ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦਾ ਇਸੇ ਮਹੀਨੇ ਹੋਵੇਗਾ ਹੱਲ- ਕੁਲਦੀਪ ਸਿੰਘ ਧਾਲੀਵਾਲ
ਸਰਕਾਰ ਦੇ ਭਰੋਸੇ ਅਤੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਦੀ ਸਰਕਾਰੀ ਨੁਮਾਇੰਦਾ ਨਾਲ ਹੋਈ ਗੱਲਬਾਤ ਦੇ ਅਧਾਰ ਤੇ ਸਰਕਾਰ ਨੂੰ 28 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ, ਜੇਕਰ ਫਿਰ ਵੀ ਮਸਲਾ ਨਾਂ ਹੱਲ ਹੋਇਆ ਤਾਂ ਪੂਰੇ ਜਿਲ੍ਹੇ ਵਿਚ ਜਾਂਮ ਹੋਵੇਗਾ ਨੈਸਨਲ ਹਾਈਵੇ 54 ਸੁਖਰਾਜ ਸਿੰਘ ਨਿਆਮੀਂ ਵਾਲਾ
ਕਰੀਬ ਸਾਢੇ ਸੱਤ ਸਾਲ ਤੋਂ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਨਾਲ ਜੁੜੇ ਗੋਲੀਕਾਂਡ ਮਾਮਲਿਆ ਦਾ ਇਨਸਾਫ ਲੈਣ ਲਈ ਸਿੱਖ ਸੰਗਤਾਂ ਲਗਾਤਾਰ ਸੰਘਰਸ਼ ਕਰਦੀਆ ਆ ਰਹੀਆਂ ਹਨ, ਉਹ ਬਰਗਾੜੀ ਮੋਰਚਾ ਹੋਵੇ, ਜਾਂ ਫਿਰ ਬਹਿਬਲਕਲਾ ਇਨਸਾਫ ਮੋਰਚਾ ਸੰਗਤਾਂ ਦਾ ਸੰਘਰਸ਼ ਲਗਾਤਾਰ ਚੱਲ ਰਿਹਾ। ਪਰ ਇਨਸਾਫ ਹਾਲੇ ਤੱਕ ਮਿਲਦਾ ਨਜ਼ਰ ਨਹੀਂ ਆ ਰਿਹਾ। ਬੀਤੇ ਕਰੀਬ 415 ਦਿਨਾਂ ਤੋਂ ਵੀ ਵੱਧ ਦੇ ਸਮੇਂ ਤੋਂ ਬਹਿਬਲਕਲਾਂ ਗੋਲੀਕਾਂਡ ਵਿਚ ਮਾਰੇ ਗਏ 2 ਸਿੱਖ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੇਅਦਬੀ ਇਨਸਾਫ ਮੋਰਚਾ ਲਗਾਇਆ ਹੋਇਆ ਹੈ। ਜਿਸ ਨਾਲ ਸਰਕਾਰ ਦੇ ਨੁਮਾਇੰਦਿਆਂ ਦੀ ਕਈ ਵਾਰ ਗੱਲਬਾਤ ਹੋਈ, ਕਈ ਵਾਰ ਸਰਕਾਰ ਨੇ ਸੰਗਤਾਂ ਤੋਂ ਸਮਾਂ ਲਿਆ ਅਤੇ ਵਾਰ ਵਾਰ ਸਮਾਂ ਦੇ ਕੇ ਅੱਕ ਚੁੱਕੀਆਂ ਸੰਗਤਾਂ ਨੇ ਆਖਰ ਨੈਸ਼ਨਲ ਹਾਈਵੇ 54 (ਬਠਿੰਡਾ ਸ੍ਰੀ ਅੰਮ੍ਰਿਤਸਰ ਸਾਹਿਬ ਕੌਮੀਂ ਮਾਰਗ) ਨੂੰ ਦੋਹਾਂ ਸਾਈਡਾਂ ਤੋਂ ਮੁਕੰਮਲ ਬੰਦ ਕਰ ਸ਼ਾਂਤ ਮਈ ਰੋਸ ਜਾਰੀ ਕਰ ਦਿੱਤਾ ਸੀ।
ਸੀਐੱਮ ਮਾਨ ਨੇ ਟਵੀਟ ਕਰ ਸੰਗਤਾਂ ਨੂੰ ਹਾਈਵੇ ਖੋਲ੍ਹਣ ਦੀ ਕੀਤੀ ਅਪੀਲ
ਲਗਭਗ 6 ਦਿਨ ਨੈਸ਼ਨਲ ਹਾਈਵੇ ਜਾਂਮ ਰਹਿਣ ਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਤੇ ਆਪਣਾ ਪ੍ਰਤੀਕਰਮ ਦਿੰਦਿਆ ਸ਼ੋਸਲ ਮੀਡੀਆ ਰਾਹੀਂ ਆਪਣਾ ਸੁਨੇਹਾਂ ਬਹਿਬਲਕਲਾਂ ਵਿਖੇ ਸੰਘਰਸ ਕਰ ਰਹੀਆਂ ਸੰਗਤਾਂ ਤੱਕ ਪਹੁੰਚਾਇਆ ਤਾਂ ਸੰਗਤਾਂ ਨੇ ਮੁਖ ਮੰਤਰੀ ਦੇ ਇਸ ਕਦਮ ਦੀ ਸਲਾਂਘਾ ਕੀਤੀ । ਉਸ ਤੋਂ ਬਆਦ ਬੰਦ ਹੋ ਚੁੱਕੀ ਗੱਲਬਾਤ ਦਾ ਰਾਹ ਖੁਲ੍ਹਿਆ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸੰਗਤਾਂ ਨਾਲ ਗੱਲਬਾਤ ਕਰਨ ਲਈ ਮੋਰਚੇ ਵਿਚ ਪਹੁੰਚੇ ਅਤੇ ਕਰੀਬ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਸੰਗਤਾਂ ਅਤੇ ਆਸ ਪਾਸ ਦੇ ਪਿੰਡਾਂ ਦੀਆ ਪੰਚਾਇਤਾਂ ਦੇ ਨੁਮਾਇੰਦਿਆ ਨਾਲ ਗੱਲਬਾਤ ਕੀਤੀ।
ਕੁਲਦੀਪ ਸਿੰਘ ਧਾਲੀਵਾਲ ਨੇ ਸੰਗਤਾਂ ਨਾਲ ਕੀਤੀ ਮੁਲਾਕਾਤ
ਆਖਰ ਵਿਚ ਨੈਸ਼ਨਲ ਹਾਈਵੇ ਨੂੰ ਇਕ ਸਾਇਡ ਤੋਂ ਖੋਲ੍ਹਣ ਤੇ ਸਹਿਮਤੀ ਬਣ ਗਈ। ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਨਾਲ ਜੁੜੇ ਬਾਕੀ ਮਾਮਲਿਆਂ ਦੇ ਹੱਲ ਲਈ ਪੂਰੀ ਤਰਾਂ ਸੁਹਿਰਦ ਹੈ। ਇਸੇ ਲਈ ਅੱਜ ਮੁੱਖ ਮੰਤਰੀ ਸਾਹਿਬ ਨੇ ਖੁਦ ਟਵੀਟ ਕਰ ਸੰਗਤਾਂ ਨੂੰ ਨੈਸ਼ਨਲ ਹਾਈਵੇ ਖੋਲ੍ਹਣ ਦੀ ਅਪੀਲ ਕੀਤੀ ਸੀ। ਇਸੇ ਲਈ ਗੱਲਬਾਤ ਕਰਨ ਉਹ ਆਏ ਅਤੇ ਸੰਗਤਾਂ ਨੂੰ ਦੱਸਿਆ ਕਿ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਾਕੀ ਮਾਮਲਿਆ ਦਾ ਇਸੇ ਮਹੀਨੇ ਦੇ ਅਖੀਰ ਤੱਕ ਹੱਲ ਹੋ ਜਾਵੇਗਾ ।
ਬੇਅਦਬੀ ਨਾਲ ਜੁੜੇ ਮਾਮਲੇ ਜਲਦ ਹੋਣਗੇ ਹੱਲ
ਉਹਨਾਂ ਕਿਹਾ ਕਿ ਸੰਗਤਾ ਨੇ ਸਾਡੀ ਅਪੀਲ ਮੰਨ ਲਈ ਹੈ ਅਤੇ ਨੈਸਨਲ ਹਾਈਵੇ ਜੋ ਦੋਹਾਂ ਸਾਈਡਾਂ ਤੋਂ ਜਾਂਮ ਸੀ ਉਸ ਨੂੰ ਇਕ ਸਾਈਡ ਤੋਂ ਸੰਗਤਾਂ ਖੋਲ੍ਹ ਰਹੀਆਂ ਹਨ। ਉਹਨਾਂ ਕਿਹਾ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਟਵੀਟ ਤੋਂ ਹੀ ਅੰਦਾਜਾ ਲਗਾ ਲਵੋ ਕਿ ਪੰਜਾਬ ਸਰਕਾਰ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਸਾਰੇ ਮਾਮਲਿਆਂ ਦਾ ਜਲਦ ਹੱਲ ਕਰੇਗੀ।ਇਸ ਮੌਕੇ ਗੱਲਬਾਤ ਕਰਦਿਆਂ ਬਹਿਬਲਕਲਾਂ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਂ ਵਾਲਾ ਨੇ ਕਿਹਾ ਕਿ ਇਹ ਮੋਰਚੇ ਦੀਆ ਸੰਗਤਾਂ ਦੀ ਜਿੱਤ ਹੈ ਕਿ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਖੁਦ ਧਿਆਨ ਦਿੱਤਾ ਅਤੇ ਮਾਮਲੇ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਰਕਾਰ ਦੀ ਤਰਫੋਂ ਗੱਲਬਾਤ ਕਰਨ ਆਏ ਸਨ। ਮੰਤਰੀ ਨਾਲ ਆਸ ਪਾਸ ਦੇ ਪਿੰਡਾਂ ਦੇ ਸਰਪੰਚ ਵੀ ਆਏ ਸਨ ਅਤੇ ਸੰਗਤਾਂ ਵਿਚ ਬੈਠ ਕੇ ਸਰਪੰਚਾਂ ਅਤੇ ਸੰਗਤਾਂ ਨਾਲ ਮੰਤਰੀ ਸਾਹਿਬ ਦੀ ਗੱਲ ਹੋਈ ਹੈ।
28 ਫਰਵਰੀ ਤੱਕ ਬੇਅਦਬੀ ਨਾਲ ਜੁੜੇ ਮੁੱਦੇ ਹੋਣਗੇ ਹੱਲ
ਉਨ੍ਹਾਂ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ 28 ਫਰਵਰੀ ਤੱਕ ਬੇਅਦਬੀ ਨਾਲ ਜੁੜੇ ਸਾਰੇ ਮਾਮਲਿਆਂ ਦਾ ਹੱਲ ਕਰ ਲਿਆ ਜਾਵੇਗਾ।ਉਹਨਾਂ ਕਿਹਾ ਕਿ ਸੰਗਤਾਂ ਨਾਲ ਹੋਏ ਗੁਰਮਤੇ ਅਨੁਸਾਰ ਸਰਕਾਰ ਨੂੰ 28 ਫਰਵਰੀ ਤੱਕ ਦਾ ਟਾਇਮ ਦਿੰਦਿਆਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ 28 ਫਰਵਰੀ ਤੱਕ ਕੋਈ ਹੱਲ ਨਾ ਹੋਇਆ ਤਾਂ 1 ਮਾਰਚ ਤੋਂ ਫਰੀਦਕੋਟ ਜਿਲ੍ਹੇ ਵਿਚੋਂ ਜਿੱਥੋਂ ਹਾਈਵੇ ਜਾਮ ਕਰਣਗੇ। ਹੁਣ ਦੇਖਣਾ ਹੋਵੇਗਾ ਕਿ ਕੀ ਸਰਕਾਰ ਇਸ ਕੀਤਾ ਹੋਇਆ ਵਾਅਦਾ ਪੂਰਾ ਕਰਦੀ ਹੈ ਜਾਂ ਫਿਰ ਪਹਿਲਾ ਕੀਤੇ ਵਾਅਦਿਆਂ ਵਾਂਗ ਇਹ ਵੀ ਲਾਰਾ ਹੀ ਸਾਬਤ ਹੁੰਦਾ ਹੈ।