ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਹਮਲਾਵਰ ਕਾਂਗਰਸ, ਕਾਂਗਰਸ ਆਗੂ ਬੋਲੇ – ਪੰਜਾਬ ‘ਚ ਜੰਗਲਰਾਜ, ਸਿਆਸੀ ਬਦਲਾਖੋਰੀ ਤਹਿਤ ਹੋ ਰਹੀ ਕਾਰਵਾਈ

Updated On: 

28 Sep 2023 14:01 PM

Sukhpal Khaira Arrestted: ਪੰਜਾਬ ਪੁਲਿਸ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਚੰਡੀਗੜ੍ਹ ਰਿਹਾਇਸ਼ 'ਤੇ ਪਹੁੰਚੀ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਪਹਿਲਾਂ ਹਿਰਾਸਤ ਵਿੱਚ ਲਿਆ ਅਤੇ ਫੇਰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਤੜਕੇ 5 ਵਜੇ ਖਹਿਰਾ ਦੇ ਘਰ ਤੇ ਧਾਵਾ ਬੋਲਿਆ। ਖਹਿਰਾ ਖਿਲਾਫ ਇਹ ਕਾਰਵਾਈ 2015 ਦੇ NDPS ਮਾਮਲੇ ਵਿੱਚ ਕੀਤੀ ਗਈ ਹੈ।

ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਹਮਲਾਵਰ ਕਾਂਗਰਸ, ਕਾਂਗਰਸ ਆਗੂ ਬੋਲੇ - ਪੰਜਾਬ ਚ ਜੰਗਲਰਾਜ, ਸਿਆਸੀ ਬਦਲਾਖੋਰੀ ਤਹਿਤ ਹੋ ਰਹੀ ਕਾਰਵਾਈ
Follow Us On

ਵੀਰਵਾਰ ਤੜਕੇ ਕਾਂਗਰਸ ਦੇ ਤੇਜ ਤੱਰਾਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਘਰੋਂ ਚੱਕ ਕੇ ਲੈ ਗਈ। ਮਾਮਲਾ 2015 ਦੇ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਹੈ। ਖਹਿਰਾ ਦੀ ਗ੍ਰਿਫਤਾਰ ਉਸ ਵੇਲ੍ਹੇ ਹੋਈ, ਜਦੋਂ ਇਹ ਘਰ ਵਿੱਚ ਆਰਾਮ ਨਾਲ ਸੁੱਤੇ ਪਏ ਸਨ। ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਵਿੱਚ ਠੰਡੀ ਸਵੇਰ ਹੋਣ ਦੇ ਬਾਵਜੂਦ ਸਿਆਸੀ ਪਾਰਾ ਅਚਾਨਕ ਹੀ ਸਿਖਰਾਂ ‘ਤੇ ਪਹੁੰਚ ਗਿਆ। ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਵਾਰ ਮੁੜ ਤੋਂ ਇੰਡੀਆ ਗੱਠਜੋੜ ਵਿੱਚ ਤਰੇੜ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ, ਕਿਉਂਕਿ ਇਸ ਗੱਠਜੋੜ ਵਿੱਚ ਸ਼ਾਮਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਲਾਇੰਸ ਦੇ ਤਹਿਤ ਇੱਕਠਿਆਂ ਲੋਕ ਸਭਾ ਚੋਣ ਲੜਣ ਦੀ ਤਿਆਰੀ ਕਰ ਰਹੇ ਹਨ।

ਪੰਜਾਬ ਚ ਚੱਲ ਰਿਹਾ ਜੰਗਲਰਾਜ – ਰਾਜਾ ਵੜਿੰਗ

ਖਹਿਰਾ ਦੀ ਗ੍ਰਿਫਤਾਰੀ ਦੀ ਖ਼ਬਰ ਜਿਵੇਂ ਹੀ ਪਾਰਟੀ ਆਗੂਆਂ ਕੋਲ ਪਹੁੰਚੀ, ਉਨ੍ਹਾਂ ਦਾ ਸੂਬੇ ਦੀ ਆਪ ਸਰਕਾਰ ਖਿਲਾਫ਼ ਗੁੱਸਾ ਫੁੱਟ ਪਿਆ। ਕਾਂਗਰਸੀ ਆਗੂਆਂ ਨੇ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਮਾਨ ਸਰਕਾਰ ਤੇ ਹਮਲੇ ਬੋਲਣੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਪ੍ਰਤੀਕਰਮ ਆਇਆ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ। ਰਾਜਾ ਵੜਿੰਗ ਨੇ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਸੂਬੇ ਵਿੱਚ ਜੰਗਲਰਾਜ ਚੱਲ ਰਿਹਾ ਹੈ।

ਉਨ੍ਹਾਂ ਨੇ ਫੌਰਨ ਟਵੀਟ ਕਰਕੇ ਕਿਹਾ ਕਿ ਕਾਂਗਰਸ ਉਨ੍ਹਾਂ ਦਾ ਪਰਿਵਾਰ ਹੈ ਅਤੇ ਉਹ ਹਰ ਆਗੂ ਅਤੇ ਵਰਕਰ ਨਾਲ ਚਟਾਨ ਵਾਂਗ ਖੜੇ ਹਨ। ਨਾਲ ਹੀ ਉਨ੍ਹਾਂ ਨੇ ਸੁਖਪਾਲ ਖਹਿਰਾ ਦੇ ਪਰਿਵਾਰ ਨਾਲ ਮਿਲ ਕੇ ਅਗਲੇ ਕਾਨੂੰਨੀ ਐਕਸ਼ਨ ਬਾਰੇ ਚਰਚਾ ਵੀ ਕੀਤੀ।

ਸਰਕਾਰਾਂ ਹਮੇਸ਼ਾ ਨਹੀਂ ਰਹਿੰਦੀਆਂ – ਬਾਜਵਾ

ਉੱਧਰ , ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਰੱਜ ਕੇ ਮਾਨ ਸਰਕਾਰ ‘ਤੇ ਭੜਾਸ ਕੱਢੀ। ਉਨ੍ਹਾਂ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਬੋਲਿਆ। ਮੁੱਖ ਮੰਤਰੀ ਨੂੰ ਟੈਗ ਕਰਦਿਆਂ ਉਨ੍ਹਾਂ ਲਿੱਖਿਆ ਕਿ ਸਰਕਾਰਾਂ ਹਮੇਸ਼ਾ ਨਹੀਂ ਰਹਿੰਦੀਆਂ। ਉਹ ਆਪ ਸਰਕਾਰ ਦੇ ਇਸ ਤਾਨਾਸ਼ਾਹ ਅਤੇ ਗੁੰਡਾਰਾਜ ਦੀ ਸਖ਼ਤ ਨਿਖੇਦੀ ਕਰਦੇ ਹਨ। ਨਾਲ ਹੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਸੁਖਪਾਲ ਖਹਿਰਾ ਦੀ ਰਿਹਾਈ ਲਈ ਪਾਰਟੀ ਡੱਟ ਕੇ ਲੜਾਈ ਲੜੇਗੀ। ਉਨ੍ਹਾਂ ਨੇ ਵੀ ਰਾਜਾ ਵੜਿੰਗ ਪੂਰੀ ਲੀਡਰਸ਼ਿੱਪ ਅਤੇ ਵਰਕਰਾਂ ਨਾਲ ਚਟਾਨ ਵਾਂਗ ਖੜੇ ਹੋਣ ਦੀ ਗੱਲ ਦੁਹਰਾਈ।

ਕਾਨੂੰਨ ਮੁਤਾਬਕ ਹੋਈ ਕਾਰਵਾਈ : AAP

ਉੱਧਰ ਆਮ ਆਦਮੀ ਪਾਰਟੀ ਨੇ ਕਾਂਗਰਸ ਆਗੂਆਂ ਦੇ ਇਨ੍ਹਾਂ ਇਲਜ਼ਾਮਾਂ ਨੇ ਸਿਰੇ ਤੋਂ ਨਕਾਰਦਿਆਂ ਇਸਨੂੰ ਕਾਨੂੰਨ ਮੁਤਾਬਕ ਕੀਤੀ ਗਈ ਕਾਰਵਾਈ ਕਰਾਰ ਦਿੱਤੀ। ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਦਲਾਖੋਰੀ ਦੀ ਭਾਵਨਾ ਨਾਲ ਬਿਲਕੁੱਲ ਵੀ ਕੰਮ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜੇਕਰ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰਨਾ ਹੁੰਦਾ ਤਾਂ ਪਹਿਲਾਂ ਵੀ ਖਹਿਰਾ ਨੂੰ ਚੁਕਵਾ ਸਕਦੇ ਸੀ।

ਉਨ੍ਹਾਂ ਨੇ ਆਪਣੀ ਪਾਰਟੀ ਦੇ ਲੀਡਰਾਂ ਅਤੇ ਪੁਲਿਸ ਮੁਲਾਜ਼ਮਾਂ ਤੇ ਲਏ ਗਏ ਐਕਸ਼ਨ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਅਤੇ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿ 2015 ਦੇ ਇਸ ਮਾਮਲੇ ਵਿੱਚ ਬਾਕੀ ਸਾਰੇ 9 ਦੋਸ਼ੀਆਂ ਨੂੰ ਸਜ਼ਾ ਹੋ ਚੁੱਕੀ ਹੈ। ਉਨ੍ਹਾਂ ਕੋਰਟ ਦੇ ਹੁਕਮ ਦਾ ਹਵਾਲਾ ਦਿੰਦਿਆ ਕਿਹਾ ਕਿ ਕੋਰਟ ਜਦੋਂ ਬਾਕੀ ਦੋਸ਼ੀਆਂ ਨੂੰ ਸਜ਼ਾ ਸੁਣਾ ਰਹੀ ਸੀ ਤਾਂ ਖਹਿਰਾਂ ਖਿਲਾਫ ਪੁਲਿਸ ਨੂੰ ਜਾਂਚ ਕਰਨ ਦੀ ਇਜਾਜ਼ਤ ਵੀ ਦਿੱਤੀ ਸੀ।

ਇਸ ਮਾਮਲੇ ‘ਚ ਹੋਈ ਗ੍ਰਿਫ਼ਤਾਰੀ

ਸਾਲ 2015 ਵਿੱਚ ਜਲਾਲਾਬਾਦ ਪੁਲਿਸ ਨੇ ਮਾਰਕੀਟ ਕਮੇਟੀ ਢਿਲਵਾਂ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੇ ਕਬਜ਼ੇ ‘ਚੋਂ 2 ਕਿਲੋ ਹੈਰੋਇਨ, 24 ਸੋਨੇ ਦੇ ਬਿਸਕੁਟ, ਇੱਕ ਦੇਸੀ .315 ਬੋਰ ਦਾ ਪਿਸਤੌਲ, ਦੋ ਪਾਕਿਸਤਾਨੀ ਸਿਮ ਕਾਰਡ ਅਤੇ ਇੱਕ ਟਾਟਾ ਸਫਾਰੀ ਕਾਰ ਬਰਾਮਦ ਹੋਈ ਹੈ। ਇਸ ਮਾਮਲੇ ਵਿੱਚ ਖਹਿਰਾ ਦਾ ਨਾਂ ਮਾਰਕੀਟ ਕਮੇਟੀ ਢਿਲਵਾਂ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਨਾਲ ਕਥਿਤ ਸਬੰਧਾਂ ਕਾਰਨ ਸਾਹਮਣੇ ਆਇਆ ਸੀ।

ਖਹਿਰਾ ਦੇ ਨਾਲ-ਨਾਲ ਨਿੱਜੀ ਸੁਰੱਖਿਆ ਅਧਿਕਾਰੀ (ਪੀਐਸਓ) ਜੋਗਾ ਸਿੰਘ, ਨਿੱਜੀ ਸਹਾਇਕ ਮਨੀਸ਼, ਪਿੰਡ ਬਾਠ (ਜਲੰਧਰ) ਦਾ ਇੱਕ ਵਿਅਕਤੀ, ਐਨਆਰਆਈ ਯੂਕੇ ਨਿਵਾਸੀ ਚਰਨਜੀਤ ਕੌਰ ਅਤੇ ਬਾਜਵਾ ਕਲਾਂ ਪਿੰਡ (ਜਲੰਧਰ) ਦੇ ਮੇਜਰ ਸਿੰਘ ਬਾਜਵਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।

Related Stories