ਗਹਿਣੇ ਚੋਰੀ ਦੇ ਇਲਜ਼ਾਮ ‘ਚ ਲੜਕੀ ਨੂੰ ਗੈਰ-ਕਾਨੂੰਨੀ ਹਿਰਾਸਤ ‘ਚ ਰੱਖ ਕੇ ਥਰਡ ਡਿਗਰੀ ਟਾਰਚਰ ਦਾ ਇਲਜ਼ਾਮ, ਸਿਰ ‘ਤੇ ਮਾਰੀਆਂ ਚੱਪਲਾਂ; ਸਰੀਰ ‘ਤੇ ਸੱਟਾਂ ਦੇ ਨਿਸ਼ਾਨ

Updated On: 

30 Aug 2026 13:16 PM IST

ਪਰਿਵਾਰ ਵੱਲੋਂ ਘਰ ਦੀ ਤਿਜੋਰੀ 'ਚੋਂ ਕਰੀਬ 22 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਣ ਸਬੰਧੀ ਥਾਣਾ ਸਦਰ 'ਚ ਲਿਖਤੀ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤ ਦੀ ਜਾਂਚ ਦੌਰਾਨ ਸ਼ੁੱਕਰਵਾਰ ਦੁਪਹਿਰ ਕਰੀਬ ਡੇਢ ਵਜੇ ਪੁਲਿਸ ਪਾਰਟੀ ਰਾਜ ਕੌਰ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਈ ਕਿ ਸਿਰਫ਼ ਜ਼ੁਬਾਨੀ ਪੁੱਛਗਿੱਛ ਕਰਨੀ ਹੈ। ਥਾਣੇ ਲਿਆ ਕੇ ਪੀੜਤਾ ਨੂੰ ਕਥਿਤ ਤੌਰ 'ਤੇ ਥਰਡ ਡਿਗਰੀ ਟਾਰਚਰ ਦਿੱਤਾ ਗਿਆ।

ਗਹਿਣੇ ਚੋਰੀ ਦੇ ਇਲਜ਼ਾਮ ਚ ਲੜਕੀ ਨੂੰ ਗੈਰ-ਕਾਨੂੰਨੀ ਹਿਰਾਸਤ ਚ ਰੱਖ ਕੇ ਥਰਡ ਡਿਗਰੀ ਟਾਰਚਰ ਦਾ ਇਲਜ਼ਾਮ, ਸਿਰ ਤੇ ਮਾਰੀਆਂ ਚੱਪਲਾਂ; ਸਰੀਰ ਤੇ ਸੱਟਾਂ ਦੇ ਨਿਸ਼ਾਨ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਦੇਊ ਬਾਠ ਨਾਲ ਸਬੰਧਤ ਇੱਕ ਲੜਕੀ ਨੂੰ 22 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਇਲਜ਼ਾਮ ‘ਚ ਥਾਣਾ ਸਦਰ ਲਿਆ ਕੇ ਕਥਿਤ ਤੌਰ ‘ਤੇ ਥਰਡ ਡਿਗਰੀ ਟਾਰਚਰ ਦਿੱਤਾ ਗਿਆ। ਪੀੜਤ ਲੜਕੀ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਲੱਤਾਂ-ਪੈਰਾਂ ‘ਤੇ ਡੰਡੇ ਮਾਰੇ ਗਏ ਤੇ ਸਿਰ ‘ਤੇ ਚੱਪਲਾਂ ਨਾਲ ਵਾਰ ਕੀਤਾ ਗਿਆ। ਦੁਪਹਿਰ ਸਮੇਂ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਹਿਰਾਸਤ ‘ਚ ਲਈ ਗਈ ਲੜਕੀ ਨੂੰ ਸ਼ੁੱਕਰਵਾਰ ਅੱਧੀ ਰਾਤ ਨੂੰ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਰੇਲਵੇ ਫਾਟਕ ਨੇੜੇ ਛੱਡ ਦਿੱਤਾ।

ਵਾਪਸ ਪਰਤਦੇ ਹੀ ਪੀੜਤਾ ਨੇ ਆਪਣੇ ਨਾਲ ਹੋਈ ਕਥਿਤ ਕੁੱਟਮਾਰ ਬਾਰੇ ਸਾਰੀ ਗੱਲ ਦੱਸੀ। ਮਾਮਲੇ ਦੀ ਪੈਰਵੀ ਕਰਦਿਆਂ ਪੰਚ ਨੇ ਆਪਣੇ ਰਿਸ਼ਤੇਦਾਰ ਤੇ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਧਿਆਨ ‘ਚ ਮਾਮਲਾ ਲਿਆਂਦਾ। ਸ਼ਨੀਵਾਰ ਨੂੰ ਸਿਵਲ ਹਸਪਤਾਲ ਤੋਂ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ।

ਗ੍ਰਾਮ ਪੰਚਾਇਤ ਦੇਊ ਬਾਠ ਦੇ ਪੰਚ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨਾਲ ਸਬੰਧਤ ਲੜਕੀ ਰਾਜ ਕੌਰ ਦੀ ਮਾਂ ਦੀ ਬਚਪਨ ‘ਚ ਹੀ ਮੌਤ ਹੋ ਗਈ ਸੀ। ਉਸ ਦਾ ਪਿਤਾ ਮਾਨਸਿਕ ਤੌਰ ‘ਤੇ ਬਿਮਾਰ ਹੈ। ਰਾਜ ਕੌਰ ਦਾ ਪਾਲਣ-ਪੋਸ਼ਣ ਉਸ ਦੀ ਚਾਚੀ ਪਰਮਜੀਤ ਕੌਰ ਨੇ ਕੀਤਾ। ਪਰਿਵਾਰ ਦੇ ਗੁਜ਼ਾਰੇ ਲਈ ਉਕਤ ਲੜਕੀ ਕਰੀਬ ਛੇ ਮਹੀਨਿਆਂ ਤੋਂ ਆਪਣੇ ਹੀ ਪਿੰਡ ਨਾਲ ਸਬੰਧਤ ਇੱਕ ਘਰ ‘ਚ ਘਰੇਲੂ ਕੰਮ ਕਰ ਰਹੀ ਸੀ।

ਪਰਿਵਾਰ ਵੱਲੋਂ ਘਰ ਦੀ ਤਿਜੋਰੀ ‘ਚੋਂ ਕਰੀਬ 22 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਣ ਸਬੰਧੀ ਥਾਣਾ ਸਦਰ ‘ਚ ਲਿਖਤੀ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤ ਦੀ ਜਾਂਚ ਦੌਰਾਨ ਸ਼ੁੱਕਰਵਾਰ ਦੁਪਹਿਰ ਕਰੀਬ ਡੇਢ ਵਜੇ ਪੁਲਿਸ ਪਾਰਟੀ ਰਾਜ ਕੌਰ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਈ ਕਿ ਸਿਰਫ਼ ਜ਼ੁਬਾਨੀ ਪੁੱਛਗਿੱਛ ਕਰਨੀ ਹੈ। ਥਾਣੇ ਲਿਆ ਕੇ ਪੀੜਤਾ ਨੂੰ ਕਥਿਤ ਤੌਰ ‘ਤੇ ਥਰਡ ਡਿਗਰੀ ਟਾਰਚਰ ਦਿੱਤਾ ਗਿਆ।

ਲੜਕੀ ਮੁਤਾਬਕ ਥਾਣਾ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਵੜੈਚ ਦੀ ਮੌਜੂਦਗੀ ‘ਚ ਉਕਤ ਏਐਸਆਈ, ਮੁਨਸ਼ੀ ਤੇ ਦੋ ਮਹਿਲਾ ਕਾਂਸਟੇਬਲਾਂ ਨੇ ਉਸ ਨਾਲ ਕਥਿਤ ਤੌਰ ‘ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਪੈਰਾਂ ‘ਤੇ ਡੰਡੇ ਮਾਰੇ ਗਏ, ਜਦਕਿ ਸਿਰ ‘ਤੇ ਕਥਿਤ ਤੌਰ ‘ਤੇ ਚੱਪਲਾਂ ਨਾਲ ਵਾਰ ਕੀਤੇ ਗਏ।

ਰਾਤ ਨੂੰ ਥਾਣਾ ਇੰਚਾਰਜ ਨੇ ਪੰਚ ਮੁਖਤਿਆਰ ਸਿੰਘ ਨੂੰ ਦੱਸਿਆ ਕਿ ਲੜਕੀ ਨੇ ਚੋਰੀ ਨਹੀਂ ਕੀਤੀ ਤੇ ਉਹ ਬੇਕਸੂਰ ਹੈ। ਇਸ ਤੋਂ ਬਾਅਦ ਅੱਧੀ ਰਾਤ ਨੂੰ ਲੜਕੀ ਨੂੰ ਸਰਹਾਲੀ ਰੋਡ ਰੇਲਵੇ ਫਾਟਕ ਨੇੜੇ ਇੱਕ ਸੁੰਨਸਾਨ ਸਥਾਨ ‘ਤੇ ਲਿਆ ਕੇ ਪੁਲਿਸ ਪਾਰਟੀ ਨੇ ਪੰਚ ਨੂੰ ਬੁਲਾਇਆ। ਪੰਚ ਮੁਖਤਿਆਰ ਸਿੰਘ ਆਪਣੀ ਮਾਤਾ ਨੂੰ ਨਾਲ ਲੈ ਕੇ ਨਿਰਧਾਰਤ ਸਥਾਨ ‘ਤੇ ਪਹੁੰਚੇ, ਜਿੱਥੇ ਪੁਲਿਸ ਪਾਰਟੀ ਨੇ ਪੀੜਤਾ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਘਰ ਪਹੁੰਚਦੇ ਹੀ ਰਾਜ ਕੌਰ ਦਰਦ ਨਾਲ ਰੌਣ ਲੱਗੀ ਤੇ ਉਸ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਬਿਆਨ ਕੀਤੀ।

ਕਾਨੂੰਨੀ ਕਾਰਵਾਈ ਲੜੀ ਜਾਵੇਗੀ : ਮੁਖਤਿਆਰ

ਮੁਖਤਿਆਰ ਸਿੰਘ ਨੇ ਦੱਸਿਆ ਕਿ ਚੋਰੀ ਦੇ ਨਾਮ ‘ਤੇ ਥਰਡ ਡਿਗਰੀ ਟਾਰਚਰ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੈ। ਇਸ ਲਈ ਉਨ੍ਹਾਂ ਨੇ ਆਪਣੇ ਕਰੀਬੀ ਰਿਸ਼ਤੇਦਾਰ ਤੇ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਧਿਆਨ ‘ਚ ਮਾਮਲਾ ਲਿਆਂਦਾ। ਉਨ੍ਹਾਂ ਦੱਸਿਆ ਕਿ ਵਿਧਾਇਕ ਨੇ ਥਾਣਾ ਇੰਚਾਰਜ ਨੂੰ ਫਟਕਾਰ ਲਗਾਈ ਤੇ ਕਾਨੂੰਨੀ ਕਾਰਵਾਈ ਲਈ ਸਿਵਲ ਸਰਜਨ ਨੂੰ ਪੀੜਤਾ ਦਾ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ।

ਸ਼ਨੀਵਾਰ ਦੁਪਹਿਰ ਨੂੰ ਪੀੜਤਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪੰਚ ਮੁਖਤਿਆਰ ਸਿੰਘ ਉਸ ਨੂੰ ਆਪਣੇ ਘਰ ਲੈ ਆਏ। ਉਨ੍ਹਾਂ ਕਿਹਾ ਕਿ ਸਿਰ ‘ਤੇ ਚੱਪਲਾਂ ਮਾਰਨੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਸੋਮਵਾਰ ਨੂੰ ਉਸ ਦਾ ਸੀਟੀ ਸਕੈਨ ਕਰਵਾਇਆ ਜਾਵੇਗਾ। ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਦਿਵਾਉਣ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ।

ਘਰ ਮਾਲਕਣ ਦੇ ਗੰਭੀਰ ਇਲਜ਼ਾਮ

ਦੂਜੇ ਪਾਸੇ, ਘਰ ਦੀ ਮਾਲਕਣ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਚੋਰੀ ਘਰ ‘ਚ ਕੰਮ ਕਰਨ ਵਾਲੀ ਲੜਕੀ ਨੇ ਹੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਲੜਕੀ ਨੂੰ ਪੂਰਾ ਵਿਸ਼ਵਾਸ਼ ਕਰਕੇ ਆਪਣੀ ਧੀ ਵਾਂਗ ਰੱਖਿਆ ਹੋਇਆ ਸੀ ਤੇ ਉਨ੍ਹਾਂ ਨੇ ਉਸ ਦਾ ਵਿਆਹ ਕਰਵਾਉਣ ਦੀ ਜ਼ਿੰਮਵਾਰੀ ਚੁੱਕੀ ਸੀ। ਉਨ੍ਹਾਂ ਕਿਹਾ ਕਿ ਪੂਰੇ ਦੀ ਪੂਰੀ ਜ਼ਿੰਮੇਵਾਰੀ ਕੰਮ ਕਰਨ ਵਾਲੀ ਨੂੰ ਦਿੱਤੀ ਗਈ ਸੀ।

ਘਰ ਦੀ ਮਾਲਕਣ ਨੇ ਦਾਅਵਾ ਕੀਤਾ ਕਿ ਪਹਿਲਾਂ ਕੰਮ ਵਾਲੀ ਨੂੰ ਬੰਦ ਕਮਰੇ ‘ਚ ਅੰਦਰ ਦੀ ਗੱਲ ਅੰਦਰ ਹੀ ਸੁਲਝਾਉਣ ਲਈ ਕਿਹਾ, ਪਰ ਕੰਮ ਵਾਲੀ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਨੇ ਵੀ ਉਸ ਨਾਲ ਗੱਲ ਕੀਤੀ ਸੀ। ਇਸ ਤੋਂ ਬਾਅਦ ਕੰਮ ਵਾਲੀ ਦੇ ਚਾਚੇ-ਤਾਇਆਂ ਦੀ ਸਹਿਮਤੀ ਨਾਲ ਹੀ ਪੁਲਿਸ ਰਿਪੋਰਟ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਆਈ ਤੇ ਲੜਕੀ ਨੂੰ ਲੈ ਗਈ।

Loading...
Unable to load recommendations.
Follow Us