ਮੰਡੀ ਗੋਬਿੰਦਗੜ੍ਹ-ਖੰਨਾ ‘ਚ 2400 ਮੀਟ੍ਰਿਕ ਟਨ ਮਾਲ ਜ਼ਬਤ, ਚੀਮਾ ਬੋਲੇ- ਟੈਕਸ ਚੋਰੀ ਬਰਦਾਸ਼ਤ ਨਹੀਂ

Updated On: 

06 Jun 2026 13:59 PM IST

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਟੈਕਸ ਚੋਰੀ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਹੈ ਤੇ ਪਿਛਲੀਆਂ ਸਰਕਾਰਾਂ ਦੌਰਾਨ ਵਧੀਆਂ-ਫੁੱਲੀਆਂ ਪ੍ਰਥਾਵਾਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।

ਮੰਡੀ ਗੋਬਿੰਦਗੜ੍ਹ-ਖੰਨਾ ਚ 2400 ਮੀਟ੍ਰਿਕ ਟਨ ਮਾਲ ਜ਼ਬਤ, ਚੀਮਾ ਬੋਲੇ- ਟੈਕਸ ਚੋਰੀ ਬਰਦਾਸ਼ਤ ਨਹੀਂ

ਪੰਜਾਬ ਸਰਕਾਰ ਨੇ ਟੈਕਸ ਚੋਰੀ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ, ਜਿਸ ‘ਚ ਜੀਐਸਟੀ ਵਿਭਾਗ ਨੇ ਮੰਡੀ ਗੋਬਿੰਦਗੜ੍ਹ ਤੇ ਖੰਨਾ ‘ਚ ਵੱਡੇ ਛਾਪੇ ਮਾਰੇ ਹਨ। ਇੱਕ ਹਫ਼ਤੇ ਚੱਲੀ ਕਾਰਵਾਈ ਦੌਰਾਨ, ਅਧਿਕਾਰੀਆਂ ਨੇ 200 ਗੱਡੀਆਂ ਦੀ ਚੈਕਿੰਗ ‘ਚੋਂ ਲਗਭਗ 7 ਕਰੋੜ ਰੁਪਏ ਦੀ ਕੀਮਤ ਮਾਲ ਜ਼ਬਤ ਕੀਤਾ। ਕੁੱਲ 2,400 ਮੀਟ੍ਰਿਕ ਟਨ ਸਮਾਨ ਜ਼ਬਤ ਕੀਤਾ ਹੈ, ਜੋ ਬਿਨਾਂ ਵੈਧ ਇਨਵੌਇਸ ਜਾਂ ਜਾਅਲੀ ਬਿਲਿੰਗ ਰਾਹੀਂ ਵਪਾਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਲੰਘਣਾ ‘ਚ ਸ਼ਾਮਲ ਵਪਾਰੀਆਂ ‘ਤੇ 3.5 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਹਨ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਟੈਕਸ ਚੋਰੀ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਹੈ ਤੇ ਪਿਛਲੀਆਂ ਸਰਕਾਰਾਂ ਦੌਰਾਨ ਵਧੀਆਂ-ਫੁੱਲੀਆਂ ਪ੍ਰਥਾਵਾਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।

ਸਰਕਾਰ ਟੈਕਸ ਚੋਰੀ ਨੂੰ ਖ਼ਤਮ ਕਰਨ ਲਈ ਦ੍ਰਿੜ

ਮੰਤਰੀ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ‘ਚ ਟੈਕਸ ਚੋਰੀ ਦੇ ਲੰਬੇ ਸਮੇਂ ਤੋਂ ਚੱਲ ਰਹੇ ਕਲਚਰ ਨੂੰ ਖ਼ਤਮ ਕਰਨ ਲਈ ਦ੍ਰਿੜ ਹੈ। ਉਨ੍ਹਾਂ ਨੇ ਕਿਹਾ ਕਿ ਜੀਐਸਟੀ ਤੇ ਹੋਰ ਟੈਕਸਾਂ ਤੋਂ ਬਚਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਰੂਪ ‘ਚ ਟੈਕਸ ਚੋਰੀ ਨੂੰ ਬਰਦਾਸ਼ਤ ਨਹੀਂ ਕਰੇਗੀ। ਸ਼ੱਕੀ ਵਪਾਰਕ ਗਤੀਵਿਧੀਆਂ ਦੀ ਨਿਗਰਾਨੀ ਕਰਨ ਤੇ ਟੈਕਸ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ‘ਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ

ਨਿਗਰਾਨੀ ਕਰਨ ਵਾਲੀਆਂ ਵਿਸ਼ੇਸ਼ ਟੀਮਾਂ

ਹਰਪਾਲ ਚੀਮਾ ਨੇ ਕਿਹਾ ਕਿ ਟੈਕਸ ਨਾਲ ਸਬੰਧਤ ਉਲੰਘਣਾਵਾਂ ਦੀ ਪਛਾਣ ਕਰਨ ਤੇ ਜਾਂਚ ਕਰਨ ਲਈ ਪੂਰੇ ਪੰਜਾਬ ‘ਚ ਇਨਫੋਰਸਮੈਂਟ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਮੰਡੀ ਗੋਬਿੰਦਗੜ੍ਹ ਤੇ ਖੰਨਾ ‘ਚ ਵੱਡੇ ਪੱਧਰ ‘ਤੇ ਟੈਕਸ ਚੋਰੀ ਦੀਆਂ ਰਿਪੋਰਟਾਂ ‘ਤੇ ਕਾਰਵਾਈ ਕਰਦੇ ਹੋਏ, ਜੀਐਸਟੀ ਅਧਿਕਾਰੀਆਂ ਨੇ ਜਾਂਚ ਕੀਤੀ, ਜਿਸ ਨਾਲ ਵੱਡੀ ਮਾਤਰਾ ‘ਚ ਸਾਮਾਨ ਜ਼ਬਤ ਕੀਤਾ ਗਿਆ ਤੇ ਭਾਰੀ ਜੁਰਮਾਨੇ ਲਗਾਏ ਗਏ।

ਵਪਾਰੀਆਂ ਤੇ ਉਦਯੋਗਪਤੀਆਂ ਨੂੰ ਅਪੀਲ

ਵਿੱਤ ਮੰਤਰੀ ਨੇ ਵਪਾਰੀਆਂ, ਉਦਯੋਗਪਤੀਆਂ ਤੇ ਕਾਰੋਬਾਰੀ ਮਾਲਕਾਂ ਨੂੰ ਕਾਨੂੰਨੀ ਢਾਂਚੇ ਦੇ ਅੰਦਰ ਕੰਮ ਕਰਨ ਤੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਬਚਣ ਦੀ ਅਪੀਲ ਵੀ ਕੀਤੀ।

ਉਨ੍ਹਾਂ ਵਪਾਰਕ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਇਮਾਨਦਾਰ ਉੱਦਮੀਆਂ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਕਾਰੋਬਾਰਾਂ ਦਾ ਪੂਰਾ ਸਮਰਥਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸੱਚੇ ਵਪਾਰੀਆਂ ਤੇ ਉਦਯੋਗਪਤੀਆਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਅਸੀਂ ਸਾਰਿਆਂ ਨੂੰ ਕਾਨੂੰਨ ਅਨੁਸਾਰ ਆਪਣਾ ਕਾਰੋਬਾਰ ਕਰਨ ਅਤੇ ਸੂਬੇ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕਰਦੇ ਹਾਂ।

Follow Us