ਤਰਨਤਾਰਨ ‘ਚ 3.69 ਕਿਲੋ ਹੈਰੋਇਨ ਸਮੇਤ ਅਫ਼ਰੀਕੀ ਮਹਿਲਾ ਗ੍ਰਿਫ਼ਤਾਰ, ਨੌਕਰੀ ਦੀ ਭਾਲ ‘ਚ ਆਈ ਸੀ ਭਾਰਤ
ਤਰਨਤਾਰਨ ਪੁਲਿਸ ਦੇ ਸੀ.ਆਈ.ਏ. (CIA) ਸਟਾਫ਼ ਨੇ ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਵਿਦੇਸ਼ੀ ਮਹਿਲਾ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਨਾਈਜੀਰੀਅਨ ਮਹਿਲਾ ਕੋਲੋਂ 3.69 ਕਿੱਲੋ ਹੈਰੋਇਨ ਅਤੇ ਇੱਕ ਵੈਗਨ-ਆਰ ਕਾਰ ਬਰਾਮਦ ਕੀਤੀ ਹੈ।
ਤਰਨਤਾਰਨ ਪੁਲਿਸ ਦੇ ਸੀ.ਆਈ.ਏ. (CIA) ਸਟਾਫ਼ ਨੇ ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਵਿਦੇਸ਼ੀ ਮਹਿਲਾ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਨਾਈਜੀਰੀਅਨ ਮਹਿਲਾ ਕੋਲੋਂ 3.69 ਕਿੱਲੋ ਹੈਰੋਇਨ ਅਤੇ ਇੱਕ ਵੈਗਨ-ਆਰ ਕਾਰ ਬਰਾਮਦ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਲਗਭਗ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਮਹਿਲਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਨਾਕਾਬੰਦੀ
ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਅਫ਼ਰੀਕੀ ਮਹਿਲਾ ਸਰਹੱਦੀ ਖੇਤਰ ਵਿੱਚ ਹੈਰੋਇਨ ਦੀ ਇੱਕ ਵੱਡੀ ਖੇਪ ਲੈਣ ਲਈ ਆਈ ਹੋਈ ਹੈ। ਇਸ ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਪੂਰੇ ਜ਼ਿਲ੍ਹੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਸੀ। ਇਸ ਦੌਰਾਨ ਜਦੋਂ ਸੀ.ਆਈ.ਏ. ਸਟਾਫ਼ ਵੱਲੋਂ ਬਾਈਪਾਸ ਨੇੜੇ ਨਾਕਾਬੰਦੀ ਕੀਤੀ ਗਈ ਸੀ, ਤਾਂ ਉੱਥੋਂ ਲੰਘ ਰਹੀ ਉੱਤਰ ਪ੍ਰਦੇਸ਼ ਦੇ ਨੰਬਰ ਵਾਲੀ ਇੱਕ ਵੈਗਨ-ਆਰ ਕਾਰ ਨੂੰ ਸ਼ੱਕ ਦੇ ਆਧਾਰ ‘ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ।
ਤਲਾਸ਼ੀ ਦੌਰਾਨ 3.69 ਕਿੱਲੋ ਹੈਰੋਇਨ ਬਰਾਮਦ
ਜਦੋਂ ਪੁਲਿਸ ਨੇ ਕਾਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਤਾਂ ਉਸ ਵਿੱਚੋਂ 3.69 ਕਿੱਲੋ ਹੈਰੋਇਨ ਬਰਾਮਦ ਹੋਈ। ਕਾਰ ਨੂੰ ਇੱਕ ਮਹਿਲਾ ਚਲਾ ਰਹੀ ਸੀ, ਜਿਸ ਦੀ ਪਛਾਣ ਬੇਲਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਉਕਤ ਮਹਿਲਾ ਨਾਈਜੀਰੀਆ (ਅਫ਼ਰੀਕਾ) ਦੇ ਡੈਲਟਾ ਸਟੇਟ, ਜੋਮਬਾ ਦੀ ਰਹਿਣ ਵਾਲੀ ਹੈ ਅਤੇ ਮੌਜੂਦਾ ਸਮੇਂ ਵਿੱਚ ਦਿੱਲੀ ਦੇ ਸੰਡੇ ਬਾਜ਼ਾਰ ਇਲਾਕੇ ਵਿੱਚ ਰਹਿ ਰਹੀ ਸੀ।
ਨੌਕਰੀ ਦੀ ਭਾਲ ‘ਚ ਭਾਰਤ ਆ ਕੇ ਤਸਕਰੀ ਦੇ ਜਾਲ ‘ਚ ਫਸੀ
ਪੁਲਿਸ ਦੀ ਮੁਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਅਸਲ ਵਿੱਚ ਨੌਕਰੀ ਦੀ ਭਾਲ ਵਿੱਚ ਭਾਰਤ ਆਈ ਸੀ, ਪਰ ਬਾਅਦ ਵਿੱਚ ਉਹ ਨਸ਼ਾ ਤਸਕਰਾਂ ਦੇ ਜਾਲ ਵਿੱਚ ਫਸ ਗਈ ਅਤੇ ਇਸ ਕਾਲੇ ਕਾਰੋਬਾਰ ਵਿੱਚ ਸ਼ਾਮਲ ਹੋ ਗਈ। ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਉਸ ਨੇ ਤਰਨਤਾਰਨ ਦੇ ਸਰਹੱਦੀ ਇਲਾਕਿਆਂ ਤੋਂ ਪਹਿਲਾਂ ਵੀ ਕਿੰਨੀਆਂ ਖੇਪਾਂ ਸਪਲਾਈ ਕੀਤੀਆਂ ਹਨ ਅਤੇ ਇਸ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ। ਐਸ.ਐਸ.ਪੀ. ਸੁਰਿੰਦਰ ਲਾਂਬਾ ਵੱਲੋਂ ਅੱਜ ਦੁਪਹਿਰ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦੇ ਹੋਰ ਅਹਿਮ ਖੁਲਾਸੇ ਕੀਤੇ ਜਾਣ ਦੀ ਉਮੀਦ ਹੈ।
