Year Ender 2025 : ਘਰ ਅਤੇ ਖੇਤਾਂ ਦੇ ਨਾਲ ਸੁਪਨੇ ਵੀ ਡੁੱਬੇ, ਪੰਜਾਬ ਵਿੱਚ ਇਸ ਸਾਲ ਹੜ੍ਹਾਂ ਨੇ ਕਿਵੇਂ ਮਚਾਈ ਤਬਾਹੀ? ਜਾਣੋ…
Punjab Flood: ਇਸ ਸਾਲ ਹੜ੍ਹ ਨੇ ਪੰਜਾਬ ਦੇ ਹਜ਼ਾਰਾਂ-ਲੱਖਾਂ ਲੋਕਾਂ ਨੂੰ ਬੇਘਰ ਕਰ ਦਿ4ਤਾ। ਭਿਆਨਕ ਹੜ੍ਹਾਂ ਵਿੱਚ ਕਈ ਲੋਕਾਂ ਦੀ ਮੌਤ ਵੀ ਹੋ ਗਈ, ਜਦੋਂ ਕਿ ਤਕਰੀਬਨ 1.75 ਲੱਖ ਹੈਕਟੇਅਰ ਜ਼ਮੀਨ 'ਤੇ ਖੜ੍ਹੀਆਂ ਫਸਲਾਂ ਤਬਾਹ ਹੋ ਗਈਆਂ। ਐਨਡੀਆਰਐਫ, ਬੀਐਸਐਫ, ਫੌਜ, ਪੰਜਾਬ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਚਲਾਏ। ਜੁਨ ਤੋਂ ਅਗਸਤ ਤੱਕ ਵਾਪਰੀ ਇਸ ਕੁਦਰਤੀ ਅਣਹੋਣੀ ਦੇ ਨਿਸ਼ਾਨ ਹਾਲੇ ਵੀ ਪੀੜਤਾਂ ਤੇ ਚੇਹਰਿਆਂ ਤੇ ਸਾਫ ਦੇਖੇ ਜਾ ਸਕਦੇ ਹਨ। ਹੜ੍ਹਾਂ ਦੌਰਾਨ ਲੋਕਾਂ ਨੂੰ ਕੀ-ਕੀ ਬਰਦਾਸ਼ਤ ਕਰਨਾ ਪਿਆ...ਜਾਣਨ ਲਈ ਪੜ੍ਹੋ ਸਾਡੀ ਇਹ ਖਾਸ ਰਿਪੋਰਟ....
ਸਾਲ 2025 ਦਾ ਮਾਨਸੂਨ ਸੀਜਨ ਇੱਕ ਪਾਸੇ ਜਿੱਥੇ ਭੱਖਦੀ ਅਤੇ ਸੜੀ ਹੋਈ ਗਰਮੀ ਤੋਂ ਰਾਹਤ ਲੈ ਕੇ ਆਇਆ ਤਾਂ ਉੱਥੇ ਹੀ ਸੂਬੇ ਦੇ ਲੋਕਾਂ ਦੇ ਸੁਪਨਿਆਂ ਨੂੰ ਵੀ ਡੁਬੋ ਕੇ ਚਲਾ ਗਿਆ। ਇਸ ਸਾਲ ਪੰਜਾਬ ਵਿੱਚ ਹੜ੍ਹਾਂ ਨੇ ਅਜਿਹੀ ਤਬਾਹੀ ਮਚਾਈ ਤਬਾਹੀ ਮਚਾਈ ਕਿ ਲੋਕਾਂ ਦੇ ਆਸ਼ੀਆਨੇ ਤਾਂ ਡੁੱਬੇ ਹੀ ਡੁੱਬੇ….ਉਨ੍ਹਾਂ ਦੀ ਔਲਾਦ ਵਾਂਗ ਪਾਲੀ ਫਸਲ ਹੀ ਪਾਣੀ ਦੀ ਭੇਟ ਚੜ੍ਹ ਗਈ। 1988 ਤੋਂ ਬਾਅਦ ਇਸ ਸਾਲ ਪੰਜਾਬ ਨੇ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕੀਤਾ। ਇਸ ਵਿੱਚ 59 ਜਾਨਾਂ ਚੱਲੀਆਂ ਗਈਆਂ ਅਤੇ ਵੱਡੀ ਗਿਣਤੀ ਵਿੱਚ ਜਾਨਵਰਾਂ ਦਾ ਨੁਕਸਾਨ ਹੋਇਆ। 8 ਤੋਂ 10 ਫੁੱਟ ਚੜ੍ਹੇ ਪਾਣੀ ਨੇ ਜਿੱਥੇ ਸੂਬੇ ਦੇ ਤਕਰੀਬਨ 2300 ਪਿੰਡਾਂ ਦੇ ਲੋਕਾਂ ਦੀ ਜਿੰਦਗੀ ਨੂੰ ਤਬਾਹ ਕਰ ਗਿਆ…ਉੱਥੇ ਹੀ ਉਨ੍ਹਾਂ ਦੇ ਖੇਤਾਂ ਤੇ ਵੀ ਬਰਬਾਦੀ ਦੇ ਨਿਸ਼ਾਨ ਛੱਡ ਗਿਆ।
ਪਹਿਲਾਂ ਹੀ ਕਰਜੇ ਦੇ ਭਾਰ ਥੱਲੇ ਦੱਬਿਆ ਗਰੀਬ ਕਿਸਾਨ ਹੜ੍ਹ ਦੇ ਪਾਣੀ ਦਾ ਸਾਹਮਣੇ ਬੇਬੱਸ ਹੋ ਗਿਆ। ਨਾ ਘਰ ਬੱਚਿਆ ਨਾ ਫਸਲ…ਬੱਸ ਬਚੀ ਸੀ ਤਾਂ ਸਿਰਫ ਤਬਾਹੀ, ਬੇਬਸੀ ਅਤੇ ਨਾਉਮੀਦੀ। ਹਾਲਾਂਕਿ ਸੂਬਾ ਅਤੇ ਕੇਂਦਰ ਸਰਕਾਰਾਂ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਹਾਲੇ ਵੀ ਰਾਹਤ ਮੁਹਿੰਮਾਂ ਚਲਾ ਰਹੀਆਂ ਹਨ। ਪਰ ਲੋਕ ਇੰਨੇ ਮਾਯੂਸ ਹਨ ਕਿ ਮੁੜ ਤੋਂ ਜਿੰਦਗੀ ਨੂੰ ਲੀਹਾਂ ਤੇ ਲਿਆਉਣਾ ਉਨ੍ਹਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਫੌਜ ਬਣੀ ਮਸੀਹਾ, ਮੌਤ ਤੋਂ ਛੁੜਾ ਕੇ ਲੈ ਗਈ
ਹਾਲਾਤ ਇੰਨੇ ਭਿਆਨਕ ਸਨ ਕਿ ਸਰਕਾਰ ਨੂੰ ਫੌਜ ਦੀ ਮਦਦ ਲੈਣੀ ਪਈ। ਫੌਜ ਅਤੇ ਹਵਾਈ ਫੌਜ, ਲਗਭਗ 24 ਟੁਕੜੀਆਂ ਅਤੇ 35 ਹੈਲੀਕਾਪਟਰਾਂ ਨਾਲ, ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਵਿੱਚ ਰੁੱਝੇ ਹੋਏ ਸਨ। ਬੀਐਸਐਫ, ਐਨਡੀਆਰਐਫ, ਐਸਡੀਆਰਐਫ ਅਤੇ ਪੰਜਾਬ ਪੁਲਿਸ ਵੱਖ-ਵੱਖ ਰਾਹਤ ਕਾਰਜ ਚਲਾ ਰਹੇ ਸਨ। ਫੌਜ ਨੇ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨ ਤੇ ਪਹੁੰਚਾਉਣ ਲਈ ਕਈ ਜੋਖਮ ਭਰੇ ਰਾਹਤ ਕਾਰਜ ਚਲਾਏ । ਇਸ ਦੌਰਾਨ, ਫੌਜ ਨੇ ਮਾਧੋਪੁਰ ਵਿੱਚ ਇੱਕ ਟੁੱਟੇ ਹੋਏ ਘਰ ਦੀ ਛੱਤ ਤੇ ਹੈਲੀਕਾਪਟਰ ਉਤਾਰ ਕੇ ਲੋਕਾਂ ਨੂੰ ਬਚਾਇਆ, ਅਤੇ ਇੱਕ ਪਗਡੰਡੀ ਤੇ ਹੈਲੀਕਾਪਟਰ ਉਤਾਰ ਕੇ ਹੜ੍ਹ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਬਚਾਇਆ।
ਜਵਾਨਾਂ ਨੇ ਹੜ੍ਹ ਦੇ ਪਾਣੀ ਨਾਲ ਘਿਰੇ ਇੱਕ ਛੋਟੇ ਜਿਹੇ ਟਾਪੂ ਤੋਂ ਵੀ ਕਈ ਲੋਕਾਂ ਨੂੰ ਬਚਾਇਆ। ਇਸ ਤੋਂ ਇਲਾਵਾ, ਫੌਜ ਦੇ ਬਹਾਦੁਰਾਂ ਨੇ ਗਰਭਵਤੀ ਔਰਤਾਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਜਣੇਪੇ ਵਿੱਚ ਮਦਦ ਕੀਤੀ। ਇਸੇ ਤਰ੍ਹਾਂ, ਇਹ ਸਾਲ ਫੌਜ ਦੇ ਬਹਾਦਰ ਜਵਾਨਾਂ ਦੀਆਂ ਬਹਾਦਰੀਆਂ ਦੀਆਂ ਕਈ ਬੇਮਿਸਾਲ ਕਹਾਣੀਆਂ ਲੈ ਕੇ ਵੀ ਆਇਆ।
ਝੋਨੇ ‘ਤੇ ਪਈ ਹੜ੍ਹ ਦੀ ਮਾਰ
ਇਨ੍ਹਾਂ ਹੜ੍ਹਾਂ ਨਾਲ ਫਸਲ ਤੇ ਅਜਿਹੀ ਮਾਰ ਪਈ ਕਿ ਇਸ ਵਾਰ ਸੂਬੇ ਚ ਨਿਰਧਾਰਤ ਟੀਚੇ ਤੋਂ 24 ਲੱਖ ਮੈਟ੍ਰਿਕ ਟਨ ਘੱਟ ਪੈਦਾਵਾਰ ਹੋਈ। ਸੂਬਾ ਸਰਕਾਰ ਨੇ ਇਸ ਵਾਰ 180 ਲੱਖ ਮੈਟ੍ਰਿਕ ਟਨ ਦੀ ਪੈਦਾਵਾਰ ਦਾ ਟੀਚਾ ਰੱਖਿਆ ਸੀ, ਪਰ ਮੰਡੀਆਂ ਚ 156 ਲੱਖ ਮੈਟ੍ਰਿਕ ਟਨ ਹੀ ਝੋਨੇ ਦੀ ਖਰੀਦ ਹੋ ਪਾਈ ਹੈ। ਇਸ ਕਾਰਨ ਕੇਂਦਰੀ ਪੂਲ ਚ ਵੀ ਝੋਨੇ ਦੀ ਖਰੀਦ ਦਾ ਟੀਚਾ ਅਧੂਰਾ ਰਹਿ ਗਿਆ। ਇਹ ਅੰਕੜੇ ਖੁਰਾਕ ਸਪਲਾਈ ਵਿਭਾਗ ਨੇ ਝੋਨੇ ਦੀ ਖਰੀਦ ਦਾ ਸੀਜ਼ਨ ਪੂਰਾ ਹੋਣ ਤੇ ਜਾਰੀ ਕੀਤੇ ਸਨ। ਖੁਰਾਕ ਸਪਲਾਈ ਵਿਭਾਗ ਦੇ ਅਨੁਸਾਰ 2024 ਚ ਵੀ ਪੈਦਾਵਾਰ ਘੱਟ ਹੋਈ ਸੀ, ਇਸ ਦੇ ਬਾਵਜੂਦ 175 ਲੱਖ ਮੈਟ੍ਰਿਕ ਟਨ ਦੀ ਖਰੀਦ ਹੋਈ ਸੀ।
ਇਹ ਵੀ ਪੜ੍ਹੋ
30 ਨਵੰਬਰ ਨੂੰ ਝੋਨੇ ਦੀ ਖਰੀਦ ਦੇ ਆਖਰੀ ਦਿਨ 156 ਲੱਖ ਮੈਟ੍ਰਿਕ ਟਨ ਹੀ ਫਸਲ ਮੰਡੀਆਂ ਤੱਕ ਪਹੁੰਚੀ, ਜਿਸ ਨਾਲ 11 ਲੱਖ ਤੋਂ ਵੱਧ ਕਿਸਾਨਾਂ ਤੇ ਖਾਤਿਆਂ ਚ 37,228 ਕਰੋੜ ਰੁਪਏ ਪਾਏ ਗਏ ਹਨ। ਇਸ ਵਾਰ ਨਿਜੀ ਏਜੰਸੀਆਂ ਨੇ ਵੀ ਘੱਟ ਖਰੀਦ ਕੀਤੀ। ਉਨ੍ਹਾਂ ਦੀ ਖਰੀਦ ਸਿਰਫ਼ 17,773 ਮੈਟ੍ਰਿਕ ਟਨ ਹੀ ਰਹੀ ਹੈ। ਸਾਲ 2016 ਤੋਂ ਬਾਅਦ ਝੋਨੇ ਦੀ ਇਹ ਸਭ ਤੋਂ ਘੱਟ ਆਮਦ ਹੈ। ਉਸ ਸਮੇਂ ਝੋਨ ਦੀ 140 ਲੱਖ ਮੈਟ੍ਰਿਕ ਟਨ ਹੀ ਖਰੀਦ ਹੋਈ ਸੀ।
ਜ਼ਮੀਨ ਦੀ ਉਪਜਾਊ ਸ਼ਕਤੀ ਤੇ ਡੂੰਘਾ ਅਸਰ
ਹੜ੍ਹਾਂ ਨੇ ਨਾ ਸਿਰਫ਼ ਫਸਲਾਂ ਦਾ ਨੁਕਸਾਨ ਕੀਤਾ ਹੈ, ਸਗੋਂ ਇਸ ਨਾਲ ਮਿੱਟੀ ਦੀ ਗੁਣਵੱਤਾ ਤੇ ਵੀ ਅਸਰ ਪਾਇਆ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਚ ਖੇਤਾਂ ਦੀ ਮਿੱਟੀ ਆਪਣਾ ਕੁਦਰਤੀ ਸਰੂਪ ਗੁਆ ਚੁੱਕੀ ਹੈ ਤੇ ਇਸ ਦਾ ਅਸਰ ਆਉਣ ਵਾਲੀਆਂ ਫਸਲਾਂ ਤੇ ਵੀ ਦਿਖਾਈ ਦੇ ਸਕਦਾ ਹੈ। ਇਹ ਰਿਸਰਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਵੱਲੋਂ ਕੀਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹੜ੍ਹ ਦੌਰਾਨ ਪਾਣੀ ਦੇ ਤੇਜ਼ ਵਹਾਅ ਨਾਲ ਰੁੜ ਕੇ ਆਈ ਰੇਤ ਤੇ ਗਾਰ ਨੇ ਉਪਜਾਉ ਮਿੱਟੀ ਦੀ ਉੱਪਰੀ ਪਰਤ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਸ ਦਾ ਅਸਰ ਆਉਣ ਵਾਲੀਆਂ ਫਸਲਾਂ ਤੇ ਦਿੱਖ ਸਕਦਾ ਹੈ।
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਸਥਿਤੀ ਨੂੰ ਚਿੰਤਾਜਨਕ ਦੱਸਿਆ। ਯੂਨੀਵਰਸਿਟੀ ਦੀ ਰਿਸਰਚ ਟੀਮ ਨੇ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਸਰਵੇ ਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਇਹ ਖੁਲਾਸਾ ਕੀਤਾ। ਰਿਪੋਰਟ ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਚ ਜੈਵਿਕ ਕਾਰਬਨ ਦੀ ਮਾਤਰਾ 0.75 ਫ਼ੀਸਦੀ ਤੋਂ ਵੀ ਘੱਟ ਰਹਿ ਗਈ, ਜਦਕਿ ਉਪਜਾਉ ਮਿੱਟੀ ਤੇ ਇਹ ਪੱਧਰ 1.0 ਤੋਂ 1.2 ਪ੍ਰਤੀਸ਼ਤ ਵਿਚਕਾਰ ਹੋਣਾ ਚਾਹੀਦਾ ਹੈ।
ਰਿਪੋਰਟ ਇਹ ਵੀ ਦੱਸਦੀ ਹੈ ਕਿ ਹੜ੍ਹ ਦੇ ਤੇਜ਼ ਵਹਾਅ ਨਾਲ ਖੇਤਾਂ ਦੀ ਉੱਪਰੀ ਉਪਜਾਊ ਪਰਤ ਰੁੜ ਗਈ ਹੈ। ਇਹ ਪਰਤ ਫਸਲਾਂ ਲਈ ਸਭ ਤੋਂ ਵੱਧ ਉਪਯੋਗੀ ਹੁੰਦੀ ਹੈ, ਕਿਉਂਕਿ ਇਸ ਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਵਰਗੇ ਕਈ ਪੋਸ਼ਕ ਤੱਤ ਤੇ ਲਾਭਕਾਰੀ ਜੀਵਾਣੂ ਹੁੰਦੇ ਹਨ। ਮਿੱਟੀ ਤੇ ਅਸਰ ਹੋਣ ਕਾਰਨ ਹਵਾ ਤੇ ਪਾਣੀ ਦੀ ਸੰਤੁਲਨ ਵੀ ਵਿਗੜ ਗਿਆ ਹੈ। ਇਸ ਨਾਲ ਬੀਜ ਦੇ ਵੱਧਣ, ਜੜਾਂ ਦੇ ਫੈਲਣ ਤੇ ਫਸਲ ਦੀ ਸਿਹਤ ਤੇ ਵੀ ਅਸਰ ਪਵੇਗਾ। ਹੜ੍ਹ ਨਾਲ ਕਈ ਇਲਾਕਿਆਂ ਚ ਗਾਰ (ਸਿਲਟ) ਦੀ ਮੋਟੀ ਪਰਤ ਜੰਮ ਗਈ ਹੈ। ਇਸ ਕਾਰਨ ਮਿੱਟੀ ਤੇ ਸਿੰਚਾਈ ਦੇ ਬਾਵਜੂਦ ਪਾਣੀ ਨਹੀਂ ਟਿੱਕ ਪਾਉਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਿੱਟੀ ਤੇ ਫਸਲ ਪੈਦਾ ਕਰਨਾ ਮੁਸ਼ਕਲ ਹੋਵੇਗਾ। ਕਈ ਇਲਾਕਿਆਂ ਚ ਕਿਸਾਨਾਂ ਨੂੰ ਵਾਰ-ਵਾਰ ਵਹਾਈ ਕਰਨੀ ਪਵੇਗੀ ਤਾਂ ਜੋ ਮਿੱਟੀ ਢਿੱਲੀ ਹੋਵੇ ਤੇ ਉਸ ਚ ਹਵਾ ਤੇ ਪਾਣੀ ਦੀ ਸੰਤੁਲਨ ਸਹੀ ਤਰੀਕੇ ਨਾਲ ਬਣਿਆ ਰਹੇ।
ਪੰਜਾਬ ਵਿੱਚ ਕਿਉਂ ਆਉਂਦੇ ਹਨ ਹੜ੍ਹ?
ਪੰਜਾਬ ਵਿੱਚ ਹੜ੍ਹਾਂ ਦਾ ਕਾਰਨ ਹਿਮਾਲੀਅਨ ਰਾਜਾਂ ਤੋਂ ਵਗਦੀਆਂ ਨਦੀਆਂ ਅਤੇ ਪੰਜਾਬ ਵਿੱਚ ਭਾਰੀ ਬਾਰਿਸ਼ ਨੂੰ ਮੰਨਿਆ ਜਾਂਦਾ ਹੈ। ਹਾਲਾਂਕਿ, ਪੰਜਾਬ ਵਿੱਚ ਇਸ ਆਫ਼ਤ ਦੇ ਕਈ ਹੋਰ ਕਾਰਨ ਹਨ ਜੋ ਕੁਦਰਤੀ ਨਹੀਂ ਹਨ। ਹਿਮਾਚਲ ਅਤੇ ਜੰਮੂ ਵਿੱਚ ਤਬਾਹੀ ਬਿਨਾਂ ਸ਼ੱਕ ਅਚਾਨਕ ਹੜ੍ਹਾਂ ਕਾਰਨ ਆਈ, ਇਨ੍ਹਾਂ ਰਾਜਾਂ ਦੀਆਂ ਨਦੀਆਂ ਓਵਰਫਲੋਅ ਹੋਣ ਤੋਂ ਤਿੰਨ ਤੋਂ ਚਾਰ ਦਿਨਾਂ ਬਾਅਦ ਪੰਜਾਬ ਪਹੁੰਚੀਆਂ, ਫਿਰ ਪੰਜਾਬ ਬੇਵੱਸ ਹੋ ਕੇ ਆਪਣੀ ਤਬਾਹ ਦੇਖਦਾ ਰਿਹਾ।
1990 ਤੋਂ 2010 ਤੱਕ ਦੋ ਦਹਾਕਿਆਂ ਦੌਰਾਨ ਰਾਜ ਵਿੱਚ ਆਏ ਹੜ੍ਹਾਂ ਦਾ ਅਧਿਐਨ ਕਰਨ ਤੋਂ ਬਾਅਦ, ਇਹ ਸਿੱਟਾ ਕੱਢਿਆ ਗਿਆ ਕਿ ਪੰਜਾਬ ਵਿੱਚ ਹੜ੍ਹ ਮੁੱਖ ਤੌਰ ‘ਤੇ ਜੁਲਾਈ ਅਤੇ ਸਤੰਬਰ ਦੇ ਵਿਚਕਾਰ ਮੋਹਲੇਧਾਰ ਬਾਰਿਸ਼ਾਂ ਕਾਰਨ ਹੁੰਦੇ ਹਨ। ਮੁੱਖ ਕਾਰਨਾਂ ਵਿੱਚ ਭਾਖੜਾ ਡੈਮ ਤੋਂ ਪਾਣੀ ਛੱਡਣਾ, ਦਰਿਆਵਾਂ ਅਤੇ ਨਹਿਰਾਂ ਦਾ ਮਾੜਾ ਪ੍ਰਬੰਧਨ ਅਤੇ ਬੰਨ੍ਹਾਂ ਦਾ ਕਮਜ਼ੋਰ ਹੋਣਾ ਵੀ ਸ਼ਾਮਲ ਹੈ।
ਪੰਜਾਬ ਵਿੱਚ ਹੜ੍ਹਾਂ ਦਾ ਅਸਥਾਈ ਵਿਸ਼ਲੇਸ਼ਣ (1990-2010) ਸਿਰਲੇਖ ਵਾਲਾ ਇਹ ਅਧਿਐਨ ਇੰਟਰਨੈਸ਼ਨਲ ਜਰਨਲ ਆਫ਼ ਰਿਸਰਚ ਐਂਡ ਐਨਾਲਿਟੀਕਲ ਰਿਵਿਊਜ਼ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਹੜ੍ਹ ਭਾਰੀ ਬਾਰਿਸ਼ਾਂ ਕਾਰਨ ਆਉਂਦੇ ਹਨ। ਇਹ ਸੰਕਟ ਨਾ ਸਿਰਫ਼ ਕੁਦਰਤੀ ਕਾਰਨਾਂ ਕਰਕੇ ਹੈ, ਸਗੋਂ ਇਨਸਾਨੀ ਗਲਤੀਆਂ ਵੀ ਇਸ ਵਿੱਚ ਸ਼ਾਮਲ ਹਨ।


