ਓਵਰਲੋਡਿੰਗ, ਜੰਗਾਲ ਜਾਂ ਘਟੀਆ ਮਟੀਰੀਅਲ, ਪਟਿਆਲਾ ‘ਚ ਕਿਵੇਂ ਟੁੱਟਿਆ ਪੁਲ? ਮਾਹਿਰਾਂ ਨੇ ਦੱਸੇ ਇਹ ਵੱਡੇ ਕਾਰਨ

Published: 

20 Nov 2026 18:36 PM IST

ਪਟਿਆਲਾ ਵਿਖੇ ਭਾਖੜਾ ਨਹਿਰ ਉੱਪਰ ਬਣਿਆ 60 ਮੀਟਰ ਲੰਬਾ ਸਟੀਲ ਟਰੱਸ ਬ੍ਰਿਜ ਵੀਰਵਾਰ ਸਵੇਰੇ ਅਚਾਨਕ ਢਹਿ ਗਿਆ। ਮੁੱਢਲੇ ਤੌਰ 'ਤੇ ਇਸ ਵੱਡੇ ਹਾਦਸੇ ਪਿੱਛੇ ਓਵਰਲੋਡਿੰਗ, ਪੁਲ ਦੇ ਲੋਹੇ ਦੇ ਢਾਂਚੇ ਨੂੰ ਲੱਗਿਆ ਜੰਗਾਲ, ਸਾਂਭ-ਸੰਭਾਲ ਦੀ ਘਾਟ ਅਤੇ ਉਸਾਰੀ ਸਮੱਗਰੀ ਦੀ ਗੁਣਵੱਤਾ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਓਵਰਲੋਡਿੰਗ, ਜੰਗਾਲ ਜਾਂ ਘਟੀਆ ਮਟੀਰੀਅਲ, ਪਟਿਆਲਾ ਚ ਕਿਵੇਂ ਟੁੱਟਿਆ ਪੁਲ? ਮਾਹਿਰਾਂ ਨੇ ਦੱਸੇ ਇਹ ਵੱਡੇ ਕਾਰਨ

ਪਟਿਆਲਾ ਵਿਖੇ ਭਾਖੜਾ ਨਹਿਰ ਉੱਪਰ ਬਣਿਆ 60 ਮੀਟਰ ਲੰਬਾ ਸਟੀਲ ਟਰੱਸ ਬ੍ਰਿਜ ਵੀਰਵਾਰ ਸਵੇਰੇ ਅਚਾਨਕ ਢਹਿ ਗਿਆ। ਮੁੱਢਲੇ ਤੌਰ ‘ਤੇ ਇਸ ਵੱਡੇ ਹਾਦਸੇ ਪਿੱਛੇ ਓਵਰਲੋਡਿੰਗ, ਪੁਲ ਦੇ ਲੋਹੇ ਦੇ ਢਾਂਚੇ ਨੂੰ ਲੱਗਿਆ ਜੰਗਾਲ, ਸਾਂਭ-ਸੰਭਾਲ ਦੀ ਘਾਟ ਅਤੇ ਉਸਾਰੀ ਸਮੱਗਰੀ ਦੀ ਗੁਣਵੱਤਾ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਦੂਜੇ ਪਾਸੇ ਸਥਾਨਕ ਲੋਕਾਂ ਵੱਲੋਂ ਪੁਲ ਦੇ ਨਟ-ਬੋਲਟ ਚੋਰੀ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਗਿਆ ਹੈ, ਹਾਲਾਂਕਿ ਬ੍ਰਿਜ ਸਟਰੱਕਚਰਲ ਮਾਹਿਰਾਂ ਨੇ ਇਸ ਨੂੰ ਤਕਨੀਕੀ ਤੌਰ ‘ਤੇ ਸੰਭਵ ਨਹੀਂ ਮੰਨਿਆ। ਮਾਹਿਰਾਂ ਮੁਤਾਬਕ ਪੁਲ ਡਿੱਗਣ ਪਿੱਛੇ ਓਵਰਲੋਡਿੰਗ ਸਮੇਤ ਤਿੰਨ ਵੱਡੇ ਤਕਨੀਕੀ ਕਾਰਨ ਹੋ ਸਕਦੇ ਹਨ।

ਹਾਦਸੇ ਵੇਲੇ ਪੁਲ ਤੋਂ ਰੇਤ ਨਾਲ ਭਰੇ 2 ਟਰੱਕ ਲੰਘ ਰਹੇ ਸਨ। ਪੁਲ ਟੁੱਟਣ ਕਾਰਨ ਇਹ ਦੋਵੇਂ ਟਰੱਕ ਟੁੱਟੇ ਹੋਏ ਹਿੱਸੇ ਵਿੱਚ ਫਸ ਕੇ ਨਹਿਰ ਦੇ ਉੱਪਰ ਹਵਾ ਵਿੱਚ ਲਟਕ ਗਏ। ਇਨ੍ਹਾਂ ਵਿੱਚੋਂ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ ਸੀ, ਜਿਸ ‘ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਕਾਬੂ ਪਾਇਆ। ਰਾਹਤ ਦੀ ਗੱਲ ਇਹ ਰਹੀ ਕਿ ਦੋਵਾਂ ਡਰਾਈਵਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਉੱਧਰ, ਹਾਦਸੇ ਤੋਂ ਬਾਅਦ ਇਹਤਿਆਤ ਵਜੋਂ ਡਿਪਟੀ ਕਮਿਸ਼ਨਰ ਨੇ ਨਹਿਰ ‘ਤੇ ਬਣੇ ਦੂਜੇ ਪਾਸੇ ਵਾਲੇ ਪੁਲ ਉੱਪਰੋਂ ਵੀ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੂੰ ਇਸ ਦੂਜੇ ਪੁਲ ਦੀ ਵੀ ਤਕਨੀਕੀ ਜਾਂਚ ਅਤੇ ਸੇਫ਼ਟੀ ਆਡਿਟ ਕਰਨ ਦੇ ਸਖ਼ਤ ਹੁਕਮ ਦਿੱਤੇ ਹਨ।

ਪੁਲ ਡਿੱਗਣ ਦੇ 3 ਵੱਡੇ ਤਕਨੀਕੀ ਕਾਰਨ

ਓਵਰਲੋਡਿੰਗ ਕਾਰਨ ਢਾਂਚੇ ‘ਤੇ ਦਬਾਅ: ਪੰਜਾਬ ਵਿੱਚ ਕਈ ਐਲੀਵੇਟਿਡ ਰੋਡ ਪ੍ਰੋਜੈਕਟਾਂ ਵਿੱਚ ਬਤੌਰ ਬ੍ਰਿਜ ਮਾਹਿਰ ਕੰਮ ਕਰ ਚੁੱਕੇ ਯੂਪੀ ਬ੍ਰਿਜ ਕਾਰਪੋਰੇਸ਼ਨ ਲਖਨਊ ਦੇ ਸੇਵਾਮੁਕਤ ਜੀਐੱਮ ਅਤੇ ਬ੍ਰਿਜ ਸਟਰੱਕਚਰਲ ਮਾਹਿਰ ਏ.ਕੇ. ਮਾਹੇਸ਼ਵਰੀ ਮੁਤਾਬਕ, ਕਿਸੇ ਵੀ ਪੁਲ ਦੇ ਟੁੱਟਣ ਦਾ ਪਹਿਲਾ ਵੱਡਾ ਕਾਰਨ ਉਸ ਦੀ ਨਿਰਧਾਰਤ ਸਮਰੱਥਾ ਤੋਂ ਵੱਧ ਭਾਰ ਪੈਣਾ ਹੁੰਦਾ ਹੈ। ਜੇਕਰ ਭਾਰੀ ਵਾਹਨ ਇਕੱਠੇ ਪੁਲ ਤੋਂ ਲੰਘਦੇ ਹਨ ਤਾਂ ਢਾਂਚੇ ‘ਤੇ ਅਚਾਨਕ ਦਬਾਅ ਵਧ ਜਾਂਦਾ ਹੈ ਅਤੇ ਪਟਿਆਲਾ ਹਾਦਸੇ ਵਿੱਚ ਵੀ ਮੁੱਢਲੇ ਤੌਰ ‘ਤੇ ਅਜਿਹਾ ਹੀ ਜਾਪ ਰਿਹਾ ਹੈ।

ਬੇਅਰਿੰਗ ਵਿੱਚ ਖ਼ਰਾਬੀ ਅਤੇ ਸਾਂਭ-ਸੰਭਾਲ ਦੀ ਘਾਟ: ਪੁਲ ਦੇ ਬੇਅਰਿੰਗ ਉੱਪਰ ਪੈਣ ਵਾਲੇ ਵਜ਼ਨ ਨੂੰ ਢਾਂਚੇ ਤੋਂ ਪਿੱਲਰਾਂ ਰਾਹੀਂ ਜ਼ਮੀਨ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ। ਜੇਕਰ ਇਨ੍ਹਾਂ ਦੀ ਨਿਯਮਤ ਸਾਂਭ-ਸੰਭਾਲ ਨਾ ਹੋਵੇ ਅਤੇ ਇਨ੍ਹਾਂ ਨੂੰ ਜੰਗਾਲ ਲੱਗ ਕੇ ਇਹ ਜਾਮ ਹੋ ਜਾਣ, ਤਾਂ ਭਾਰ ਸਹੀ ਤਰੀਕੇ ਨਾਲ ਟਰਾਂਸਫਰ ਨਹੀਂ ਹੋ ਪਾਉਂਦਾ। ਇਸ ਨਾਲ ਪੁਲ ਦੇ ਦੂਜੇ ਹਿੱਸਿਆਂ ‘ਤੇ ਦਬਾਅ ਵਧ ਜਾਂਦਾ ਹੈ ਅਤੇ ਢਾਂਚਾ ਟੁੱਟਣ ਦਾ ਖ਼ਤਰਾ ਬਣ ਜਾਂਦਾ ਹੈ।

ਸਟੀਲ ਨੂੰ ਜੰਗਾਲ ਲੱਗਣਾ: ਨਹਿਰ ਦੇ ਉੱਪਰ ਬਣੇ ਪੁਲਾਂ ਵਿੱਚ ਪਾਣੀ ਤੋਂ ਉੱਠਣ ਵਾਲੀ ਨਮੀ ਕਾਰਨ ਲੋਹੇ ਨੂੰ ਜੰਗਾਲ ਲੱਗਣ ਦਾ ਖ਼ਤਰਾ ਰਹਿੰਦਾ ਹੈ। ਨਿਯਮਤ ਤੌਰ ‘ਤੇ ਪੇਂਟ ਨਾ ਹੋਣ ਕਾਰਨ ਸਟੀਲ ਦੀ ਪਰਤ ਹੌਲੀ-ਹੌਲੀ ਕਮਜ਼ੋਰ ਹੁੰਦੀ ਜਾਂਦੀ ਹੈ ਅਤੇ ਉਸ ਦੀ ਭਾਰ ਸਹਿਣ ਦੀ ਸਮਰੱਥਾ ਘਟ ਜਾਂਦੀ ਹੈ। ਮਾਹੇਸ਼ਵਰੀ ਮੁਤਾਬਕ, ਰੇਲਵੇ ਆਪਣੇ ਸਟੀਲ ਟਰੱਸ ਬ੍ਰਿਜਾਂ ਨੂੰ ਹਰ ਦੋ ਸਾਲ ਬਾਅਦ ਪੇਂਟ ਕਰਵਾਉਂਦਾ ਹੈ। ਪਟਿਆਲਾ ਦੇ ਇਸ ਪੁਲ ਨੂੰ ਆਖ਼ਰੀ ਵਾਰ ਪੇਂਟ ਕਦੋਂ ਹੋਇਆ ਸੀ, ਇਹ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ।

ਨਟ-ਬੋਲਟ ਚੋਰੀ ਦੀ ਥਿਊਰੀ ਨੂੰ ਮਾਹਿਰ ਨੇ ਨਕਾਰਿਆ

ਸਥਾਨਕ ਲੋਕਾਂ ਵੱਲੋਂ ਨਸ਼ੇੜੀਆਂ ਦੁਆਰਾ ਪੁਲ ਦੇ ਨਟ-ਬੋਲਟ ਖੋਲ੍ਹਣ ਦੇ ਪ੍ਰਗਟਾਏ ਜਾ ਰਹੇ ਖ਼ਦਸ਼ੇ ‘ਤੇ ਸਟਰੱਕਚਰਲ ਮਾਹਿਰ ਏ.ਕੇ. ਮਾਹੇਸ਼ਵਰੀ ਨੇ ਸਪੱਸ਼ਟ ਕੀਤਾ ਕਿ ਸਟੀਲ ਬ੍ਰਿਜ ਵਿੱਚ ਬੇਹੱਦ ਮਜ਼ਬੂਤ ਅਤੇ ਭਾਰੀ-ਭਰਕਮ ਨਟ-ਬੋਲਟ ਲੱਗੇ ਹੁੰਦੇ ਹਨ। ਇਨ੍ਹਾਂ ਨੂੰ ਕੋਈ ਆਮ ਵਿਅਕਤੀ ਜਾਂ ਨਸ਼ੇੜੀ ਹੱਥਾਂ ਨਾਲ ਜਾਂ ਸਾਧਾਰਨ ਸੰਦਾਂ ਨਾਲ ਖੋਲ੍ਹ ਹੀ ਨਹੀਂ ਸਕਦਾ। ਇਨ੍ਹਾਂ ਨੂੰ ਖੋਲ੍ਹਣ ਲਈ ਵੱਡੀਆਂ ਅਤੇ ਵਿਸ਼ੇਸ਼ ਮਸ਼ੀਨਾਂ ਦੀ ਲੋੜ ਪੈਂਦੀ ਹੈ। ਇਸ ਲਈ ਨਟ-ਬੋਲਟ ਚੋਰੀ ਹੋਣ ਕਾਰਨ ਪੁਲ ਟੁੱਟਣ ਦੀ ਗੱਲ ਤਕਨੀਕੀ ਤੌਰ ‘ਤੇ ਬਿਲਕੁਲ ਸੰਭਵ ਨਹੀਂ ਹੈ।

ਪੁਲ ਦੀ ਉਸਾਰੀ PWD ਅਧੀਨ BRO ਨੇ ਕੀਤੀ ਸੀ: BRO

ਹਾਦਸੇ ਤੋਂ ਬਾਅਦ ਪੁਲ ਦੀ ਉਸਾਰੀ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਨੂੰ ਲੈ ਕੇ ਵੀ ਸਥਿਤੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ। NHAI ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਟਿਆਲਾ ਬਾਈਪਾਸ ਦਾ ਚਾਰ-ਮਾਰਗੀ ਹਿੱਸਾ ਸਾਲ 2018 ਵਿੱਚ ਅਥਾਰਟੀ ਨੂੰ ਸੌਂਪਿਆ ਗਿਆ ਸੀ ਅਤੇ ਫ਼ਿਲਹਾਲ ਇਹ ਥੋੜ੍ਹੇ ਸਮੇਂ ਦੇ ਰੱਖ-ਰਖਾਅ ਦੇ ਠੇਕੇ ਅਧੀਨ ਹੈ। ਹਾਲਾਂਕਿ, ਢਹਿ-ਢੇਰੀ ਹੋਏ LHS ਪੁਲ ਦੀ ਉਸਾਰੀ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ (PWD) ਦੀ ਨਿਗਰਾਨੀ ਹੇਠ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਵੱਲੋਂ ਕੀਤੀ ਗਈ ਸੀ। NHAI ਨੇ ਇਸੇ ਆਧਾਰ ‘ਤੇ ਉਸਾਰੀ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੇ ਵਿਭਾਗਾਂ ਦੀ ਦੱਸੀ ਹੈ।

AAP ਨੇ ਅਕਾਲੀ-ਭਾਜਪਾ ਸਰਕਾਰ ‘ਤੇ ਲਾਏ ਗੰਭੀਰ ਇਲਜ਼ਾਮ

ਦੂਜੇ ਪਾਸੇ ਆਮ ਆਦਮੀ ਪਾਰਟੀ (AAP) ਦੇ ਬੁਲਾਰੇ ਬਲਤੇਜ ਪੰਨੂ ਨੇ ਇਸ ਹਾਦਸੇ ਲਈ ਪੁਰਾਣੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸ ਸਰਕਾਰ ਦੇ ਕਾਰਜਕਾਲ ਦੌਰਾਨ ਬਣੀਆਂ ‘ਬੰਬ ਵਾਲੀਆਂ ਸੜਕਾਂ’ ਅਤੇ ਇਹ ਪੁਲ ਭ੍ਰਿਸ਼ਟਾਚਾਰ ਦਾ ਹੀ ਨਤੀਜਾ ਹਨ। ਪੰਨੂ ਨੇ ਕਿਹਾ ਕਿ ਇਹ ਪੁਲ ਨੈਸ਼ਨਲ ਹਾਈਵੇਅ ‘ਤੇ ਸਥਿਤ ਹੈ ਅਤੇ ਇਸ ਦੀ ਉਸਾਰੀ ਵਿੱਚ ਹੋਈਆਂ ਬੇਨਿਯਮੀਆਂ ਕਾਰਨ ਆਮ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਈ ਹੈ। ਉਨ੍ਹਾਂ ਇਸ ਘਟਨਾ ਨੂੰ ਭਾਜਪਾ ਦੇ ਭ੍ਰਿਸ਼ਟਾਚਾਰ ਦਾ ਪ੍ਰਤੱਖ ਸਬੂਤ ਕਰਾਰ ਦਿੱਤਾ।

Loading...
Unable to load recommendations.
Follow Us