ਮੋਗਾ ਦੀ ਧੀ ਹਰਮਨਪ੍ਰੀਤ ਕੌਰ ਨੇ ਰੌਸ਼ਨ ਕੀਤਾ ਪੰਜਾਬ ਜਾ ਨਾਂਅ, ਜਿੱਤ ਕੇ ਰਚਿਆ ਇਤਿਹਾਸ
Harmanpreet kaur: ਮੋਗਾ ਦੀ ਧੀ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸਕ ਵਿਸ਼ਵ ਕੱਪ ਜਿੱਤਿਆ। ਇਸ ਜਿੱਤ ਨੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਮੋਗਾ ਵਿੱਚ ਜਸ਼ਨ ਮਨਾਏ ਗਏ, ਜਿੱਥੇ ਹਰਮਨਪ੍ਰੀਤ ਦੇ ਮਾਪਿਆਂ ਨੇ ਧੀਆਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਇਹ ਸਫਲਤਾ ਨੌਜਵਾਨ ਖਿਡਾਰੀਆਂ ਲਈ ਇੱਕ ਪ੍ਰੇਰਣਾ ਸਰੋਤ ਬਣ ਗਈ ਹੈ।
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਟੀਮ ਇੰਡੀਆ ਨੇ ਆਈਸੀਸੀ ਮਹਿਲਾ ਵਨਡੇ ਵਿਸ਼ਵ ਕੱਪ ਜਿੱਤਿਆ। ਪ੍ਰਸ਼ੰਸਕਾਂ ਨੇ ਟੀਮ ਇੰਡੀਆ ਦੀ ਜਿੱਤ ਨੂੰ ਤਿਉਹਾਰ ਵਾਂਗ ਮਨਾਇਆ। ਇਹ ਜਿੱਤ ਸਿਰਫ਼ ਟੀਮ ਇੰਡੀਆ ਲਈ ਨਹੀਂ, ਸਗੋਂ ਪੂਰੇ ਦੇਸ਼ ਲਈ ਮਾਣ ਹੈ, ਇਸ ਜਿੱਤ ਵਿੱਚ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੁੱਖ ਭੂਮਿਕਾ ਨਿਭਾਈ।
ਹਰਮਨਪ੍ਰੀਤ ਕੌਰ ਦੇ ਮਾਪੇ ਮੁੰਬਈ ਤੋਂ ਮੋਗਾ ਪਹੁੰਚੇ
ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਮਾਪੇ ਮੁੰਬਈ ਤੋਂ ਮੋਗਾ ਸਥਿਤ ਆਪਣੇ ਜੱਦੀ ਘਰ ਪਹੁੰਚੇ। ਉਨ੍ਹਾਂ ਦੇ ਪਹੁੰਚਣ ‘ਤੇ ਤੁਰੰਤ ਲੋਕਾਂ ਦੀ ਭੀੜ ਵਧਾਈ ਦੇਣ ਲਈ ਪਹੁੰਚ ਗਈ। ਘਰ ਦਾ ਮਾਹੌਲ ਜਸ਼ਨ ਨਾਲ ਭਰ ਗਿਆ। ਗੁਆਂਢੀ, ਰਿਸ਼ਤੇਦਾਰ ਅਤੇ ਸ਼ੁਭਚਿੰਤਕ ਹਰਮਨਪ੍ਰੀਤ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਪਹੁੰਚੇ।
ਹਰਮਨਪ੍ਰੀਤ ਕੌਰ ਨੇ ਰੌਸ਼ਨ ਕੀਤਾ ਪੰਜਾਬ ਜਾ ਨਾਂਅ
ਹਰਮਨਪ੍ਰੀਤ ਦੇ ਮਾਪਿਆਂ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਨੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਉਸ ‘ਤੇ ਮਾਣ ਹੈ। ਪੂਰੇ ਦੇਸ਼ ਤੋਂ ਉਸ ਨੂੰ ਮਿਲ ਰਿਹਾ ਪਿਆਰ ਉਨ੍ਹਾਂ ਦੀ ਸਭ ਤੋਂ ਵੱਡੀ ਖੁਸ਼ੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਸਟੇਡੀਅਮ ਤੋਂ ਸੈਮੀਫਾਈਨਲ ਅਤੇ ਫਾਈਨਲ ਮੈਚ ਦੇਖੇ।
ਹਰਮਨ ਦੇ ਪਿਤਾ ਨੇ ਕਿਹਾ ਕਿ ਸਾਡੀਆਂ ਧੀਆਂ ਨੇ ਪੂਰੇ ਦਿਲ ਨਾਲ ਖੇਡਿਆ ਅਤੇ ਦੇਸ਼ ਨੂੰ ਵਿਸ਼ਵ ਕੱਪ ਜਿੱਤਣ ਵਿੱਚ ਮਦਦ ਕੀਤੀ। ਟੀਮ ਦੀ ਹਰ ਕੁੜੀ ਨੇ ਸਖ਼ਤ ਮਿਹਨਤ ਕੀਤੀ। ਜਿਸ ਕਾਰਨ ਅੱਜ ਭਾਰਤ ਨੇ ਇਹ ਇਤਿਹਾਸਕ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਹਨ ਕਿ ਧੀਆਂ ਨੂੰ ਘਰੋਂ ਬਾਹਰ ਨਹੀਂ ਭੇਜਣਾ ਚਾਹੀਦਾ, ਪਰ ਅਸੀਂ ਕਹਿੰਦੇ ਹਾਂ ਕਿ ਧੀਆਂ ਨੂੰ ਅੱਗੇ ਵਧਣ ਦੇਣਾ ਚਾਹੀਦਾ ਹੈ, ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਨਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਜੇਕਰ ਮੌਕਾ ਦਿੱਤਾ ਜਾਵੇ ਤਾਂ ਧੀਆਂ ਅਸਮਾਨ ਤੱਕ ਵੀ ਪਹੁੰਚ ਸਕਦੀਆਂ ਹਨ। ਉਨ੍ਹਾਂ ਮਾਣ ਨਾਲ ਕਿਹਾ ਕਿ ਅੱਜ ਆਪਣੀ ਧੀ ਕਰਕੇ ਅਸੀਂ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਾਂ, ਇਸ ਤੋਂ ਵੱਡੀ ਖੁਸ਼ੀ ਸਾਡੇ ਲਈ ਕੀ ਹੋ ਸਕਦੀ ਹੈ।
ਵੱਜੇ ਢੋਲ ਅਤੇ ਵੰਡੀ ਮਿਠਾਈ
ਮੋਗਾ ਦੀ ਧੀ ਹਰਮਨਪ੍ਰੀਤ ਕੌਰ ਨੇ ਆਪਣੇ ਦ੍ਰਿੜ ਇਰਾਦੇ ਨਾਲ ਟੀਮ ਨੂੰ ਜਿੱਤ ਦਵਾਈ ਹੈ। ਫਾਈਨਲ ਮੈਚ ਵਿੱਚ ਹਰਮਨਪ੍ਰੀਤ ਨੇ ਕਪਤਾਨੀ ਕਰਦੇ ਹੋਏ ਵਿਰੋਧੀ ਟੀਮ ਦੇ ਵਿਸ਼ਵਾਸ਼ ਨੂੰ ਵੀ ਤੋੜ ਕੇ ਰੱਖ ਦਿੱਤਾ। ਮੋਗਾ ਸ਼ਹਿਰ ਵਿੱਚ ਜਿੱਤ ਦੀ ਖ਼ਬਰ ਮਿਲਦੇ ਹੀ ਖ਼ੁਸ਼ੀ ਦਾ ਮਾਹੌਲ ਬਣ ਗਿਆ। ਲੋਕਾਂ ਨੇ ਢੋਲ ਵਜਾ ਕੇ ਅਤੇ ਮਿਠਾਈ ਵੰਡ ਕੇ ਜਸ਼ਨ ਮਨਾਇਆ। ਗਲੀ-ਗਲੀ ਵਿੱਚ ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰ ਕੋਈ ਹਰਮਨਪ੍ਰੀਤ ਦੇ ਨਾਅਰੇ ਲਗਾਉਂਦਾ ਨਜ਼ਰ ਆਇਆ। ਮੋਗਾ ਦੇ ਨੌਜਵਾਨ ਖਿਡਾਰੀਆਂ ਨੇ ਕਿਹਾ ਕਿ ਹਰਮਨਪ੍ਰੀਤ ਦੀ ਇਹ ਸਫ਼ਲਤਾ ਉਨ੍ਹਾਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਹੁਣ ਉਹ ਵੀ ਵਿਸ਼ਵ ਪੱਧਰ ਉੱਤੇ ਖੇਡਣ ਦਾ ਸੁਫ਼ਨਾ ਦੇਖ ਰਹੇ ਹਨ।


