IND vs SA: ਕੋਹਲੀ ਦੇ ਸੈਂਕੜੇ ਤੋਂ ਬਾਅਦ ਜਡੇਜਾ ਦੀ ਫਿਰਕੀ ਦੇ ਜਾਲ ‘ਚ ਫਸੀ ਦੱਖਣੀ ਅਫਰੀਕਾ, ਭਾਰਤੀ ਟੀਮ ਦੀ 243 ਦੌੜਾਂ ਨਾਲ ਜਿੱਤ

Updated On: 

06 Nov 2023 00:01 AM

ਵਿਰਾਟ ਕੋਹਲੀ ਦੇ ਇਤਿਹਾਸਕ 49ਵੇਂ ਸੈਂਕੜੇ ਤੋਂ ਬਾਅਦ ਐਤਵਾਰ 5 ਨਵੰਬਰ ਨੂੰ ਕੋਲਕਾਤਾ 'ਚ ਹੋਏ ਮੈਚ 'ਚ ਟੀਮ ਇੰਡੀਆ ਨੇ ਰਵਿੰਦਰ ਜਡੇਜਾ ਦੀ ਘਾਤਕ ਸਪਿਨ ਦੇ ਦਮ 'ਤੇ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਅੰਕ ਸੂਚੀ ਵਿੱਚ ਆਪਣਾ ਪਹਿਲਾ ਸਥਾਨ ਹਾਸਲ ਕਰ ਲਿਆ ਹੈ।

IND vs SA: ਕੋਹਲੀ ਦੇ ਸੈਂਕੜੇ ਤੋਂ ਬਾਅਦ ਜਡੇਜਾ ਦੀ ਫਿਰਕੀ ਦੇ ਜਾਲ ਚ ਫਸੀ ਦੱਖਣੀ ਅਫਰੀਕਾ, ਭਾਰਤੀ ਟੀਮ ਦੀ 243 ਦੌੜਾਂ ਨਾਲ ਜਿੱਤ

Pic Credit: tv9hindi.com

Follow Us On

ਆਸਟ੍ਰੇਲੀਆ, ਇੰਗਲੈਂਡ ਅਤੇ ਹੁਣ ਦੱਖਣੀ ਅਫਰੀਕਾ, ਵਿਸ਼ਵ ਕੱਪ 2023 ਵਿਚ ਟੀਮ ਇੰਡੀਆ ਦੇ ਸਾਹਮਣੇ ਹਰ ਕੋਈ ਫੇਲ ਹੋਇਆ ਹੈ। ਰੋਹਿਤ ਸ਼ਰਮਾ (Rohit Sharma ਦੀ ਕਪਤਾਨੀ ‘ਚ ਹਰ ਟੀਮ ਨੂੰ ਹਰਾਉਣ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਟੀਮ ਇੰਡੀਆ ਨੇ ਸੈਮੀਫਾਈਨਲ ਤੋਂ ਪਹਿਲਾਂ ਆਪਣੀ ਆਖਰੀ ਵੱਡੀ ਚੁਣੌਤੀ ਨੂੰ ਬੜੀ ਆਸਾਨੀ ਨਾਲ ਪਾਰ ਕਰ ਲਿਆ। ਵਿਰਾਟ ਕੋਹਲੀ ਦੇ ਇਤਿਹਾਸਕ 49ਵੇਂ ਸੈਂਕੜੇ ਤੋਂ ਬਾਅਦ ਐਤਵਾਰ 5 ਨਵੰਬਰ ਨੂੰ ਕੋਲਕਾਤਾ ‘ਚ ਹੋਏ ਮੈਚ ‘ਚ ਟੀਮ ਇੰਡੀਆ ਨੇ ਰਵਿੰਦਰ ਜਡੇਜਾ ਦੀ ਘਾਤਕ ਸਪਿਨ ਦੇ ਦਮ ‘ਤੇ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਅੰਕ ਸੂਚੀ ਵਿੱਚ ਆਪਣਾ ਪਹਿਲਾ ਸਥਾਨ ਹਾਸਲ ਕਰ ਲਿਆ ਹੈ।

ਟੀਮ ਇੰਡੀਆ ਤੋਂ ਇਲਾਵਾ ਹੁਣ ਤੱਕ ਸਿਰਫ ਦੱਖਣੀ ਅਫਰੀਕਾ ਹੀ ਇਸ ਵਿਸ਼ਵ ਕੱਪ (World CUP) ‘ਚ ਸਭ ਤੋਂ ਸਫਲ ਟੀਮ ਦੇ ਰੂਪ ‘ਚ ਅੱਗੇ ਵਧ ਰਹੀ ਸੀ ਅਤੇ ਚੁਣੌਤੀ ਬਣ ਰਹੀ ਸੀ। ਅਜਿਹੇ ‘ਚ ਸਾਰਿਆਂ ਦੀਆਂ ਨਜ਼ਰਾਂ ਇਸ ਮੈਚ ‘ਤੇ ਟਿਕੀਆਂ ਹੋਈਆਂ ਸਨ। ਨਾਲ ਹੀ, ਇਹ ਵਿਰਾਟ ਕੋਹਲੀ ਦਾ ਜਨਮਦਿਨ ਸੀ, ਇਸ ਲਈ ਇਹ ਉਨ੍ਹਾਂ ਲਈ, ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਟੀਮ ਇੰਡੀਆ ਲਈ ਖਾਸ ਸੀ। ਪਹਿਲਾਂ ਕੋਹਲੀ ਨੇ ਇਤਿਹਾਸਕ ਸੈਂਕੜਾ ਲਗਾ ਕੇ ਇਸ ਨੂੰ ਹੋਰ ਖਾਸ ਬਣਾ ਦਿੱਤਾ ਅਤੇ ਫਿਰ ਰਵਿੰਦਰ ਜਡੇਜਾ ਨੇ ਵਿਸ਼ਵ ਕੱਪ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ ਅਤੇ ਦੱਖਣੀ ਅਫਰੀਕਾ ਨਾਲ ਉਹੀ ਕੀਤਾ ਜੋ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ਾਂ ਨੇ ਪਿਛਲੇ ਮੈਚਾਂ ਵਿੱਚ ਦੂਜੀਆਂ ਟੀਮਾਂ ਨਾਲ ਕੀਤਾ ਸੀ।

ਰੋਹਿਤ ਨੇ ਮੈਦਾਨ ਤਿਆਰ ਕੀਤਾ

ਈਡਨ ਗਾਰਡਨ ‘ਚ ਹਮੇਸ਼ਾ ਕਮਾਲ ਕਰਨ ਵਾਲੇ ਰੋਹਿਤ ਸ਼ਰਮਾ ਨੇ ਇਕ ਵਾਰ ਫਿਰ ਅਜਿਹਾ ਹੀ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਫਿਰ ਮੁਸ਼ਕਲ ਲੱਗ ਰਹੀ ਪਿੱਚ ‘ਤੇ ਟੀਮ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ। ਸਿਰਫ 5 ਓਵਰਾਂ ‘ਚ ਟੀਮ ਨੇ 61 ਦੌੜਾਂ ਬਣਾਈਆਂ, ਜਿਸ ‘ਚੋਂ 40 ਦੌੜਾਂ ਰੋਹਿਤ ਦੀਆਂ ਸਨ। ਕਾਗਿਸੋ ਰਬਾਡਾ ਨੇ ਛੇਵੇਂ ਓਵਰ ਵਿੱਚ ਰੋਹਿਤ (40) ਨੂੰ ਆਊਟ ਕੀਤਾ। ਹਾਲਾਂਕਿ ਇਸ ਤੋਂ ਬਾਅਦ ਵੀ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ (Virat Kohli) ਨੇ ਕੁਝ ਸ਼ਾਨਦਾਰ ਸ਼ਾਟ ਲਗਾਏ। ਗਿੱਲ (23) 11ਵੇਂ ਓਵਰ ਵਿੱਚ ਸਪਿਨਰ ਕੇਸ਼ਵ ਮਹਾਰਾਜ ਦੀ ਇੱਕ ਹੈਰਾਨੀਜਨਕ ਗੇਂਦ ਨਾਲ ਬੋਲਡ ਹੋ ਗਏ।

ਭਾਰਤ ਨੇ ਸਿਰਫ 10 ਓਵਰਾਂ ‘ਚ 90 ਦੌੜਾਂ ਬਣਾ ਲਈਆਂ ਸਨ ਅਤੇ ਇਸ ਸ਼ੁਰੂਆਤ ਦਾ ਅਸਰ ਇਹ ਹੋਇਆ ਕਿ ਜਦੋਂ ਸਪਿਨਰ ਆਏ ਤਾਂ ਦੌੜਾਂ ‘ਤੇ ਪਾਬੰਦੀ ਦੇ ਬਾਵਜੂਦ ਟੀਮ ਇੰਡੀਆ ਦੇ ਸਕੋਰ ‘ਤੇ ਜ਼ਿਆਦਾ ਅਸਰ ਨਹੀਂ ਪਿਆ। ਸ਼੍ਰੇਅਸ ਅਈਅਰ ਨੇ ਕੋਹਲੀ ਨਾਲ ਮਿਲ ਕੇ 134 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ, ਜੋ ਸ਼ੁਰੂਆਤ ‘ਚ ਕਾਫੀ ਧੀਮੀ ਸੀ ਪਰ ਬਾਅਦ ‘ਚ ਅਈਅਰ ਨੇ ਇਸ ਦੀ ਰਫਤਾਰ ਵਧਾ ਦਿੱਤੀ। ਹਾਲਾਂਕਿ ਅਈਅਰ ਫਿਰ ਸੈਂਕੜਾ ਨਹੀਂ ਬਣਾ ਸਕੇ ਅਤੇ 77 ਦੇ ਸਕੋਰ ‘ਤੇ ਆਊਟ ਹੋ ਗਏ। ਕੇਐੱਲ ਰਾਹੁਲ ਵੀ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕੇ, ਜਦਕਿ ਸੂਰਿਆਕੁਮਾਰ ਯਾਦਵ (22) ਨੇ ਤੇਜ਼ੀ ਨਾਲ ਕੁਝ ਦੌੜਾਂ ਜੋੜੀਆਂ ਅਤੇ ਟੀਮ ਨੂੰ 300 ਦੇ ਨੇੜੇ ਪਹੁੰਚਾ ਦਿੱਤਾ।

ਕੋਹਲੀ ਨੇ ਇੰਤਜ਼ਾਰ ਖਤਮ ਕੀਤਾ

ਹਾਲਾਂਕਿ ਹਰ ਕੋਈ ਵਿਰਾਟ ਕੋਹਲੀ (ਅਜੇਤੂ 101) ਦੇ ਸੈਂਕੜੇ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਕੋਹਲੀ ਨੂੰ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ। ਕੋਹਲੀ ਨੇ ਸਪਿਨ ਪਿੱਚ ‘ਤੇ ਕਾਫੀ ਸੰਘਰਸ਼ ਕੀਤਾ ਪਰ ਇਸ ਦੇ ਬਾਵਜੂਦ ਉਹ ਅਡੋਲ ਰਹੇ ਅਤੇ 49ਵੇਂ ਓਵਰ ‘ਚ 119 ਗੇਂਦਾਂ ‘ਚ ਆਪਣਾ 49ਵਾਂ ਸੈਂਕੜਾ ਲਗਾ ਕੇ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲਈ। ਪੂਰਾ ਸਟੇਡੀਅਮ ਕੋਹਲੀ-ਕੋਹਲੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਦੂਜੇ ਪਾਸੇ ਜਡੇਜਾ ਨੇ ਸਿਰਫ਼ 15 ਗੇਂਦਾਂ ਵਿੱਚ ਤੇਜ਼ 29 ਦੌੜਾਂ ਬਣਾਈਆਂ ਅਤੇ ਟੀਮ ਨੂੰ 326 ਦੇ ਸਰਵੋਤਮ ਸਕੋਰ ਤੱਕ ਪਹੁੰਚਾ ਦਿੱਤਾ।

ਜਡੇਜਾ ਦੇ ਸਾਹਮਣੇ ਸਰੇਂਡਰ

ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਆਪਣਾ ਕੰਮ ਕਰ ਦਿੱਤਾ ਸੀ ਅਤੇ ਹੁਣ ਜ਼ਿੰਮੇਵਾਰੀ ਗੇਂਦਬਾਜ਼ਾਂ ‘ਤੇ ਸੀ, ਜਿਨ੍ਹਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਬੱਲੇਬਾਜ਼ਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਸੀ। ਇਹ ਰੁਝਾਨ ਈਡਨ ਵਿੱਚ ਵੀ ਜਾਰੀ ਰਿਹਾ। ਵਿਸ਼ਵ ਕੱਪ ‘ਚ 4 ਸੈਂਕੜੇ ਲਗਾਉਣ ਵਾਲੇ ਕਵਿੰਟਨ ਡੀ ਕਾਕ ਪਹਿਲਾ ਸ਼ਿਕਾਰ ਬਣੇ, ਜਿਨ੍ਹਾਂ ਨੂੰ ਦੂਜੇ ਓਵਰ ‘ਚ ਹੀ ਮੁਹੰਮਦ ਸਿਰਾਜ ਨੇ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਸਿਰਫ ਜਡੇਜਾ (5/33) ਹੀ ਤਬਾਹੀ ਮਚਾਉਂਦੇ ਨਜ਼ਰ ਆਏ। ਇਸਦੀ ਸ਼ੁਰੂਆਤ ਦੱਖਣੀ ਅਫ਼ਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਦੇ 9ਵੇਂ ਓਵਰ ਵਿੱਚ ਬੋਲਡ ਹੋਣ ਨਾਲ ਹੋਈ।

ਫਿਰ ਜਲਦੀ ਹੀ ਜਡੇਜਾ ਨੇ ਹੇਨਰਿਕ ਕਲਾਸੇਨ ਨੂੰ ਐੱਲ.ਬੀ.ਡਬਲਿਊ. ਕਰ ਦਿੱਤਾ, ਜੋ ਇਸ ਅਫਰੀਕੀ ਬੱਲੇਬਾਜ਼ੀ ਲਾਈਨ-ਅੱਪ ‘ਚ ਸਪਿਨ ਦੇ ਸਭ ਤੋਂ ਵਧੀਆ ਬੱਲੇਬਾਜ਼ ਹਨ। ਇਸ ਦੌਰਾਨ ਮੁਹੰਮਦ ਸ਼ਮੀ (2/18) ਨੇ ਫਿਰ ਆਪਣੀ ਗੇਂਦਬਾਜ਼ ਨਾਲ ਹਲਚਲ ਮਚਾ ਦਿੱਤੀ। ਆਪਣੇ ਪਹਿਲੇ ਹੀ ਓਵਰ ਵਿੱਚ ਸ਼ਮੀ ਨੇ ਏਡਨ ਮਾਰਕਰਮ ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ ਅਤੇ ਫਿਰ ਦੋ ਓਵਰਾਂ ਬਾਅਦ ਰਾਸੀ ਵੈਨ ਡੇਰ ਡੁਸਨ ਨੂੰ ਵੀ ਆਊਟ ਕਰ ਦਿੱਤਾ। ਕੁਝ ਸਮੇਂ ਦੇ ਅੰਦਰ ਹੀ ਜਡੇਜਾ ਨੇ ਡੇਵਿਡ ਮਿਲਰ ਨੂੰ ਬੋਲਡ ਕਰ ਦਿੱਤਾ, ਜਿਸ ਨੇ ਦੱਖਣੀ ਅਫਰੀਕਾ ਟੀਮ ਦੀ ਪਾਰੀ ਦਾ ਅੰਤ ਐਲਾਨ ਕਰ ਦਿੱਤਾ। ਜਡੇਜਾ ਨੇ ਕੇਸ਼ਵ ਮਹਾਰਾਜ ਅਤੇ ਕਾਗਿਸੋ ਰਬਾਡਾ ਨੂੰ ਆਊਟ ਕਰਕੇ ਵਿਸ਼ਵ ਕੱਪ ਵਿੱਚ ਪਹਿਲੀ ਵਾਰ 5 ਵਿਕਟਾਂ ਹਾਸਲ ਕੀਤੀਆਂ। ਕੁਲਦੀਪ ਯਾਦਵ (2/7) ਨੇ ਲੂੰਗੀ ਨਗਿਡੀ ਨੂੰ ਬੋਲਡ ਕਰਕੇ ਦੱਖਣੀ ਅਫ਼ਰੀਕਾ ਦੀ ਪਾਰੀ ਨੂੰ 83 ਦੌੜਾਂ ‘ਤੇ ਸਮੇਟ ਦਿੱਤਾ।