ਟਾਈਗਰ ਸ਼ਰਾਫ਼ ਫ਼ਾਇਰਿੰਗ ਮਾਮਲੇ ‘ਚ ਨਿਕਲਿਆ ਪੰਜਾਬ ਕੁਨੈਕਸ਼ਨ, ਅੰਮ੍ਰਿਤਸਰ ਤੋਂ ਸਪਲਾਈ ਹੋਇਆ ਸੀ ਅਸਲਾ; 4 ਗ੍ਰਿਫ਼ਤਾਰ
ਮੁੰਬਈ ਵਿਖੇ ਮਸ਼ਹੂਰ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ਦੀ ਕਾਰ 'ਤੇ ਹੋਈ ਗੋਲੀਬਾਰੀ ਦੇ ਸਨਸਨੀਖੇਜ਼ ਮਾਮਲੇ ਵਿੱਚ ਹਥਿਆਰਾਂ ਦੀ ਸਪਲਾਈ ਦੇ ਤਾਰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਨਾਲ ਜੁੜ ਗਏ ਹਨ। ਜਾਂਚ ਏਜੰਸੀਆਂ ਦੀ ਪੜਤਾਲ ਮੁਤਾਬਕ, ਅੰਮ੍ਰਿਤਸਰ ਤੋਂ ਇੱਕ ਪਿਸਤੌਲ ਅਤੇ 20 ਜ਼ਿੰਦਾ ਕਾਰਤੂਸ ਲੈ ਕੇ ਦੋ ਮੁਟਿਆਰਾਂ ਰੇਲਗੱਡੀ ਰਾਹੀਂ ਮੁੰਬਈ ਪਹੁੰਚੀਆਂ ਸਨ।
ਮੁੰਬਈ ਵਿਖੇ ਮਸ਼ਹੂਰ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ਦੀ ਕਾਰ ‘ਤੇ ਹੋਈ ਗੋਲੀਬਾਰੀ ਦੇ ਸਨਸਨੀਖੇਜ਼ ਮਾਮਲੇ ਵਿੱਚ ਹਥਿਆਰਾਂ ਦੀ ਸਪਲਾਈ ਦੇ ਤਾਰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਨਾਲ ਜੁੜ ਗਏ ਹਨ। ਜਾਂਚ ਏਜੰਸੀਆਂ ਦੀ ਪੜਤਾਲ ਮੁਤਾਬਕ, ਅੰਮ੍ਰਿਤਸਰ ਤੋਂ ਇੱਕ ਪਿਸਤੌਲ ਅਤੇ 20 ਜ਼ਿੰਦਾ ਕਾਰਤੂਸ ਲੈ ਕੇ ਦੋ ਮੁਟਿਆਰਾਂ ਰੇਲਗੱਡੀ ਰਾਹੀਂ ਮੁੰਬਈ ਪਹੁੰਚੀਆਂ ਸਨ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਥਿਆਰਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ ਹਰਿਆਣਾ ਦੇ ਸੋਨੀਪਤ ਨਾਲ ਸਬੰਧਤ ਕੁਨਾਲ (21) ਅਤੇ ਸੁਮਿਤ (19) ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਅਨਿਲ ਪੰਡਿਤ ਦੇ ਇਸ਼ਾਰੇ ‘ਤੇ ਇੱਕ ਪਿਸਤੌਲ ਅਤੇ 20 ਕਾਰਤੂਸਾਂ ਦਾ ਪ੍ਰਬੰਧ ਕੀਤਾ ਸੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੋਨੀਪਤ ਵਾਸੀ ਕੁਨਾਲ ਨੇ ਅਨਿਲ ਪੰਡਿਤ ਦੇ ਹੁਕਮਾਂ ‘ਤੇ ਅੰਮ੍ਰਿਤਸਰ ਤੋਂ ਇਹ ਪਿਸਤੌਲ ਅਤੇ 20 ਕਾਰਤੂਸ ਹਾਸਲ ਕੀਤੇ ਸਨ। ਇਸ ਉਪਰੰਤ ਹਥਿਆਰਾਂ ਦੀ ਖੇਪ ਮੁੰਬਈ ਪਹੁੰਚਾਉਣ ਦੀ ਅਹਿਮ ਜ਼ਿੰਮੇਵਾਰੀ ਉੱਤਰ ਪ੍ਰਦੇਸ਼ ਦੀਆਂ ਰਹਿਣ ਵਾਲੀਆਂ ਰਾਧਾ (23) ਅਤੇ ਬਬੀਤਾ (23) ਨਾਮਕ ਦੋ ਔਰਤਾਂ ਨੂੰ ਸੌਂਪੀ ਗਈ, ਜਿਨ੍ਹਾਂ ਨੇ ਬੜੀ ਚਲਾਕੀ ਨਾਲ ਇਹ ਅਸਲਾ ਮੁੰਬਈ ਤੱਕ ਪਹੁੰਚਾਇਆ। ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹਥਿਆਰਾਂ ਦੀ ਸਪਲਾਈ ਦਾ ਇਹ ਸਮੁੱਚਾ ਨੈੱਟਵਰਕ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਿੱਧੇ ਤੌਰ ‘ਤੇ ਜੁੜਿਆ ਹੋਇਆ ਸੀ।
ਟਾਈਗਰ ਤੋਂ ਪਹਿਲਾਂ ਅਮਿਤਾਭ ਬੱਚਨ, ਸਲਮਾਨ ਸਨ ਅਸਲੀ ਟਾਰਗੇਟ
ਟਾਈਗਰ ਸ਼ਰਾਫ਼ ਦੀ ਕਾਰ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਦਰਅਸਲ ਮੁੰਬਈ ਵਿੱਚ ਕਿਸੇ ਬਹੁਤ ਵੱਡੇ ਸੁਪਰਸਟਾਰ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਦਾਖ਼ਲ ਹੋਏ ਸਨ। ਮੁੰਬਈ ਕ੍ਰਾਈਮ ਬ੍ਰਾਂਚ ਅਤੇ ਕੋਟਾ (ਰਾਜਸਥਾਨ) ਪੁਲਿਸ ਦੀ ਸਾਂਝੀ ਪੁੱਛਗਿੱਛ ਦੌਰਾਨ ਵੱਡਾ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਦੇ ਨਿਸ਼ਾਨੇ ‘ਤੇ ਅਮਿਤਾਭ ਬੱਚਨ, ਆਮਿਰ ਖ਼ਾਨ, ਸਲਮਾਨ ਖ਼ਾਨ ਅਤੇ ਅਕਸ਼ੈ ਕੁਮਾਰ ਸਮੇਤ ਕਈ ਵੱਡੇ ਦਿੱਗਜ ਅਦਾਕਾਰ ਸਨ।
ਕੋਟਾ ਪੁਲਿਸ ਮੁਤਾਬਕ, ਕਰੀਬ ਇੱਕ ਮਹੀਨਾ ਪਹਿਲਾਂ ਇਨ੍ਹਾਂ ਮੁਲਜ਼ਮਾਂ ਨੂੰ ਮੁੰਬਈ ਭੇਜਿਆ ਗਿਆ ਸੀ। ਲਾਰੈਂਸ ਗੈਂਗ ਦੇ ਸਰਗਣੇ ਅਨਿਲ ਪੰਡਿਤ ਨੇ ਉਨ੍ਹਾਂ ਨੂੰ ਬਾਲੀਵੁੱਡ ਦੇ ਕਿਸੇ ਵੱਡੇ ਸਟਾਰ ਨੂੰ ਨਿਸ਼ਾਨਾ ਬਣਾਉਣ ਦੀ ਹਦਾਇਤ ਕੀਤੀ ਸੀ। ਇਸ ਮਗਰੋਂ ਮੁਲਜ਼ਮਾਂ ਨੇ ਉਕਤ ਚੋਟੀ ਦੇ ਅਦਾਕਾਰਾਂ ਦੇ ਘਰਾਂ ਦੀ ਬਕਾਇਦਾ ਰੇਕੀ ਕੀਤੀ ਅਤੇ ਵੀਡੀਓ ਬਣਾ ਕੇ ਅਨਿਲ ਪੰਡਿਤ ਨੂੰ ਭੇਜੇ। ਹਾਲਾਂਕਿ, ਉੱਥੇ ਪੁਲਿਸ ਅਤੇ ਨਿੱਜੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਦੇਖ ਕੇ ਉਨ੍ਹਾਂ ਨੂੰ ਆਪਣੀ ਮੁੱਢਲੀ ਯੋਜਨਾ ਬਦਲਣੀ ਪਈ।
ਇਹ ਵੀ ਪੜ੍ਹੋ
ਸੱਤ ਦਿਨਾਂ ਤੱਕ ਕੀਤੀ ਰੇਕੀ
ਵੱਡੇ ਸਿਤਾਰਿਆਂ ‘ਤੇ ਹਮਲਾ ਸੰਭਵ ਨਾ ਹੁੰਦਾ ਦੇਖ ਮੁਲਜ਼ਮਾਂ ਨੇ ਟਾਈਗਰ ਸ਼ਰਾਫ਼ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟਾਈਗਰ ਸ਼ਰਾਫ਼ ਹਰ ਐਤਵਾਰ ਸ਼ਾਮ ਨੂੰ ਫੁੱਟਬਾਲ ਖੇਡਣ ਆਉਂਦੇ ਹਨ। ਮੁਲਜ਼ਮਾਂ ਨੇ ਗੂਗਲ ਰਾਹੀਂ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਅਤੇ ਲਗਾਤਾਰ ਸੱਤ ਦਿਨਾਂ ਤੱਕ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਦਿਆਂ ਰੇਕੀ ਕੀਤੀ।
ਉਨ੍ਹਾਂ ਨੇ ਸੈਲਫ਼ੀ ਲੈਣ ਦੇ ਬਹਾਨੇ ਟਾਈਗਰ ਦੀ ਕਾਰ ਦੇ ਨਜ਼ਦੀਕ ਪਹੁੰਚ ਕੇ ਸਿੱਧੀ ਗੋਲੀਬਾਰੀ ਕਰਨ ਦਾ ਮਨਸੂਬਾ ਬਣਾਇਆ ਸੀ। ਇਸ ਮਕਸਦ ਲਈ ਸ਼ੂਟਰ ਐਤਵਾਰ ਨੂੰ ਮੌਕੇ ‘ਤੇ ਪਹੁੰਚੇ ਵੀ ਸਨ, ਪਰ ਪਾਰਕ ਦੇ ਬਾਹਰ ਆਮ ਲੋਕਾਂ ਦੀ ਭਾਰੀ ਭੀੜ ਮੌਜੂਦ ਹੋਣ ਕਾਰਨ ਹਫ਼ੜਾ-ਦਫ਼ੜੀ ਵਿਚਕਾਰ ਉਨ੍ਹਾਂ ਨੇ ਬਾਹਰੋਂ ਹੀ ਅੰਨ੍ਹੇਵਾਹ ਫ਼ਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਫ਼ਿਲਹਾਲ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਸ ਸਾਜ਼ਿਸ਼ ਨਾਲ ਜੁੜੇ ਹੋਰ ਕੜੀਆਂ ਦਾ ਪਰਦਾਫ਼ਾਸ਼ ਕੀਤਾ ਜਾ ਸਕੇ।
