IPL 2024, GT vs PBKS: ਸ਼ਸ਼ਾਂਕ ਸਿੰਘ ਦੀ ਸ਼ਾਨਦਾਰ ਪਾਰੀ, ਪੰਜਾਬ ਨੇ ਗੁਜਰਾਤ ਨੂੰ ਹਰਾਇਆ
IPL 2024, Gujarat Titans vs Punjab Kings: ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਗੁਜਰਾਤ ਟਾਈਟਨਜ਼ ਨੇ ਹੁਣ ਤੱਕ ਸੀਜ਼ਨ ਦੇ 3 ਵਿੱਚੋਂ 2 ਮੈਚ ਜਿੱਤੇ ਹਨ, ਜਦਕਿ 1 ਹਾਰਿਆ ਹੈ। ਸ਼ਿਖਰ ਧਵਨ ਦੀ ਕਪਤਾਨੀ 'ਚ ਪੰਜਾਬ ਕਿੰਗਜ਼ ਨੇ ਪਹਿਲਾ ਮੈਚ ਜਿੱਤਿਆ ਪਰ ਫਿਰ ਅਗਲੇ ਦੋ ਮੈਚਾਂ 'ਚ ਟੀਮ ਹਾਰ ਗਈ।
ਆਖਰਕਾਰ, ਗੁਜਰਾਤ ਟਾਈਟਨਜ਼ ਦੇ ਮਜ਼ਬੂਤ ਕਿਲੇ ਵਿੱਚ ਦਰਾਰਾਂ ਦਿਖਾਈ ਦਿੱਤੀਆਂ। IPL 2024 ਦੇ ਆਪਣੇ ਚੌਥੇ ਮੈਚ ਵਿੱਚ, ਗੁਜਰਾਤ ਟਾਈਟਨਸ ਨੂੰ ਉਸਦੇ ਘਰੇਲੂ ਮੈਦਾਨ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਦੇ ਹੱਥੋਂ ਇੱਕ ਰੋਮਾਂਚਕ ਮੈਚ ਵਿੱਚ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਪਤਾਨ ਸ਼ੁਭਮਨ ਗਿੱਲ ਦੀ 89 ਦੌੜਾਂ ਦੀ ਸ਼ਾਨਦਾਰ ਪਾਰੀ ਨੂੰ ਸ਼ਸ਼ਾਂਕ ਸਿੰਘ (ਅਜੇਤੂ 61) ਦੀ ਸ਼ਾਨਦਾਰ ਪਾਰੀ ਨੇ ਘੇਰ ਲਿਆ, ਜਿਸ ਨੇ ਪੰਜਾਬ ਨੂੰ ਇਸ ਸੀਜ਼ਨ ਦੀ ਦੂਜੀ ਜਿੱਤ ਦਿਵਾਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 199 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ, ਜੋ ਪੰਜਾਬ ਨੇ ਖਰਾਬ ਸ਼ੁਰੂਆਤ ਦੇ ਬਾਵਜੂਦ ਹਾਸਲ ਕਰ ਲਿਆ। ਇਹ ਇਸ ਸੀਜ਼ਨ ਦਾ ਸਭ ਤੋਂ ਵੱਡਾ ਸਫਲ ਚੇਜ਼ ਵੀ ਹੈ।
ਨਰਿੰਦਰ ਮੋਦੀ ਸਟੇਡੀਅਮ ‘ਚ 199 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਗੁਜਰਾਤ ਨੇ ਪੰਜਾਬ ਦੀਆਂ 4 ਵਿਕਟਾਂ ਸਿਰਫ 70 ਦੌੜਾਂ ‘ਤੇ ਉਡਾ ਦਿੱਤੀਆ। ਇੱਥੋਂ ਹੀ ਸ਼ਸ਼ਾਂਕ ਸਿੰਘ ਦੀ ਐਂਟਰੀ ਹੋਈ, ਜਿਸ ਨੇ ਪਹਿਲਾਂ ਸਿਕੰਦਰ ਰਜ਼ਾ ਅਤੇ ਫਿਰ ਜਿਤੇਸ਼ ਸ਼ਰਮਾ ਨਾਲ ਛੋਟੀ ਪਰ ਮਹੱਤਵਪੂਰਨ ਸਾਂਝੇਦਾਰੀ ਕੀਤੀ। ਫਿਰ ਇੰਪੈਕਟ ਪਲੇਅਰ ਆਸ਼ੂਤੋਸ਼ ਸ਼ਰਮਾ ਦੇ ਨਾਲ ਮਿਲ ਕੇ ਉਨ੍ਹਾਂ ਨੇ ਗੁਜਰਾਤ ਦੇ ਗੇਂਦਬਾਜ਼ਾਂ ‘ਤੇ ਹਮਲਾ ਕੀਤਾ। ਦੋਵਾਂ ਨੇ ਮਿਲ ਕੇ ਸਿਰਫ 22 ਗੇਂਦਾਂ ‘ਤੇ 43 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਪੰਜਾਬ ਨੂੰ ਆਖਰੀ ਓਵਰ ਵਿੱਚ 7 ਦੌੜਾਂ ਦੀ ਲੋੜ ਸੀ, ਜੋ ਉਨ੍ਹਾਂ ਨੇ 1 ਗੇਂਦ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਈ।
ਗਿੱਲ ਦਾ ਪਹਿਲਾ ਅਰਧ ਸੈਂਕੜਾ
ਗੁਜਰਾਤ ਲਈ ਕਪਤਾਨ ਸ਼ੁਭਮਨ ਗਿੱਲ ਨੇ ਪਹਿਲੇ ਹੀ ਓਵਰ ਵਿੱਚ ਛੱਕਾ ਜੜ ਕੇ ਟੀਮ ਲਈ ਸ਼ਾਨਦਾਰ ਸ਼ੁਰੂਆਤ ਕੀਤੀ। ਗਿੱਲ ਨੇ ਇਸ ਸੀਜ਼ਨ ਦਾ ਆਪਣਾ ਪਹਿਲਾ ਅਰਧ ਸੈਂਕੜਾ ਸਿਰਫ਼ 31 ਗੇਂਦਾਂ ‘ਚ ਬਣਾਇਆ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਪੰਜਾਬ ਦੇ ਗੇਂਦਬਾਜ਼ਾਂ ‘ਤੇ ਹਮਲੇ ਜਾਰੀ ਰੱਖੇ ਅਤੇ ਆਖਰਕਾਰ ਸਿਰਫ 49 ਗੇਂਦਾਂ ‘ਤੇ 89 ਦੌੜਾਂ ਬਣਾ ਕੇ ਅਜੇਤੂ ਪਰਤੇ। ਉਨ੍ਹਾਂ ਨੇ ਆਪਣੀ ਪਾਰੀ ‘ਚ 6 ਚੌਕੇ ਅਤੇ 4 ਛੱਕੇ ਲਗਾਏ। ਉਨ੍ਹਾਂ ਤੋਂ ਇਲਾਵਾ ਸਾਈ ਸੁਦਰਸ਼ਨ ਨੇ 19 ਗੇਂਦਾਂ ‘ਚ 33 ਦੌੜਾਂ ਅਤੇ ਰਾਹੁਲ ਤਿਵਾਤੀਆ ਨੇ 8 ਗੇਂਦਾਂ ‘ਚ ਅਜੇਤੂ 23 ਦੌੜਾਂ ਬਣਾਈਆਂ |
ਸ਼ਸ਼ਾਂਕ-ਆਸ਼ੂਤੋਸ਼ ਨੇ ਜਿਤਾਇਆ
ਜਵਾਬ ‘ਚ ਪੰਜਾਬ ਨੇ ਦੂਜੇ ਓਵਰ ‘ਚ ਹੀ ਕਪਤਾਨ ਸ਼ਿਖਰ ਧਵਨ ਦਾ ਵਿਕਟ ਗੁਆ ਦਿੱਤਾ। ਫਿਰ ਪ੍ਰਭਸਿਮਰਨ ਸਿੰਘ ਅਤੇ ਜੌਨੀ ਬੇਅਰਸਟੋ ਨੇ ਤੇਜ਼ੀ ਨਾਲ ਕੁਝ ਦੌੜਾਂ ਬਣਾਈਆਂ ਪਰ ਨੂਰ ਅਹਿਮਦ ਨੇ ਦੋਵਾਂ ਨੂੰ ਆਊਟ ਕਰਕੇ ਮੁਸ਼ਕਲ ਵਿਚ ਪਾ ਦਿੱਤਾ। ਕੁਝ ਸਮੇਂ ਦੇ ਅੰਦਰ ਹੀ ਸਕੋਰ 70 ਦੌੜਾਂ ‘ਤੇ 4 ਵਿਕਟਾਂ ਬਣ ਗਿਆ। ਸਿਕੰਦਰ ਰਜ਼ਾ ਵੀ ਬਹੁਤਾ ਕੁਝ ਨਾ ਕਰ ਸਕੇ ਪਰ ਸ਼ਸ਼ਾਂਕ ਸਿੰਘ ਨੇ ਸ਼ੁਰੂ ਤੋਂ ਹੀ ਚੌਕਿਆਂ ਦੀ ਬਾਰਿਸ਼ ਕੀਤੀ। ਅੰਤ ਵਿੱਚ ਉਨ੍ਹਾਂ ਨੂੰ ਇੰਪੈਕਟ ਪਲੇਅਰ ਆਸ਼ੂਤੋਸ਼ ਸ਼ਰਮਾ ਦਾ ਚੰਗਾ ਸਾਥ ਮਿਲਿਆ, ਜਿਸ ਨੇ ਸਿਰਫ਼ 17 ਗੇਂਦਾਂ ਵਿੱਚ 31 ਦੌੜਾਂ ਬਣਾਈਆਂ। ਉਹ ਆਖਰੀ ਓਵਰ ਦੀ ਪਹਿਲੀ ਗੇਂਦ ‘ਤੇ ਆਊਟ ਹੋ ਗਏ ਪਰ ਸ਼ਸ਼ਾਂਕ ਨੇ ਟੀਮ ਨੂੰ ਜਿੱਤ ਦਿਵਾਉਣ ਤੋਂ ਬਾਅਦ ਹੀ ਵਾਪਸੀ ਕੀਤੀ। ਉਨ੍ਹਾਂ ਨੇ ਸਿਰਫ਼ 29 ਗੇਂਦਾਂ ਵਿੱਚ 61 ਦੌੜਾਂ (6 ਚੌਕੇ, 4 ਛੱਕੇ) ਬਣਾਏ।