ਗੰਗਾਨਗਰ ਟਰੈਕ ਬਲਾਸਟ ‘ਚ ਪਾਕਿਸਤਾਨ ਕਨੈਕਸ਼ਨ, ਰਾਜਸਥਾਨ ਪੁਲਿਸ ਨੇ ਗੁਰਦਾਸਪੁਰ ਤੋਂ 1 ਕੁੜੀ ਸਣੇ 2 ਸ਼ੱਕੀ ਦਬੋਚੇ
ਸ੍ਰੀਗੰਗਾਨਗਰ ਵਿਖੇ ਵਾਪਰੇ ਰੇਲਵੇ ਟਰੈਕ ਬਲਾਸਟ ਮਾਮਲੇ ਦੀ ਜਾਂਚ ਵਿੱਚ ਹੁਣ ਪਾਕਿਸਤਾਨ (PAK) ਕਨੈਕਸ਼ਨ ਸਾਹਮਣੇ ਆਇਆ ਹੈ। ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਰਾਜਸਥਾਨ ਪੁਲਿਸ ਨੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਕਲਾਨੌਰ ਤੋਂ ਇੱਕ ਔਰਤ ਸਮੇਤ ਦੋ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।
ਸ੍ਰੀਗੰਗਾਨਗਰ ਵਿਖੇ ਵਾਪਰੇ ਰੇਲਵੇ ਟਰੈਕ ਬਲਾਸਟ ਮਾਮਲੇ ਦੀ ਜਾਂਚ ਵਿੱਚ ਹੁਣ ਪਾਕਿਸਤਾਨ (PAK) ਕਨੈਕਸ਼ਨ ਸਾਹਮਣੇ ਆਇਆ ਹੈ। ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਰਾਜਸਥਾਨ ਪੁਲਿਸ ਨੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਕਲਾਨੌਰ ਤੋਂ ਇੱਕ ਔਰਤ ਸਮੇਤ ਦੋ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਹਿਰਾਸਤ ਵਿੱਚ ਲਏ ਗਏ ਸ਼ੱਕੀਆਂ ਦੀ ਪਛਾਣ ਮਹਿਕਦੀਪ ਕੌਰ ਵਾਸੀ ਪਿੰਡ ਦੋਸਤਪੁਰ ਅਤੇ ਦਵਿੰਦਰ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਪਿੰਡ ਚੌੜੇ ਕਲਾਂ ਵਜੋਂ ਹੋਈ ਹੈ।
ਸੂਤਰਾਂ ਅਨੁਸਾਰ, ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇਨ੍ਹਾਂ ਦੋਵਾਂ ਸ਼ੱਕੀ ਵਿਅਕਤੀਆਂ ਦਾ ਸ੍ਰੀਗੰਗਾਨਗਰ ਰੇਲਵੇ ਟਰੈਕ ਬਲਾਸਟ ਦੀ ਸਾਜ਼ਿਸ਼ ਵਿੱਚ ਸਿੱਧਾ ਹੱਥ ਹੈ। ਇਸੇ ਸ਼ੱਕ ਦੇ ਆਧਾਰ ‘ਤੇ ਰਾਜਸਥਾਨ ਪੁਲਿਸ ਦੀ ਵਿਸ਼ੇਸ਼ ਟੀਮ ਨੇ ਬੀਤੀ ਦੇਰ ਰਾਤ ਛਾਪੇਮਾਰੀ ਕਰਦਿਆਂ ਇਨ੍ਹਾਂ ਦੋਵਾਂ ਨੂੰ ਇਨ੍ਹਾਂ ਦੇ ਪਿੰਡਾਂ ਤੋਂ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ। ਤਲਾਸ਼ੀ ਦੌਰਾਨ ਇਨ੍ਹਾਂ ਦੇ ਕਬਜ਼ੇ ਵਿੱਚੋਂ 2 ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਖ਼ਤ ਪੁੱਛਗਿੱਛ ਦੌਰਾਨ ਇਸ ਪੂਰੇ ਨੈੱਟਵਰਕ ਅਤੇ ਬਲਾਸਟ ਸਬੰਧੀ ਕਈ ਹੋਰ ਵੱਡੇ ਖ਼ੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।
ਪਰਿਵਾਰ ਦੇ ਕਹਿਣੇ ਤੋਂ ਬਾਹਰ ਸੀ ਮਹਿਕਦੀਪ ਕੌਰ: ਮਾਤਾ ਸਰਬਜੀਤ ਕੌਰ
ਦੂਜੇ ਪਾਸੇ, ਹਿਰਾਸਤ ਵਿੱਚ ਲਈ ਗਈ ਲੜਕੀ ਮਹਿਕਦੀਪ ਕੌਰ ਦੀ ਮਾਤਾ ਸਰਬਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਪਿਛਲੇ ਕਾਫ਼ੀ ਸਮੇਂ ਤੋਂ ਪਰਿਵਾਰ ਦੇ ਕਹਿਣੇ ਤੋਂ ਬਾਹਰ ਸੀ। ਉਨ੍ਹਾਂ ਦੱਸਿਆ ਕਿ ਮਹਿਕਦੀਪ ਨੇ ਆਪਣੀ ਮਰਜ਼ੀ ਨਾਲ ਹੀ ਵਿਆਹ ਕਰਵਾਇਆ ਸੀ, ਪਰ ਵਿਆਹ ਤੋਂ ਮਹਿਜ਼ 6 ਮਹੀਨਿਆਂ ਬਾਅਦ ਹੀ ਉਸ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਸੀ। ਉਹ ਪਰਿਵਾਰ ਦੀ ਕਿਸੇ ਵੀ ਗੱਲ ਨੂੰ ਸੁਣਨ ਲਈ ਤਿਆਰ ਨਹੀਂ ਸੀ।
ਮਾਤਾ ਸਰਬਜੀਤ ਕੌਰ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਇਹ ਰੇਲਵੇ ਟਰੈਕ ਬਲਾਸਟ ਹੋਇਆ, ਉਸ ਤੋਂ ਠੀਕ 2 ਦਿਨ ਪਹਿਲਾਂ ਮਹਿਕਦੀਪ ਕੌਰ ਆਪਣੀ ਸਹੇਲੀ ਨੂੰ ਮਿਲਣ ਦਾ ਬਹਾਨਾ ਲਗਾ ਕੇ ਘਰੋਂ ਚਲੀ ਗਈ ਸੀ। ਇਸ ਤੋਂ ਬਾਅਦ ਉਹ ਬਲਾਸਟ ਵਾਪਰਨ ਦੇ ਚਾਰ-ਪੰਜ ਦਿਨਾਂ ਬਾਅਦ ਵਾਪਸ ਘਰ ਪਰਤੀ ਸੀ। ਘਰ ਆਉਣ ਤੋਂ ਬਾਅਦ ਵੀ ਉਹ ਜ਼ਿਆਦਾਤਰ ਆਪਣੇ ਕਮਰੇ ਵਿੱਚ ਹੀ ਬੰਦ ਰਹਿੰਦੀ ਸੀ ਅਤੇ ਫ਼ੋਨ ‘ਤੇ ਕਿਸੇ ਨਾਲ ਗੱਲਾਂ ਕਰਦੀ ਰਹਿੰਦੀ ਸੀ। ਮਾਤਾ ਦਾ ਕਹਿਣਾ ਹੈ ਕਿ ਬਲਾਸਟ ਦੀ ਇਸ ਘਟਨਾ ਵਿੱਚ ਉਨ੍ਹਾਂ ਦੀ ਲੜਕੀ ਦੀ ਸ਼ਮੂਲੀਅਤ ਹੈ ਜਾਂ ਨਹੀਂ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
