ ਸੀ। ਇਸ ਕਾਰਨ ਥਰਡ ਅੰਪਾਇਰ ਨੇ ਆਪਣਾ ਫੈਸਲਾ ਬਦਲ ਦਿੱਤਾ ਅਤੇ ਵਾਸ਼ਿੰਗਟਨ ਸੁੰਦਰ ਨੂੰ ‘ਨੌਟ ਆਊਟ’ ਕਰਾਰ ਦਿੱਤਾ ਗਿਆ। ਸੁੰਦਰ ਉਸ ਸਮੇਂ 7 ਗੇਂਦਾਂ ਵਿੱਚ ਸਿਰਫ਼ 4 ਦੌੜਾਂ ਬਣਾ ਕੇ ਖੇਡ ਰਹੇ ਸਨ। RCB ਦੇ ਖਿਡਾਰੀਆਂ ਨੂੰ ਇਹ ਫੈਸਲਾ ਬਿਲਕੁਲ ਪਸੰਦ ਨਹੀਂ ਆਇਆ ਅਤੇ ਕਪਤਾਨ ਰਜਤ ਪਾਟੀਦਾਰ ਸਿੱਧੇ ਤੌਰ ‘ਤੇ ਅੰਪਾਇਰ ਮੈਨਨ ਨਾਲ ਬਹਿਸ ਕਰਦੇ ਹੋਏ ਦਿਖਾਈ ਦਿੱਤੇ ਕਿ ਇਹ ਫੈਸਲਾ ਕਿਸ ਆਧਾਰ ‘ਤੇ ਪਲਟਿਆ ਗਿਆ ਹੈ।

ਪਾਟੀਦਾਰ ਦੇ ਪੁਰਾਣੇ ਆਊਟ ਹੋਣ ਦਾ ਹਵਾਲਾ

ਦਰਅਸਲ, ਰਜਤ ਪਾਟੀਦਾਰ ਅਤੇ RCB ਦੀ ਨਾਰਾਜ਼ਗੀ ਦਾ ਇੱਕ ਵੱਡਾ ਕਾਰਨ ਪੁਰਾਣਾ ਇਤਿਹਾਸ ਵੀ ਸੀ। ਇਸੇ ਮੈਦਾਨ ‘ਤੇ 30 ਅਪ੍ਰੈਲ ਨੂੰ ਜਦੋਂ ਬੈਂਗਲੁਰੂ ਅਤੇ ਗੁਜਰਾਤ ਦਾ ਮੁਕਾਬਲਾ ਹੋਇਆ ਸੀ, ਉਦੋਂ ਵੀ ਅਜਿਹੇ ਹੀ ਇੱਕ ਕੈਚ ‘ਤੇ ਵਿਵਾਦ ਹੋਇਆ ਸੀ। ਉਸ ਸਮੇਂ ਪਾਟੀਦਾਰ ਖ਼ੁਦ ਬੱਲੇਬਾਜ਼ੀ ਕਰ ਰਹੇ ਸਨ ਅਤੇ ਉਨ੍ਹਾਂ ਦਾ ਕੈਚ ਵੀ ਡੀਪ ਫਾਈਨ ਲੈਗ ਕੋਲ ਫੜਿਆ ਗਿਆ ਸੀ।

ਉਦੋਂ ਗੁਜਰਾਤ ਦੇ ਜੇਸਨ ਹੋਲਡਰ ਨੇ ਕੈਚ ਲਿਆ ਸੀ ਅਤੇ ਰੀਪਲੇਅ ਵਿੱਚ ਦੇਖਿਆ ਗਿਆ ਸੀ ਕਿ ਗੇਂਦ ਫੜਦੇ ਸਮੇਂ ਉਨ੍ਹਾਂ ਦਾ ਹੱਥ ਮੈਦਾਨ ਨਾਲ ਲੱਗ ਰਿਹਾ ਸੀ। ਹਾਲਾਂਕਿ, ਉਸ ਸਮੇਂ ਥਰਡ ਅੰਪਾਇਰ ਨੇ ਫੈਸਲਾ ਹੋਲਡਰ ਅਤੇ ਗੁਜਰਾਤ ਦੇ ਹੱਕ ਵਿੱਚ ਦਿੱਤਾ ਸੀ। ਉਸ ਸਮੇਂ ਵੀ ਕਾਫੀ ਹੰਗਾਮਾ ਹੋਇਆ ਸੀ ਅਤੇ ਵਿਰਾਟ ਕੋਹਲੀ ਸਮੇਤ RCB ਦੇ ਕਈ ਖਿਡਾਰੀ ਅੰਪਾਇਰਾਂ ਨਾਲ ਉਲਝ ਗਏ ਸਨ। ਇਸੇ ਪੱਖਪਾਤ ਵਰਗੇ ਫੈਸਲਿਆਂ ਕਾਰਨ ਫਾਈਨਲ ਮੈਚ ਵਿੱਚ RCB ਦਾ ਗੁੱਸਾ ਫੁੱਟ ਪਿਆ।

Follow Us