ਫਿਰੋਜ਼ਪੁਰ ‘ਚ ਵੱਡਾ ਹਾਦਸਾ: ਮੇਲੇ ‘ਚ ਝੂਲੇ ਦੀ ਰੱਸੀ ਟੁੱਟਣ ਕਾਰਨ ਦੋ ਬੱਚੇ ਡਿੱਗੇ, ਇੱਕ ਦੀ ਮੌਤ, ਮਾਲਿਕ ਫਰਾਰ, ਮੇਲਾ ਕਰਵਾਇਆ ਬੰਦ
ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਦੁਲਚੀਕੇ 'ਚ ਵਾਪਰਿਆ ਵੱਡਾ ਹਾਦਸਾ। ਇੱਥੇ ਲੱਗੇ ਮੇਲੇ ਵਿੱਚ ਝੂਲੇ ਦੀ ਰੱਸੀ ਟੁੱਟਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਝੂਲੇ ਦੀ ਤੇਜ਼ ਰਫਤਾਰ ਕਾਰਨ ਵਾਪਰਿਆ। ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਹੀ ਮੇਲਾ ਲਗਾਇਆ ਗਿਆ।
ਪੰਜਾਬ ਨਿਊਜ। ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ (India-Pakistan) ਨਾਲ ਲੱਗਦੇ ਸਰਹੱਦੀ ਪਿੰਡ ਦੁਲਚੀਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਝੂਲੇ ਤੋਂ ਡਿੱਗਣ ਕਾਰਨ ਬੱਚੇ ਦੀ ਮੌਤ ਹੋ ਗਈ। ਦੋ ਬੱਚਿਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਸਦਰ ਥਾਣੇ ਦੇ ਐਸਐਚਓ ਅਭਿਨਵ ਚੌਹਾਨ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਨਦੀਪ (15) ਵਾਸੀ ਕਾਲੂਵਾਲਾ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਝੂਲੇ ਦਾ ਮਾਲਕ ਫਰਾਰ ਹੋ ਗਿਆ।
ਮੇਲਾ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੋਹਾਲੀ (Mohali) ਵਿੱਚ ਇੱਕ ਮੇਲੇ ਦੌਰਾਨ ਝੂਲਾ ਟੁੱਟ ਗਿਆ ਸੀ ਜਿਸ ਵਿੱਚ ਵੀ ਕੁੱਝ ਬੱਚਿਆਂ ਦੀ ਮੌਤ ਹੋ ਗਈ ਸੀ। ਸਵਾਲ ਇਹ ਹੈ ਕਿ ਆਖਿਰ ਬਿਨਾ ਪਰਖੇ ਝੂਲਿਆਂ ਨੂੰ ਮੇਲਿਆਂ ਵਿੱਚ ਲਾਉਣ ਦੀ ਆਗਿਆ ਕਿਉਂ ਦਿੱਤੀ ਜਾਂਦੀ ਹੈ।
ਬਿਨ੍ਹਾਂ ਟੈਸਟ ਕੀਤੇ ਝੂਲੇ ਇਸਤੇਮਾਲ ਕਰਨ ਦੀ ਦਿੱਤੀ ਇਜ਼ਾਜਤ
ਮੁੱਢਲੀ ਜਾਣਕਾਰੀ ਅਨੁਸਾਰ ਇੱਥੇ ਲਗਾਏ ਗਏ ਝੂਲੇ ਕਬਾੜ ਕਿਸਮ ਦੇ ਸਨ। ਇੱਥੇ ਦੋ ਝੂਲੇ ਆਪਸ ਵਿੱਚ ਟਕਰਾ ਜਾਣ ਕਾਰਨ ਤਿੰਨ ਬੱਚੇ ਝੂਲੇ ਦੀ ਟੁੱਟੀ ਰੱਸੀ ਵਿੱਚ ਫਸ ਕੇ ਹੇਠਾਂ ਡਿੱਗ ਪਏ। ਚਰਚਾ ਹੈ ਕਿ ਇਨ੍ਹਾਂ ਝੂਲਿਆਂ ਨੂੰ ਬਿਨਾਂ ਟੈਸਟ ਕੀਤੇ ਹੀ ਮੇਲੇ ਵਿੱਚ ਵਰਤਣ ਲਈ ਮਨਜ਼ੂਰੀ ਦਿੱਤੀ ਗਈ ਸੀ। ਇਹ ਮੇਲਾ ਹਰ ਸਾਲ ਪਿੰਡ ਦੁਲਚੀਕੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਜਾਂਦਾ ਹੈ।
ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਮੇਲੇ ਲਈ ਇਜਾਜ਼ਤ ਨਹੀਂ ਲਈ ਗਈ ਸੀ। ਹਾਲੇ ਤੱਕ ਪੁਲਿਸ ਅਤੇ ਪ੍ਰਸ਼ਾਸਨ (Police and administration) ਵੱਲੋਂ ਮੇਲੇ ਦੀ ਪ੍ਰਵਾਨਗੀ ਅਤੇ ਝੂਲਿਆਂ ਦੇ ਨਿਰੀਖਣ ਸਬੰਧੀ ਰਸਮੀ ਤੌਰ ਤੇ ਕੁਝ ਨਹੀਂ ਕਿਹਾ ਗਿਆ।