IPL 2025: RCB ਨੇ ਕੁਆਲੀਫਾਇਰ 1 ‘ਚ ਕੀਤਾ ਪ੍ਰਵੇਸ਼, ਲਖਨਊ ਨੂੰ 6 ਵਿਕਟਾਂ ਨਾਲ ਹਰਾਇਆ
ਆਈਪੀਐਲ 2025 ਦਾ ਆਖਰੀ ਲੀਗ ਮੈਚ ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਸੀ। ਇਸ ਮੈਚ ਵਿੱਚ, ਆਰਸੀਬੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਲੀਗ ਪੜਾਅ ਨੂੰ ਟਾਪ-2 ਵਿੱਚ ਸਮਾਪਤ ਕੀਤਾ। ਉਹ ਹੁਣ ਕੁਆਲੀਫਾਇਰ 1 ਖੇਡੇਗੀ।

IPL 2025: ਆਈਪੀਐਲ 2025 ਦਾ 70ਵਾਂ ਮੈਚ ਰਾਇਲ ਚੈਲੇਂਜਰਜ਼ ਬੰਗਲੌਰ ਲਈ ਇਤਿਹਾਸਕ ਸਾਬਤ ਹੋਇਆ। ਲਖਨਊ ਸੁਪਰ ਜਾਇੰਟਸ ਦੇ ਖਿਲਾਫ 228 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦੇ ਹੋਏ, ਆਰਸੀਬੀ ਨੇ ਨਾ ਸਿਰਫ ਇੱਕ ਸਨਸਨੀਖੇਜ਼ ਜਿੱਤ ਹਾਸਲ ਕੀਤੀ ਬਲਕਿ ਲੀਗ ਪੜਾਅ ਨੂੰ ਟਾਪ-2 ਵਿੱਚ ਖਤਮ ਕਰਕੇ ਆਪਣੀ ਪਲੇਆਫ ਸਥਿਤੀ ਨੂੰ ਵੀ ਮਜ਼ਬੂਤ ਕੀਤਾ ਹੈ। ਆਰਸੀਬੀ ਨੇ ਆਪਣੇ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਡੇ ਸਕੋਰ ਦਾ ਪਿੱਛਾ ਕੀਤਾ। ਇਸ ਜਿੱਤ ਨੇ ਆਰਸੀਬੀ ਨੂੰ ਕੁਆਲੀਫਾਇਰ-1 ਵਿੱਚ ਪੰਜਾਬ ਕਿੰਗਜ਼ ਦਾ ਸਾਹਮਣਾ ਕਰਨ ਦਾ ਟਿਕਟ ਦੇ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਫਾਈਨਲ ਵਿੱਚ ਪਹੁੰਚਣ ਦੇ ਦੋ ਮੌਕੇ ਮਿਲਣਗੇ।
228 ਦੌੜਾਂ ਦਾ ਰੋਮਾਂਚਕ ਪਿੱਛਾ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਲਖਨਊ ਸੁਪਰ ਜਾਇੰਟਸ ਨੇ 227 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਰਿਸ਼ਭ ਪੰਤ ਨੇ ਕਪਤਾਨੀ ਦੀ ਪਾਰੀ ਖੇਡੀ। ਉਨ੍ਹਾਂ ਨੇ 61 ਗੇਂਦਾਂ ‘ਤੇ ਅਜੇਤੂ 118 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਮਿਸ਼ੇਲ ਮਾਰਸ਼ ਨੇ 67 ਦੌੜਾਂ ਦਾ ਯੋਗਦਾਨ ਪਾਇਆ। ਜਿਸ ਕਾਰਨ ਲਖਨਊ ਸੁਪਰ ਜਾਇੰਟਸ ਦੀ ਟੀਮ ਨੇ 20 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 227 ਦੌੜਾਂ ਬਣਾਈਆਂ। ਆਰਸੀਬੀ ਲਈ ਨੁਵਾਨ ਤੁਸ਼ਾਰਾ, ਭੁਵਨੇਸ਼ਵਰ ਕੁਮਾਰ ਤੇ ਰੋਮਾਰੀਓ ਸ਼ੈਫਰਡ ਨੇ 1-1 ਵਿਕਟ ਲਈ।
ਇਹ ਸਕੋਰ ਕਿਸੇ ਵੀ ਟੀਮ ਲਈ ਚੁਣੌਤੀਪੂਰਨ ਸੀ, ਪਰ ਆਰਸੀਬੀ ਨੇ ਨਾ ਸਿਰਫ਼ ਇਸ ਟੀਚੇ ਨੂੰ ਸਵੀਕਾਰ ਕੀਤਾ ਬਲਕਿ ਇਸ ਨੂੰ ਬਹੁਤ ਵਧੀਆ ਢੰਗ ਨਾਲ ਪ੍ਰਾਪਤ ਵੀ ਕੀਤਾ। ਇਸ ਦੌੜ ਦਾ ਪਿੱਛਾ ਕਰਨ ਵਿੱਚ, ਆਰਸੀਬੀ ਦੀ ਬੱਲੇਬਾਜ਼ੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਆਪਣੀ ਕਲਾਸ ਦਿਖਾਈ ਤੇ ਆਪਣੀ ਸ਼ਾਨਦਾਰ ਪਾਰੀ ਨਾਲ, ਨਾ ਸਿਰਫ਼ ਟੀਮ ਨੂੰ ਜਿੱਤ ਵੱਲ ਲੈ ਗਏ ਬਲਕਿ ਟੀ-20 ਕ੍ਰਿਕਟ ਵਿੱਚ ਇੱਕ ਟੀਮ (RCB) ਲਈ 9000 ਦੌੜਾਂ ਪੂਰੀਆਂ ਕਰਨ ਦਾ ਵਿਸ਼ਵ ਰਿਕਾਰਡ ਵੀ ਬਣਾਇਆ। ਵਿਰਾਟ ਤੋਂ ਇਲਾਵਾ ਫਿਲ ਸਾਲਟ ਨੇ ਵੀ ਸ਼ਾਨਦਾਰ ਪਾਰੀ ਖੇਡੀ। ਵਿਰਾਟ ਨੇ 30 ਗੇਂਦਾਂ ਵਿੱਚ 54 ਦੌੜਾਂ ਬਣਾਈਆਂ ਤੇ ਸਾਲਟ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਆਰਸੀਬੀ ਦੀ ਪਾਰੀ ਦੌਰਾਨ, ਓਪਨਿੰਗ ਜੋੜੀ ਨੇ ਤੇਜ਼ ਸ਼ੁਰੂਆਤ ਦਿੱਤੀ, ਜਦੋਂ ਕਿ ਮੱਧ ਕ੍ਰਮ ਨੇ ਦਬਾਅ ਨੂੰ ਸੰਭਾਲਿਆ ਅਤੇ ਅੰਤ ਵਿੱਚ ਫਿਨਿਸ਼ਰਾਂ ਨੇ ਹਮਲਾਵਰ ਬੱਲੇਬਾਜ਼ੀ ਨਾਲ ਟੀਚਾ ਪ੍ਰਾਪਤ ਕੀਤਾ। ਕਪਤਾਨ ਜਿਤੇਸ਼ ਸ਼ਰਮਾ ਨੇ ਕਪਤਾਨੀ ਦੀ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਵੱਲ ਲੈ ਗਏ।
ਪੰਜਾਬ ਦੀ ਟੀਮ ਨਾਲ ਸਾਹਮਣਾ
ਇਸ ਜਿੱਤ ਦੇ ਨਾਲ, ਆਰਸੀਬੀ ਨੇ ਲੀਗ ਪੜਾਅ ਨੂੰ ਟਾਪ-2 ਵਿੱਚ ਖਤਮ ਕੀਤਾ, ਜੋ ਕਿ ਉਨ੍ਹਾਂ ਲਈ ਇੱਕ ਵੱਡੀ ਪ੍ਰਾਪਤੀ ਹੈ। ਟਾਪ-2 ਵਿੱਚ ਹੋਣ ਦਾ ਮਤਲਬ ਹੈ ਕਿ ਉਹ ਹੁਣ ਕੁਆਲੀਫਾਇਰ-1 ਵਿੱਚ ਪੰਜਾਬ ਕਿੰਗਜ਼ ਵਿਰੁੱਧ ਖੇਡਣਗੇ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਸਿੱਧੇ ਫਾਈਨਲ ਵਿੱਚ ਪਹੁੰਚ ਜਾਵੇਗੀ, ਜਦੋਂ ਕਿ ਹਾਰਨ ਵਾਲੀ ਟੀਮ ਨੂੰ ਕੁਆਲੀਫਾਇਰ-2 ਵਿੱਚ ਇੱਕ ਹੋਰ ਮੌਕਾ ਮਿਲੇਗਾ। ਇਹ ਦੋਹਰੀ ਸੰਭਾਵਨਾ ਆਰਸੀਬੀ ਲਈ ਇੱਕ ਸੁਨਹਿਰੀ ਮੌਕਾ ਹੈ, ਜੋ ਲੰਬੇ ਸਮੇਂ ਤੋਂ ਆਪਣੀ ਪਹਿਲੀ ਆਈਪੀਐਲ ਟਰਾਫੀ ਦੀ ਉਡੀਕ ਕਰ ਰਿਹਾ ਹੈ।