ਲੁਧਿਆਣਾ ਦੇ ਪਿੰਡ ਬੂਥਗੜ੍ਹ ‘ਚ ਨਸ਼ਿਆਂ ਖ਼ਿਲਾਫ਼ ਨਿਹੰਗ ਸਿੱਖਾਂ ਦੀ ਕਾਰਵਾਈ, ਚਿੱਟੇ ਸਮੇਤ ਫੜੇ ਦੋ ਨੌਜਵਾਨਾਂ ਨੂੰ ਸੜਕ ‘ਤੇ ਨੱਕ ਰਗੜਨ ਦੀ ਦਿੱਤੀ ਸਜ਼ਾ
Ludhiana: ਲੁਧਿਆਣਾ ਦੇ ਪਿੰਡ ਬੂਥਗੜ੍ਹ ਵਿੱਚ ਨਸ਼ਿਆਂ ਖ਼ਿਲਾਫ਼ ਨਿਹੰਗ ਸਿੱਖਾਂ ਅਤੇ ਸਥਾਨਕ ਲੋਕਾਂ ਦੀ ਕਾਰਵਾਈ ਦਾ ਮਾਮਲਾ ਸਾਹਮਣੇ ਆਇਆ ਹੈ। ਕਥਿਤ ਤੌਰ 'ਤੇ ਚਿੱਟੇ ਸਮੇਤ ਫੜੇ ਗਏ ਦੋ ਨੌਜਵਾਨਾਂ ਨੂੰ ਸੜਕ 'ਤੇ ਨੱਕ ਰਗੜਨ ਅਤੇ ਉੱਠਕ-ਬੈਠਕ ਕਰਨ ਦੀ ਸਜ਼ਾ ਦਿੱਤੀ ਗਈ।
ਲੁਧਿਆਣਾ 'ਚ ਨਿਹੰਗਾਂ ਦੀ ਕਾਰਵਾਈ
ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਪਿੰਡ ਬੂਥਗੜ੍ਹ ਵਿੱਚ ਨਸ਼ਿਆਂ ਖ਼ਿਲਾਫ਼ ਨਿਹੰਗ ਸਿੱਖਾਂ ਅਤੇ ਸਥਾਨਕ ਲੋਕਾਂ ਨੇ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਕਥਿਤ ਤੌਰ ‘ਤੇ ਚਿੱਟੇ ਸਮੇਤ ਫੜ ਲਿਆ। ਦੋਵਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਘੇਰ ਕੇ ਜ਼ਮੀਨ ‘ਤੇ ਨੱਕ ਰਗੜਨ ਅਤੇ ਉੱਠਕ-ਬੈਠਕ ਕਰਨ ਦੀ ਸਜ਼ਾ ਦਿੱਤੀ ਗਈ। ਇਹ ਘਟਨਾ 13 ਨਵੰਬਰ ਦੀ ਹੈ। ਹੁਣ ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਵੀਡੀਓ ਵਿੱਚ ਇੱਕ ਮੁਲਜ਼ਮ ਸਰਦਾਰ ਅਤੇ ਦੂਜਾ ਮੋਨਾ ਨਜ਼ਰ ਆ ਰਿਹਾ ਹੈ। ਦੋਵਾਂ ਨੂੰ ਸੜਕ ‘ਤੇ ਲੇਟ ਕੇ ਨੱਕ ਰਗੜਨ ਅਤੇ ਪੁਸ਼-ਅੱਪਸ ਕਰਨ ਲਈ ਕਿਹਾ ਗਿਆ। ਆਰੋਪ ਹੈ ਕਿ ਜਦੋਂ ਮੋਨੇ ਨੌਜਵਾਨ ਨੇ ਸਜ਼ਾ ਪੂਰੀ ਕਰਨ ਵਿੱਚ ਟਾਲ-ਮਟੋਲ ਕੀਤੀ ਤਾਂ ਪਿੱਛੇ ਖੜ੍ਹੇ ਇੱਕ ਨਿਹੰਗ ਸਿੱਖ ਨੇ ਉਸ ਨੂੰ ਡੰਡੇ ਨਾਲ ਕੁੱਟਿਆ ਅਤੇ ਜ਼ਬਰਦਸਤੀ ਸੜਕ ‘ਤੇ ਨੱਕ ਰਗੜਵਾਇਆ।
ਸਰਪੰਚ ਤਾਜਪਰਵਿੰਦਰ ਸੋਨੂੰ ਨੇ ਪੁਲਿਸ-ਪ੍ਰਸ਼ਾਸਨ ‘ਤੇ ਚੁੱਕੇ ਸਵਾਲ
ਮੌਕੇ ‘ਤੇ ਮੌਜੂਦ ਕਾਂਗਰਸੀ ਸਰਪੰਚ ਤਾਜਪਰਵਿੰਦਰ ਸੋਨੂੰ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕੇ। ਉਨ੍ਹਾਂ ਨੇ ਆਰੋਪ ਲਗਾਇਆ ਕਿ ਪਿੰਡ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਅਤੇ ਇਸ ਸਬੰਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਸਰਪੰਚ ਮੁਤਾਬਕ, ਨਿਹੰਗ ਜਥੇਬੰਦੀਆਂ ਨੇ ਦੋਵਾਂ ਨੌਜਵਾਨਾਂ ਨੂੰ 100 ਗ੍ਰਾਮ ਚਿੱਟੇ ਅਤੇ ਸਿਰਿੰਜ ਸਮੇਤ ਫੜਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਨਸ਼ਿਆਂ ਕਾਰਨ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਹੋ ਰਿਹਾ ਵਾਧਾ
ਸਰਪੰਚ ਨੇ ਕਿਹਾ ਕਿ ਨਸ਼ਿਆਂ ਕਾਰਨ ਪਿੰਡ ਵਿੱਚ ਲੁੱਟ-ਖੋਹ ਅਤੇ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਨਸ਼ੇ ਦੀ ਲਤ ਕਾਰਨ ਕੁਝ ਨੌਜਵਾਨ ਆਪਣੀਆਂ ਮਾਵਾਂ ਦੇ ਗਹਿਣੇ ਤੱਕ ਵੇਚ ਰਹੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਗੁਰਦੁਆਰਾ ਸਾਹਿਬ ਨਾਲ ਜੁੜਨ ਦੀ ਅਪੀਲ ਕੀਤੀ।
