ਹਰਿਆਣਾ: ਖੇਡ ਵਿਭਾਗ ਦੀ ਵੱਡੀ ਕਾਰਵਾਈ, ਮੰਤਰੀ ਸੰਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਮਹਿਲਾ ਕੋਚ ਮੁਅੱਤਲ
Sports News: ਹਰਿਆਣਾ ਖੇਡ ਵਿਭਾਗ ਦੇ ਡਾਇਰੈਕਟਰ ਯਸ਼ੇਂਦਰ ਸਿੰਘ ਨੇ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ। ਪਿਛਲੇ ਸਾਲ 26 ਦਸੰਬਰ ਨੂੰ ਜੂਨੀਅਰ ਮਹਿਲਾ ਅਥਲੈਟਿਕ ਕੋਚ ਨੇ ਮੰਤਰੀ ਸੰਦੀਪ ਸਿੰਘ 'ਤੇ ਉਸ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਸੀ। ਮੰਤਰੀ ਵਿਰੁੱਧ 31 ਦਸੰਬਰ ਨੂੰ ਕੇਸ ਦਰਜ ਕੀਤਾ ਗਿਆ ਸੀ।
ਹਰਿਆਣਾ ਸਰਕਾਰ ‘ਚ ਰਾਜ ਮੰਤਰੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੇ ਜੂਨੀਅਰ ਮਹਿਲਾ ਅਥਲੈਟਿਕ ਕੋਚ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਰਿਆਣਾ ਖੇਡ ਵਿਭਾਗ ਨੇ ਮਹਿਲਾ ਕੋਚ ਖਿਲਾਫ ਕਾਰਵਾਈ ਕੀਤੀ । ਮੰਤਰੀ ਖਿਲਾਫ ਚੰਡੀਗੜ੍ਹ ‘ਚ ਐੱਫਆਈਆਰ ਦਰਜ ਕੀਤੀ ਗਈ ਸੀ। ਹਰਿਆਣਾ ਖੇਡ ਵਿਭਾਗ ਦੇ ਡਾਇਰੈਕਟਰ ਯਸ਼ੇਂਦਰ ਸਿੰਘ ਨੇ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ।
ਦੱਸ ਦੇਈਏ ਕਿ ਪਿਛਲੇ ਸਾਲ 26 ਦਸੰਬਰ ਨੂੰ ਜੂਨੀਅਰ ਮਹਿਲਾ ਅਥਲੈਟਿਕ ਕੋਚ ਨੇ ਮੰਤਰੀ ਸੰਦੀਪ ਸਿੰਘ ‘ਤੇ ਛੇੜਛਾੜ ਦਾ ਦੋਸ਼ ਲਗਾਇਆ ਸੀ। ਮੰਤਰੀ ਵਿਰੁੱਧ 31 ਦਸੰਬਰ ਨੂੰ ਕੇਸ ਦਰਜ ਕੀਤਾ ਗਿਆ ਸੀ। ਐਫਆਈਆਰ ਦਰਜ ਹੋਣ ਤੋਂ ਬਾਅਦ ਸੰਦੀਪ ਸਿੰਘ ਤੋਂ ਖੇਡ ਵਿਭਾਗ ਖੋਹ ਲਿਆ ਗਿਆ ਸੀ।
11 ਅਗਸਤ ਨੂੰ ਹੀ ਜਾਰੀ ਹੋਇਆ ਸੀ ਆਦੇਸ਼
ਖੇਡ ਵਿਭਾਗ ਦੇ 11 ਅਗਸਤ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ, ਜ਼ਿਲ੍ਹਾ ਖੇਡ ਅਧਿਕਾਰੀ ਪੰਚਕੂਲਾ ਦੇ ਦਫ਼ਤਰ ਵਿੱਚ ਤਾਇਨਾਤ ਜੂਨੀਅਰ ਅਥਲੈਟਿਕ ਕੋਚ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਆਪਣੀ ਮੁਅੱਤਲੀ ਤੇ ਮਹਿਲਾ ਕੋਚ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਮੁਅੱਤਲੀ ਦੀ ਕਾਪੀ ਮਿਲੀ। ਮੁਅੱਤਲੀ ਦੇ ਹੁਕਮ 11 ਅਗਸਤ ਨੂੰ ਹੀ ਜਾਰੀ ਕੀਤੇ ਗਏ ਸਨ।


