ਗੋਲਡੀ ਬਰਾੜ ਦੇ ਨਾਮ ਤੇ ਧਮਕੀ ਦੇਣ ਵਾਲੇ 2 ਕਾਬੂ: ਵਿਦੇਸ਼ੀ ਨੰਬਰ ਤੋਂ ਕੀਤਾ ਸੀ ਕਾਲ, ਲੁੱਕ ਆਊਟ ਨੋਟਿਸ ਜਾਰੀ
ਤਰਨਤਾਰਨ ਪੁਲਿਸ ਨੇ ਗੈਂਗਸਟਰਾਂ ਦੇ ਨਾਮ 'ਤੇ ਫਿਰੌਤੀ ਮੰਗਣ ਵਾਲੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਮਾਮਲੇ ਵਿੱਚ ਜ਼ਮੀਨ ਵਾਪਸ ਕਰਵਾਉਣ ਦੇ ਲਈ ਧਮਕੀਆਂ ਦਿੱਤੀਆਂ ਗਈਆਂ ਸਨ, ਜਦਕਿ ਦੋ ਹੋਰ ਮਾਮਲਿਆਂ ਵਿੱਚ ਗੋਲਡੀ ਬਰਾੜ ਦਾ ਨਾਮ ਵਰਤ ਕੇ 35 ਲੱਖ ਅਤੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ।

ਤਰਨਤਾਰਨ ਪੁਲਿਸ ਨੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਗੈਂਗਸਟਰਾਂ ਦੇ ਨਾਮ ਤੇ ਫੋਨ ਕਰਕੇ ਡਰਾ ਧਮਕਾ ਕੇ ਫਿਰੋਤੀ ਮੰਗਣ ਵਾਲੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦ ਕਿ ਥਾਣਾ ਭਿੱਖੀਵਿੰਡ ਦੇ ਇਲਾਕੇ ਵਿੱਚੋਂ 2 ਲੋਕਾਂ ਨੂੰ ਗੋਲਡੀ ਬਰਾੜ ਦੇ ਨਾਮ ‘ਤੇ ਫੋਨ ਕਰਨ ਅਤੇ ਵਿਦੇਸ਼ ਬੈਠੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਉਨ੍ਹਾਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ।
ਇਸ ਦੌਰਾਨ ਐਸ ਪੀ ਇਨਵੈਸਟੀਗੇਸ਼ਨ ਅਜੈ ਰਾਜ ਸਿੰਘ ਨੇ ਦੱਸਿਆ ਕਿ ਥਾਣਾ ਝਬਾਲ ਦੇ ਪਿੰਡ ਜਗਤਪੁਰ ਨਿਵਾਸੀ ਸਹਿਜਬੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਚਾਚਾ ਨਿਸ਼ਾਨ ਸਿੰਘ ਪਿੱਛਲੇ ਲੰਮੇ ਸਮੇਂ ਤੋਂ ਉਸ ਦੀ ਜ਼ਮੀਨ ਠੇਕੇ ਤੇ ਵਾਹ ਰਿਹਾ ਸੀ। ਹੁਣ, ਉਸ ਵੱਲੋਂ ਜ਼ਮੀਨ ਨਿਸ਼ਾਨ ਸਿੰਘ ਕੋਲੋਂ ਛਡਵਾ ਕੇ ਕਿਸੇ ਹੋਰ ਨੂੰ ਠੇਕੇ ‘ਤੇ ਦੇ ਦਿੱਤੀ ਗਈ ਹੈ। ਲੇਕਿਨ ਹੁਣ ਉਸ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਭਰੇ ਫੋਨ ਆ ਰਹੇ ਹਨ। ਉਹ ਜ਼ਮੀਨ ਫਿਰ ਆਪਣੇ ਚਾਚੇ ਨਿਸ਼ਾਨ ਸਿੰਘ ਨੂੰ ਵਾਪਸ ਦੇ ਦੇਵੇ।
ਫਰਜ਼ੀ ਵਿਦੇਸ਼ੀ ਨੰਬਰਾਂ ਤੋਂ ਕੀਤੀ ਜਾ ਰਹੀ ਕਾਲ
ਐਸ ਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਪੁਲਿਸ ਵੱਲੋਂ ਟੈਕਨੀਕਲ ਤਰੀਕੇ ਨਾਲ ਕੀਤੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਸਹਿਜਬੀਰ ਸਿੰਘ ਦੇ ਚਾਚੇ ਨਿਸ਼ਾਨ ਸਿੰਘ ਵੱਲੋਂ ਗੁਰਸਾਹਿਬ ਸਿੰਘ ਨਾਲ ਮਿਲ ਕੇ ਇੱਕ ਫਰਜ਼ੀ ਵਿਦੇਸ਼ੀ ਨੰਬਰ ਕਰੇਟ ਕਰਕੇ ਮੁਦਾਈ ਨੂੰ ਕਾਲ ਕਰਕੇ ਧਮਕਾਇਆ ਜਾ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਨਿਸ਼ਾਨ ਸਿੰਘ ਅਤੇ ਗੁਰਸਾਹਿਬ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਗੋਲਡੀ ਬਰਾੜ ਦਾ ਨਾਮ ‘ਤੇ ਮੰਗੀ ਜਾ ਰਹੀ ਫਿਰੌਤੀ
ਐਸ ਪੀ ਇਨਵੈਸਟੀਗੇਸ਼ਨ ਅਜੈ ਰਾਜ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਭਿੱਖੀਵਿੰਡ ਵਿਖੇ ਫਿਰੋਤੀ ਮੰਗਣ ਦੇ ਸਬੰਧ ਵਿੱਚ ਦੋ ਮਾਮਲੇ ਦਰਜ਼ ਕੀਤੇ ਗਏ ਸਨ। ਜਿਨ੍ਹਾਂ ਵਿੱਚ ਪ੍ਰੀਤਮ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਸ ਕੋਲੋਂ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਗੋਲਡੀ ਬਰਾੜ ਦਾ ਨਾਮ ਵਰਤ ਕੇ 35 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਿਸ ਦੇ ਸਬੰਧ ਵਿੱਚ ਜਾਂਚ ਕਰਨ ‘ਤੇ ਪਤਾ ਚੱਲਿਆ ਹੈ ਕਿ ਮਨਦੀਪ ਸਿੰਘ ਨਾਮ ਦਾ ਵਿਅਕਤੀ ਜੋ ਕਿ ਵਲਟੋਹਾ ਦਾ ਰਹਿਣ ਵਾਲਾ ਹੈ। ਉਸ ਵੱਲੋਂ ਫੋਨ ਕਰਕੇ ਫਿਰੋਤੀ ਮੰਗੀ ਜਾ ਰਹੀ ਸੀ। ਐਸ ਪੀ ਇਨਵੈਸਟੀਗੇਸ਼ਨ ਅਜੈ ਰਾਜ ਸਿੰਘ ਨੇ ਦੱਸਿਆ ਮਨਦੀਪ ਸਿੰਘ ਇਸ ਸਮੇਂ ਦੁਬਾਈ ਵਿਖੇ ਰਹਿ ਰਿਹਾ ਹੈ ਜਿਸ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਵਾ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਲੁੱਕ ਆਊਟ ਨੋਟਿਸ ਜਾਰੀ
ਇਸੇ ਤਰ੍ਹਾਂ ਭਿੱਖੀਵਿੰਡ ਥਾਣੇ ਵਿੱਚ ਆੜਤੀ ਸੁਧੀਰ ਸੈਣੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਪਾਸੋਂ ਗੋਲਡੀ ਬਰਾੜ ਦਾ ਨਾਮ ਵਰਤ ਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਜਿਸ ‘ਤੇ ਪੁਲਿਸ ਵੱਲੋਂ ਜਾਂਚ ਦੌਰਾਨ ਪਤਾ ਚੱਲਿਆ ਕਿ ਪਿੰਡ ਫਰੰਦੀਪੁਰ ਨਿਵਾਸੀ ਗੁਰਪ੍ਰੀਤ ਸਿੰਘ ਗੋਪੀ ਵੱਲੋਂ ਫਿਰੌਤੀ ਮੰਗੀ ਗਈ ਸੀ ਜੋ ਕਿ ਇਸ ਸਮੇਂ ਦੁਬਾਈ ਵਿਖੇ ਰਹਿ ਰਿਹਾ ਹੈ। ਜਿਸ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਵਾ ਦਿੱਤਾ ਗਿਆ ਹੈ। ਐਸ ਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਜਦੋਂ ਵੀ ਇਹ ਲੋਕ ਭਾਰਤ ਆਉਣਗੇ ਇਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਵੇਗਾ।