ਬਟਾਲਾ ਦੇ ਅੰਮ੍ਰਿਤਸਰ ਬਾਈਪਾਸ ‘ਤੇ ਤੇਜ਼ ਰਫ਼ਤਾਰ ਕਾਰ ਨੇ ਸਕੂਲ ਵੈਨ ਨੂੰ ਮਾਰੀ ਟੱਕਰ, 3 ਵਿਦਿਆਰਥੀ ਜ਼ਖ਼ਮੀ

Updated On: 

20 Nov 2026 18:23 PM IST

ਬਟਾਲਾ ਵਿੱਚ ਸਕੂਲ ਜਾ ਰਹੇ ਬੱਚਿਆਂ ਦੀ ਇੱਕ ਵੈਨ ਅੰਮ੍ਰਿਤਸਰ ਬਾਈਪਾਸ 'ਤੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇੱਕ ਤੇਜ਼ ਰਫ਼ਤਾਰ ਕਾਰ ਨੇ ਸਕੂਲ ਵੈਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਵੈਨ ਬੇਕਾਬੂ ਹੋ ਕੇ ਸੜਕ 'ਤੇ ਹੀ ਪਲਟ ਗਈ। ਇਸ ਹਾਦਸੇ ਤੋਂ ਬਾਅਦ ਮੌਕੇ 'ਤੇ ਹਫ਼ੜਾ-ਦਫ਼ੜੀ ਮਚ ਗਈ।

ਬਟਾਲਾ ਦੇ ਅੰਮ੍ਰਿਤਸਰ ਬਾਈਪਾਸ ਤੇ ਤੇਜ਼ ਰਫ਼ਤਾਰ ਕਾਰ ਨੇ ਸਕੂਲ ਵੈਨ ਨੂੰ ਮਾਰੀ ਟੱਕਰ, 3 ਵਿਦਿਆਰਥੀ ਜ਼ਖ਼ਮੀ

ਬਟਾਲਾ ਵਿੱਚ ਸਕੂਲ ਜਾ ਰਹੇ ਬੱਚਿਆਂ ਦੀ ਇੱਕ ਵੈਨ ਅੰਮ੍ਰਿਤਸਰ ਬਾਈਪਾਸ ‘ਤੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇੱਕ ਤੇਜ਼ ਰਫ਼ਤਾਰ ਕਾਰ ਨੇ ਸਕੂਲ ਵੈਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਵੈਨ ਬੇਕਾਬੂ ਹੋ ਕੇ ਸੜਕ ‘ਤੇ ਹੀ ਪਲਟ ਗਈ। ਇਸ ਹਾਦਸੇ ਤੋਂ ਬਾਅਦ ਮੌਕੇ ‘ਤੇ ਹਫ਼ੜਾ-ਦਫ਼ੜੀ ਮਚ ਗਈ। ਹਾਦਸੇ ਵਿੱਚ ਵੈਨ ਅੰਦਰ ਸਵਾਰ 3 ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਉੱਥੇ ਹੀ, ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਵੈਨ

ਪ੍ਰਾਪਤ ਜਾਣਕਾਰੀ ਮੁਤਾਬਕ, ਸਕੂਲ ਵੈਨ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ ਘਰੋਂ ਲੈ ਕੇ ਸਕੂਲ ਛੱਡਣ ਜਾ ਰਹੀ ਸੀ। ਇਸੇ ਦੌਰਾਨ ਅੰਮ੍ਰਿਤਸਰ ਬਾਈਪਾਸ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਵੈਨ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਲ ਵੈਨ ਸੜਕ ਵਿਚਕਾਰ ਪਲਟ ਗਈ। ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਕਾਰ ਚਾਲਕ ਆਪਣੀ ਗੱਡੀ ਛੱਡ ਕੇ ਉੱਥੋਂ ਭੱਜ ਨਿਕਲਿਆ।

ਕਾਰ ‘ਚੋਂ ਮਿਲਿਆ ਗੈਸ ਸਿਲੰਡਰ

ਹਾਦਸੇ ਤੋਂ ਬਾਅਦ ਜਦੋਂ ਮੌਕੇ ‘ਤੇ ਮੌਜੂਦ ਲੋਕਾਂ ਅਤੇ ਪੁਲਿਸ ਵੱਲੋਂ ਕਾਰ ਦੀ ਜਾਂਚ ਕੀਤੀ ਗਈ, ਤਾਂ ਉਸ ਦੇ ਅੰਦਰੋਂ ਇੱਕ ਗੈਸ ਸਿਲੰਡਰ ਬਰਾਮਦ ਹੋਇਆ। ਇਸ ਤੋਂ ਇਲਾਵਾ ਕਾਰ ਦੇ ਜ਼ਰੂਰੀ ਦਸਤਾਵੇਜ਼ ਵੀ ਮੌਕੇ ‘ਤੇ ਨਹੀਂ ਮਿਲੇ ਹਨ। ਕਾਰ ਚਾਲਕ ਦੇ ਫ਼ਰਾਰ ਹੋਣ ਕਾਰਨ ਫ਼ਿਲਹਾਲ ਉਸ ਦੀ ਪਛਾਣ ਅਤੇ ਹਾਦਸੇ ਨਾਲ ਜੁੜੀ ਹੋਰ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ।

ਫ਼ੋਨ ‘ਤੇ ਮਿਲੀ ਹਾਦਸੇ ਦੀ ਸੂਚਨਾ, ਮੌਕੇ ‘ਤੇ ਪਹੁੰਚੇ ਮਾਪੇ

ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਰਾਹੀਂ ਸਕੂਲ ਵੈਨ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਘਬਰਾਏ ਹੋਏ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ। ਇਸ ਮੌਕੇ ਮਨਜੀਤ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸੰਤਪੁਰਾ ਸਕੂਲ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਹਾਦਸੇ ਸਮੇਂ ਇਸੇ ਵੈਨ ਵਿੱਚ ਸਵਾਰ ਸੀ। ਉਨ੍ਹਾਂ ਕਿਹਾ ਕਿ ਵੈਨ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਅਤੇ ਵੈਨ ਦਾ ਡਰਾਈਵਰ ਹਮੇਸ਼ਾ ਸਹੀ ਢੰਗ ਨਾਲ ਗੱਡੀ ਚਲਾਉਂਦਾ ਹੈ। ਮਨਜੀਤ ਸਿੰਘ ਨੇ ਇਸ ਪੂਰੇ ਹਾਦਸੇ ਲਈ ਤੇਜ਼ ਰਫ਼ਤਾਰ ਕਾਰ ਚਾਲਕ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Loading...
Unable to load recommendations.
Follow Us