ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਵੱਡਾ ਫ਼ੈਸਲਾ, ਬੀਬੀ ਵੱਲੋਂ ਗੰਭੀਰ ਦੋਸ਼ ਲਗਾਏ ਜਾਣ ‘ਤੇ ਮਲਕੀਤ ਸਿੰਘ ਪੰਥ ‘ਚੋਂ ਖ਼ਾਰਜ
ਹੁਕਮਨਾਮੇ 'ਚ ਦੱਸਿਆ ਗਿਆ ਕਿ ਪਿਛਲੇ ਦਿਨੀਂ ਇੱਕ ਬੀਬੀ ਵੱਲੋਂ ਮਲਕੀਤ ਸਿੰਘ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾਏ ਗਏ ਸਨ। ਮਲਕੀਤ ਸਿੰਘ ਸਿੱਖ ਸੰਸਥਾ 'ਚ ਇੱਕ ਜ਼ਿੰਮੇਵਾਰ ਤੇ ਸਤਿਕਾਰਯੋਗ ਅਹੁਦੇ 'ਤੇ ਸੇਵਾ ਨਿਭਾ ਰਿਹਾ ਸੀ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਵਿਭਾਗੀ ਕਾਰਵਾਈ ਕਰਦਿਆਂ ਉਸ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਸਰਵਉੱਚ ਸਿੱਖ ਧਾਰਮਿਕ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰ ਫ਼ਸੀਲ ਤੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਇੱਕ ਸਖ਼ਤ ਪੰਥਕ ਫ਼ੈਸਲਾ ਸੁਣਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਫ਼ਸੀਲ ‘ਤੇ ਪਹੁੰਚ ਕੇ ਸਿੱਖ ਸੰਗਤ ਦੇ ਸਾਹਮਣੇ ਪੰਥਕ ਹੁਕਮਨਾਮਾ ਜਾਰੀ ਕੀਤਾ। ਇਸ ਤਹਿਤ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ‘ਚੋਂ ਖ਼ਾਰਜ ਕਰ ਦਿੱਤਾ ਗਿਆ ਹੈ।
‘ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਕਾਇਮ ਹੋਈਆਂ ਸੰਸਥਾਵਾਂ, ਮਰਿਆਦਾ ਸਰਵਉੱਚ’
ਫ਼ਸੀਲ ਤੋਂ ਸੰਗਤ ਨੂੰ ਸੰਬੋਧਨ ਕਰਦਿਆਂ ਕਾਰਜਕਾਰੀ ਜਥੇਦਾਰ ਨੇ ਕਿਹਾ ਕਿ ਸਿੱਖ ਸੰਸਥਾਵਾਂ ਸ਼ਹੀਦਾਂ ਦੇ ਪਵਿੱਤਰ ਖ਼ੂਨ ਤੇ ਮਹਾਨ ਕੁਰਬਾਨੀਆਂ ਨਾਲ ਕਾਇਮ ਹੋਈਆਂ ਹਨ। ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਭਾਈ ਲਛਮਣ ਸਿੰਘ ਧਾਰੋਵਾਲੀ ਸਮੇਤ ਅਨੇਕਾਂ ਸ਼ਹੀਦਾਂ ਨੇ ਜੰਡ ਦੇ ਦਰੱਖਤਾਂ ਨਾਲ ਬੱਝ ਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜਿਸ ਤੋਂ ਬਾਅਦ ਇਨ੍ਹਾਂ ਸੰਸਥਾਵਾਂ ਦਾ ਵਜੂਦ ਕਾਇਮ ਹੋਇਆ।
ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਸਿੱਖ ਸੰਸਥਾ ਵਿੱਚ ਸੇਵਾ ਨਿਭਾਉਣ ਵਾਲੇ ਹਰੇਕ ਵਿਅਕਤੀ ਦਾ ਫ਼ਰਜ਼ ਹੈ ਕਿ ਉਹ ਆਪਣੇ ਕਿਰਦਾਰ ਤੇ ਆਚਰਨ ਨੂੰ ਗੁਰੂ ਦੀ ਮਰਿਆਦਾ ਤੇ ਗੁਰਮਤਿ ਦੇ ਅਨੁਸਾਰ ਰੱਖੇ। ਸਿੱਖ ਸੰਸਥਾਵਾਂ ਦੇ ਮਾਣ-ਸਨਮਾਨ ਤੇ ਗੌਰਵ ਨੂੰ ਠੇਸ ਪਹੁੰਚਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ।
ਬੀਬੀ ਵੱਲੋਂ ਲਗਾਏ ਗਏ ਸਨ ਗੰਭੀਰ ਇਲਜ਼ਾਮ
ਹੁਕਮਨਾਮੇ ‘ਚ ਦੱਸਿਆ ਗਿਆ ਕਿ ਪਿਛਲੇ ਦਿਨੀਂ ਇੱਕ ਬੀਬੀ ਵੱਲੋਂ ਮਲਕੀਤ ਸਿੰਘ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾਏ ਗਏ ਸਨ। ਮਲਕੀਤ ਸਿੰਘ ਸਿੱਖ ਸੰਸਥਾ ‘ਚ ਇੱਕ ਜ਼ਿੰਮੇਵਾਰ ਤੇ ਸਤਿਕਾਰਯੋਗ ਅਹੁਦੇ ‘ਤੇ ਸੇਵਾ ਨਿਭਾ ਰਿਹਾ ਸੀ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਵਿਭਾਗੀ ਕਾਰਵਾਈ ਕਰਦਿਆਂ ਉਸ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ
ਜਥੇਦਾਰ ਸਾਹਿਬ ਨੇ ਕਿਹਾ ਕਿ ਜਦੋਂ ਕਿਸੇ ਜ਼ਿੰਮੇਵਾਰ ਅਹੁਦੇ ‘ਤੇ ਬੈਠਾ ਵਿਅਕਤੀ ਚਰਿੱਤਰਕ ਦੋਸ਼ਾਂ ਨਾਲ ਘਿਰਦਾ ਹੈ ਤਾਂ ਇਹ ਸਮੁੱਚੀ ਕੌਮ ਤੇ ਧਰਮ ਲਈ ਬਦਨਾਮੀ ਅਤੇ ਸ਼ਰਮਿੰਦਗੀ ਦਾ ਕਾਰਨ ਬਣਦਾ ਹੈ।
ਪੰਥ ‘ਚੋਂ ਖ਼ਾਰਜ ਕਰਨ ਅਤੇ ਸਮਾਜਿਕ ਸਾਂਝ ‘ਤੇ ਰੋਕ ਦਾ ਹੁਕਮ
ਜਾਰੀ ਕੀਤੇ ਗਏ ਹੁਕਮਨਾਮੇ ਅਨੁਸਾਰ ਮਲਕੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਖ਼ਾਲਸਾ ਪੰਥ ‘ਚੋਂ ਖ਼ਾਰਜ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਮੁੱਚੀ ਸਿੱਖ ਸੰਗਤ ਨੂੰ ਸਖ਼ਤ ਆਦੇਸ਼ ਦਿੱਤਾ ਗਿਆ ਹੈ ਕਿ ਮਲਕੀਤ ਸਿੰਘ ਨਾਲ ਕਿਸੇ ਵੀ ਤਰ੍ਹਾਂ ਦੀ ਸਮਾਜਿਕ, ਧਾਰਮਿਕ ਜਾਂ ਪੰਥਕ ਸਾਂਝ ਨਾ ਰੱਖੀ ਜਾਵੇ। ਇਸ ਤੋਂ ਇਲਾਵਾ ਸਿੱਖ ਸੰਸਥਾਵਾਂ ‘ਚ ਉਨ੍ਹਾਂ ਵੱਲੋਂ ਭਵਿੱਖ ‘ਚ ਕਿਸੇ ਵੀ ਤਰ੍ਹਾਂ ਦੀ ਸੇਵਾ ਜਾਂ ਅਹੁਦਾ ਸੰਭਾਲਣ ‘ਤੇ ਉਮਰ ਭਰ ਲਈ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ।
ਦਿੱਲੀ ਅਤੇ ਮੁੰਬਈ ਦੇ ਮਾਮਲਿਆਂ ‘ਚ ਪ੍ਰਬੰਧਕਾਂ ਨੂੰ ਵੀ ਤਾੜਨਾ
ਇਸ ਦੌਰਾਨ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਕੁਝ ਹੋਰ ਮਾਮਲਿਆਂ ‘ਤੇ ਵੀ ਵਿਚਾਰ-ਵਟਾਂਦਰਾ ਕਰਕੇ ਹੁਕਮ ਜਾਰੀ ਕੀਤੇ ਗਏ। ਇਨ੍ਹਾਂ ‘ਚ ਦਿੱਲੀ ਦੇ ਸੁਭਾਸ਼ ਨਗਰ ਗੁਰਦੁਆਰਾ ਸਾਹਿਬ ਤੇ ਮੁੰਬਈ ਨਾਲ ਸਬੰਧਤ ਮਾਮਲੇ ਵੀ ਸ਼ਾਮਲ ਸਨ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸਬੰਧਤ ਪ੍ਰਬੰਧਕਾਂ ਨੂੰ ਸਿੱਖ ਮਰਿਆਦਾ ਦੀ ਪਾਲਣਾ ਯਕੀਨੀ ਬਣਾਉਣ ਲਈ ਸਖ਼ਤ ਤਾੜਨਾ ਤੇ ਚੇਤਾਵਨੀ ਦਿੱਤੀ ਗਈ।
ਜਥੇਦਾਰ ਸਾਹਿਬ ਨੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ‘ਚ ਅਰਦਾਸ ਕੀਤੀ ਕਿ ਸਿੱਖ ਕੌਮ ਅਤੇ ਸਿੱਖ ਸੰਸਥਾਵਾਂ ਦੀ ਮਾਣ-ਮਰਿਆਦਾ ਹਮੇਸ਼ਾ ਬੁਲੰਦ ਰਹੇ ਤੇ ਸਮੁੱਚੀ ਕੌਮ ਚੜ੍ਹਦੀ ਕਲਾ ‘ਚ ਅੱਗੇ ਵਧੇ।
