Guru Nanak Jayanti 2025: ਗੁਰੂ ਨਾਨਕ ਦੇਵ ਜੀ ਦੇ ਸੱਚੇ ਸਾਥੀ ਭਾਈ ਮਰਦਾਨਾ ਦੀ ਕਹਾਣੀ, ਜਿਨ੍ਹਾਂ ਮੁਸਲਿਮ ਧਰਮ ਦੀਆਂ ਹੱਦਾਂ ਪਾਰ ਧੁਨਾਂ ਨੂੰ ਸਜਾਇਆ
Guru Nanak Jayanti: ਗੁਰੂ ਨਾਨਕ ਦੇਵ ਜੀ ਦੇ ਸੱਚੇ ਸਾਥੀ, ਜੋ ਉਨ੍ਹਾਂ ਦੇ ਪਹਿਲੇ ਚੇਲੇ ਵੀ ਸਨ। ਉਨ੍ਹਾਂ ਦਾ ਜਨਮ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦਾ ਨਾਮ ਭਾਈ ਮਰਦਾਨਾ ਸੀ। ਗੁਰੂ ਨਾਨਕ ਦੇਵ ਜੀ ਜਿੱਥੇ ਵੀ ਯਾਤਰਾ ਕਰਦੇ ਸਨ, ਭਾਈ ਮਰਦਾਨਾ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੇ ਸਨ। ਗੁਰਬਾਣੀ ਦੇ ਸੰਗੀਤ ਉੱਤੇ ਭਾਈ ਮਰਦਾਨਾ ਦਾ ਡੂੰਘਾ ਪ੍ਰਭਾਵ ਨਜ਼ਰ ਆਉਂਦਾ ਹੈ।
Guru Nanak Jayanti 2025: ਦੇਸ਼ਾਂ ਵਿਦੇਸ਼ਾਂ ਵਿੱਚ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਅਤੇ ਉਹ ਸਿੱਖਾਂ ਦੇ ਪਹਿਲੇ ਗੁਰੂ ਸਨ। ਗੁਰੂ ਨਾਨਕ ਜਯੰਤੀ ਨੂੰ ਗੁਰੂ ਪਰਵ ਵੀ ਕਿਹਾ ਜਾਂਦਾ ਹੈ। ਇਸ ਦਿਨ ਗੁਰਦੁਆਰਿਆਂ ਵਿੱਚ ਅਖੰਡ ਪਾਠ ਕਰਵਾਇਆ ਜਾਂਦਾ ਹੈ ਅਤੇ ਲੰਗਰ ਵਰਤਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਨਜ਼ਦੀਕੀ ਦੋਸਤ, ਜੋ ਉਨ੍ਹਾਂ ਦੇ ਪਹਿਲੇ ਚੇਲੇ ਵੀ ਸਨ, ਉਨ੍ਹਾਂ ਬਾਰੇ ਵੀ ਚਰਚਾ ਕਰਨੀ ਚਾਹੀਦੀ ਹੈ। ਉਹ ਇੱਕ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਏ ਸਨ ਅਤੇ ਉਨ੍ਹਾਂ ਦਾ ਨਾਮ ਭਾਈ ਮਰਦਾਨਾ ਸੀ।
ਗੁਰੂ ਨਾਨਕ ਦੇਵ ਜੀ ਵੱਲੋਂ ਚਾਰ ਉਦਾਸੀਆਂ ਕੀਤੀ ਗਈਆਂ। ਇਨ੍ਹਾਂ ਉਦਾਸੀਆਂ ਦੌਰਾਨ ਭਾਈ ਮਰਦਾਨਾ ਹਮੇਸ਼ਾ ਉਨ੍ਹਾਂ ਦੇ ਨਾਲ ਸਨ। ਗੁਰਬਾਣੀ ਦੇ ਸੰਗੀਤ ਵਿੱਚ ਭਾਈ ਮਰਦਾਨਾ ਦਾ ਪ੍ਰਭਾਵ ਡੂੰਘਾ ਨਜ਼ਰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਦਾ ਜਨਮ ਇੱਕੋ ਪਿੰਡ, ਤਲਵੰਡੀ, ਹੁਣ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਵਿੱਚ ਹੋਇਆ ਸੀ। ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਬਚਪਨ ਦੇ ਦੋਸਤ ਸਨ। ਭਾਈ ਮਰਦਾਨਾ ਗੁਰੂ ਸਾਹਿਬ ਤੋਂ ਵੱਡੇ ਸਨ। ਭਾਈ ਮਰਦਾਨਾ ਇੱਕ ਗਰੀਬ ਮੁਸਲਿਮ ਮਰਾਸੀ ਪਰਿਵਾਰ ਨਾਲ ਸਬੰਧਤ ਸਨ।
ਭਾਈ ਮਰਦਾਨਾ ਰਬਾਬ ਬਹੁਤ ਵਧੀਆ ਵਜਾਉਂਦੇ ਸਨ
ਭਾਈ ਮਰਦਾਨਾ ਦਾ ਪਰਿਵਾਰ ਸੰਗੀਤ ਸਾਜਾਂ ਨਾਲ ਜੁੜਿਆ ਹੋਇਆ ਸੀ। ਗੁਰੂ ਨਾਨਕ ਜੀ ਇੱਕ ਅਮੀਰ ਪਰਿਵਾਰ ਤੋਂ ਸਨ, ਪਰ ਬਚਪਨ ਦੀਆਂ ਦੋਸਤੀਆਂ ਨਾ ਤਾਂ ਧਾਰਮਿਕ ਸੀਮਾਵਾਂ ਨੂੰ ਪਛਾਣਦੀਆਂ ਸਨ ਅਤੇ ਨਾ ਹੀ ਉੱਚ-ਨੀਚ ਵਿੱਚ ਫ਼ਰਕ ਕਰਦੀਆਂ ਸਨ। ਪਰਿਵਾਰ ਸੰਗੀਤ ਸਾਜਾਂ ਨਾਲ ਜੁੜੇ ਹੋਣ ਕਰ ਕੇ ਭਾਈ ਮਰਦਾਨਾ ਦੀ ਸੰਗੀਤ ਵਿੱਚ ਚੰਗੀ ਪਕੜ ਸੀ। ਉਹ ਬਹੁਤ ਹੀ ਸ਼ਾਨਦਾਰ ਰਬਾਬ ਵਜਾਉਂਦੇ ਸਨ। ਅਜਿਹਾ ਜੋ ਹਰ ਕਿਸੇ ਨੂੰ ਆਪਣੇ ਸੂਰਾਂ ਨਾਲ ਮਨਮੋਹਕ ਕਰ ਦੇਵੇ।
ਜਾਣੋ ਕਿਵੇਂ ਹੋਈ ਬਾਬਾ ਨਾਨਕ ਤੇ ਮਰਦਾਨਾ ਦੀ ਦੋਸਤੀ?
ਭਾਈ ਮਰਦਾਨਾ ਜੀ ਦੀ ਬਾਬੇ ਨਾਨਕ ਨਾਲ ਦੋਸਤੀ ਇੰਨੀ ਪੱਕੀ ਸੀ ਕਿ ਪਹਾੜੀਆਂ ਦੀ ਜਮਾਉਣ ਵਾਲੀ ਸਰਦੀ, ਰੇਗਿਸਤਾਨਾਂ ਦੀ ਤਪਾਉਣ ਵਾਲੀ ਗਰਮੀ, ਜੰਗਲੀ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ, ਭੁੱਖ ਅਤੇ ਪਿਆਸ ਜਾਂ ਘਰ ਦਾ ਮੋਹ ਵੀ ਉਨ੍ਹਾਂ ਦੀ ਦੋਸਤੀ ਵਿਚ ਰੁਕਾਵਟ ਪੈਦਾ ਨਹੀਂ ਕਰ ਸਕਿਆ। ਲੱਖ ਔਕੜਾਂ ਦੇ ਬਾਵਜੂਦ ਵੀ ਉਹ ਆਖ਼ਰੀ ਦਮ ਤਕ ਗੁਰੂ ਸਾਹਿਬ ਦੇ ਨਾਲ ਇਕ ਪਰਛਾਵੇਂ ਦੀ ਤਰ੍ਹਾਂ ਚਲਦੇ ਰਹੇ।
ਸਮੇਂ ਦੇ ਨਾਲ ਬਾਬਾ ਨਾਨਕ ਅਤੇ ਭਾਈ ਮਰਦਨਾ ਦੀ ਦੋਸਤੀ ਹੋਰ ਵੀ ਡੂੰਘੀ ਹੁੰਦੀ ਗਈ। ਭਾਈ ਮਰਦਾਨਾ ਗੁਰੂ ਨਾਨਕ ਜੀ ਦੇ ਨਾਲ ਉਨ੍ਹਾਂ ਦੀਆਂ ਸਾਰੀਆਂ ਉਦਾਸੀਆਂ ਵਿੱਚ ਪਰਛਾਵੇਂ ਵਾਂਗ ਰਹੇ। ਨਾਨਕ ਜੀ ਅਤੇ ਭਾਈ ਮਰਦਾਨਾ ਦਾ ਰਿਸ਼ਤਾ ਦੋਸਤੀ ਦਾ ਸੀ ਅਤੇ ਇੱਕ ਅਧਿਆਤਮਿਕ ਬੰਧਨ ਨਾਲ ਬੱਝਿਆ ਹੋਇਆ ਸੀ। ਭਾਈ ਮਰਦਾਨਾ ਦੀ ਕਹਾਣੀ ਸਿੱਖ ਧਰਮ ਦੇ ਮੁੱਖ ਸਿਧਾਂਤਾਂ: ਸਮਰਪਣ ਅਤੇ ਗੁਰੂ ਪ੍ਰਤੀ ਸ਼ਰਧਾ ਨੂੰ ਦਰਸਾਉਂਦੀ ਹੈ। ਭਾਈ ਮਰਦਾਨਾ ਨੇ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆ ਭਰ ਵਿੱਚ ਫੈਲਾਉਣ ਵਿੱਚ ਮੁੱਖ ਭੂਮਿਕਾ ਨਿਭਾਈ, ਗੁਰੂ ਦੇ ਸ਼ਬਦਾਂ ਨੂੰ ਉਨ੍ਹਾਂ ਦੀ ਰਬਾਬ ਦੀ ਧੁਨ ਨਾਲ ਤਾਲਬੱਧ ਬਣਾਇਆ।


