ਸਕੂਲ ਬਦਲਿਆ ਪਰ ਨਹੀਂ ਖਤਮ ਹੋਈ ਦੁਸ਼ਮਣੀ, ਜਾਣੋ ਚੰਡੀਗੜ੍ਹ ਨੈਤਿਕ ਕਤਲਕਾਂਡ ਦੀ ਪੂਰੀ ਕਹਾਣੀ

Updated On: 

23 Oct 2026 10:55 AM IST

ਚੰਡੀਗੜ੍ਹ ਦੇ ਵਿਦਿਆਰਥੀ ਦੇ ਕਤਲ ਕੇਸ ਵਿੱਚ ਪੁਲਿਸ ਨੂੰ ਚਸ਼ਮਦੀਦਾਂ ਦੇ ਬਿਆਨਾਂ ਵਿੱਚ ਮਹੱਤਵਪੂਰਨ ਸੁਰਾਗ ਮਿਲੇ ਹਨ। ਨੈਤਿਕ ਪਹਿਲਾਂ ਸੇਂਟ ਜੋਸਫ਼ ਸਕੂਲ ਵਿੱਚ ਪੜ੍ਹਦਾ ਸੀ ਪਰ ਵਿਵਾਦ ਵਧਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਸਕੂਲ ਬਦਲ ਦਿੱਤਾ ਸੀ।

ਸਕੂਲ ਬਦਲਿਆ ਪਰ ਨਹੀਂ ਖਤਮ ਹੋਈ ਦੁਸ਼ਮਣੀ, ਜਾਣੋ ਚੰਡੀਗੜ੍ਹ ਨੈਤਿਕ ਕਤਲਕਾਂਡ ਦੀ ਪੂਰੀ ਕਹਾਣੀ

ਚੰਡੀਗੜ੍ਹ 'ਚ ਨੈਤਿਕ ਦਾ ਕਤਲ

Chandigarh Naitik Murder Case: ਚੰਡੀਗੜ੍ਹ ਦੇ ਸੈਕਟਰ-22 ‘ਚ ਨੈਤਿਕ ਕਤਲ ਕਾਂਡ ‘ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਮੁਤਾਬਕ ਦੋ ਨਾਬਾਲਗਾਂ ਦੀ ਪੁਰਾਣੀ ਰੰਜਿਸ਼ ਇਸ ਘਟਨਾ ਦਾ ਕਾਰਨ ਬਣੀ। ਇਲਜ਼ਾਮ ਹੈ ਕਿ ਸੈਕਟਰ-34 ‘ਚ ਹੋਈ ਕੁੱਟਮਾਰ ਅਤੇ ਇੰਸਟਾਗ੍ਰਾਮ ‘ਤੇ ਉਸ ਦੀ ਵੀਡੀਓ ਵਾਇਰਲ ਹੋਣ ਤੋਂ ਗੁੱਸੇ ‘ਚ ਆਏ ਨਾਬਾਲਗ ਨੇ ਆਪਣੇ ਦੋਸਤਾਂ ਨਾਲ ਨੈਤਿਕ ਦਾ ਪਿੱਛਾ ਕੀਤਾ ਅਤੇ ਕਰੀਬ ਇੱਕ ਘੰਟੇ ਬਾਅਦ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪਿਸਤੌਲ ਬਰਾਮਦ ਕਰ ਲਿਆ ਹੈ।

ਪੁਲਿਸ ਸੂਤਰਾਂ ਅਨੁਸਾਰ, ਘਟਨਾ ਤੋਂ ਲਗਭਗ ਇੱਕ ਘੰਟਾ ਪਹਿਲਾਂ, ਨੈਤਿਕ ਅਤੇ ਉਸ ਦੇ ਦੋਸਤ ਦਾ ਸਾਹਮਣਾ ਸੈਕਟਰ 34 ਵਿੱਚ ਮੁਲਜ਼ਮ ਨਾਬਾਲਗ ਨਾਲ ਹੋਇਆ ਸੀ। ਇਲਜ਼ਾਮ ਹੈ ਕਿ ਦੋਵਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਅਪਲੋਡ ਕੀਤਾ। ਇਸ ਤੋਂ ਗੁੱਸੇ ਵਿੱਚ ਆ ਕੇ, ਮੁਲਜ਼ਮ ਨੇ ਆਪਣੇ ਦੋਸਤਾਂ ਨੂੰ ਬੁਲਾਇਆ ਅਤੇ ਨੈਤਿਕ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ, ਸੈਕਟਰ 22 ਵਿੱਚ ਸਨਾਤਨ ਧਰਮ ਮੰਦਰ ਦੇ ਸਾਹਮਣੇ ਨੈਤਿਕ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਮਲੇ ਵਿੱਚ ਮੁਲਜ਼ਮ ਦੇ ਨਾਲ ਕਿੰਨੇ ਲੋਕ ਸ਼ਾਮਲ ਸਨ।

ਆਟੋ ਵਿੱਚ ਘਰ ਵਾਪਸ ਆ ਰਿਹਾ ਸੀ ਨੈਤਿਕ, ਰਸਤੇ ‘ਚ ਮਾਰੀ ਗੋਲੀ

ਨੈਤਿਕ ਆਪਣੇ ਦੋਸਤ ਨਾਲ ਸੈਕਟਰ 34 ਤੋਂ ਸੈਕਟਰ 22 ਨੂੰ ਆਟੋ-ਰਿਕਸ਼ਾ ਵਿੱਚ ਘਰ ਵਾਪਸ ਆ ਰਿਹਾ ਸੀ। ਜਦੋਂ ਇੱਕ ਬਾਈਕ ‘ਤੇ ਸਵਾਰ ਨੌਜਵਾਨਾਂ ਦੇ ਇੱਕ ਸਮੂਹ ਨੇ ਉਨ੍ਹਾਂ ਕੋਲ ਪਹੁੰਚ ਕੀਤੀ ਤਾਂ ਨੈਤਿਕ ਨੂੰ ਖ਼ਤਰਾ ਮਹਿਸੂਸ ਹੋਇਆ ਅਤੇ ਉਸ ਨੇ ਆਟੋ ਡਰਾਈਵਰ, ਸਿਕੰਦਰ ਪਾਸਵਾਨ ਨੂੰ ਗੱਡੀ ਤੇਜ਼ ਚਲਾਉਣ ਲਈ ਕਿਹਾ।

ਇਲਜ਼ਾਮ ਹੈ ਕਿ ਗੱਡੀ ਦਾ ਪਿੱਛਾ ਕਰ ਰਹੇ ਨਾਬਾਲਗ ਨੇ ਗੱਡੀ ‘ਤੇ ਤਿੰਨ ਗੋਲੀਆਂ ਚਲਾਈਆਂ। ਇੱਕ ਗੋਲੀ ਡਰਾਈਵਰ ਦੇ ਮੋਢੇ ਨੂੰ ਛੂਹ ਕੇ ਵਿੰਡਸ਼ੀਲਡ ਵਿੱਚੋਂ ਲੰਘ ਗਈ, ਜਦੋਂ ਕਿ ਦੂਜੀ ਗੋਲੀ ਨੈਤਿਕ ਦੀ ਛਾਤੀ ਵਿੱਚ ਲੱਗੀ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜ਼ਖਮੀ ਆਟੋ ਡਰਾਈਵਰ ਦਾ GMSH-16 ਵਿੱਚ ਇਲਾਜ ਚੱਲ ਰਿਹਾ ਹੈ। ਨੈਤਿਕ ਦਾ ਦੋਸਤ, ਜੋ ਉਸ ਦੇ ਨਾਲ ਸੀ ਹਮਲੇ ਵਿੱਚ ਵਾਲ-ਵਾਲ ਬਚ ਗਿਆ।

ਸਕੂਲ ਬਦਲਣ ਤੋਂ ਬਾਅਦ ਵੀ ਰੰਜ਼ੀਸ਼ ਜਾਰੀ

ਪੁਲਿਸ ਸੂਤਰਾਂ ਅਨੁਸਾਰ, ਨੈਤਿਕ ਸੈਕਟਰ 32 ਦੇ ਐਸਡੀ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਪਹਿਲਾਂ ਉਹ ਸੇਂਟ ਜੋਸਫ਼ ਸਕੂਲ ਵਿੱਚ ਪੜ੍ਹਦਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਝਗੜਾ ਪੁਰਾਣੇ ਸਕੂਲ ਵਿੱਚ ਸ਼ੁਰੂ ਹੋਇਆ ਸੀ। ਕਥਿਤ ਤੌਰ ‘ਤੇ ਉਨ੍ਹਾਂ ਨੇ ਕਈ ਵਾਰ ਗਾਲੀ-ਗਲੋਚ ਅਤੇ ਝਗੜਾ ਕੀਤਾ ਹੈ।

ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਇੱਕ ਦੂਜੇ ਦੀਆਂ ਵੀਡੀਓ ਬਣਾਉਂਦੇ ਸਨ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਦੇ ਸਨ। ਝਗੜਾ ਵਧਣ ਤੋਂ ਬਾਅਦ, ਨੈਤਿਕ ਦੇ ਪਰਿਵਾਰ ਨੇ ਉਸ ਨੂੰ ਸਕੂਲ ਬਦਲਣ ਲਈ ਕਿਹਾ। ਇਹ ਵੀ ਸਾਹਮਣੇ ਆਇਆ ਹੈ ਕਿ ਦੋਵਾਂ ਦਾ ਇੱਕ ਸਹਿਪਾਠੀ ਨੂੰ ਲੈ ਕੇ ਝਗੜਾ ਹੋਇਆ ਸੀ। ਹਾਲਾਂਕਿ, ਪੁਲਿਸ ਇਨ੍ਹਾਂ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

ਮੁਲਜ਼ਮ ਹਿਰਾਸਤ ਵਿੱਚ, ਪਿਸਤੌਲ ਬਰਾਮਦ

ਕਤਲ ਤੋਂ ਬਾਅਦ, ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਜਾਂਚ ਤੇਜ਼ ਕਰ ਦਿੱਤੀ। ਅਪਰਾਧ ਵਾਲੀ ਥਾਂ ਤੋਂ ਮਿਲੇ ਸੁਰਾਗਾਂ, ਡੈਸ਼ਕੈਮ ਫੁਟੇਜ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ‘ਤੇ, 17 ਸਾਲਾ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੇ ਕਥਿਤ ਤੌਰ ‘ਤੇ ਉਸ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ।

ਕਤਲ ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਨੇ ਹਥਿਆਰ ਕਿੱਥੋਂ ਪ੍ਰਾਪਤ ਕੀਤਾ ਅਤੇ ਇਸ ਅਪਰਾਧ ਵਿੱਚ ਹੋਰ ਕੌਣ ਸ਼ਾਮਲ ਸੀ। ਇਸ ਘਟਨਾ ਨੇ ਨਾਬਾਲਗਾਂ ਵਿੱਚ ਵੱਧ ਰਹੀ ਹਿੰਸਾ ਅਤੇ ਸੋਸ਼ਲ ਮੀਡੀਆ ‘ਤੇ ਨਿੱਜੀ ਝਗੜਿਆਂ ਨੂੰ ਜਨਤਕ ਕਰਨ ਦੇ ਖਤਰਨਾਕ ਨਤੀਜਿਆਂ ਬਾਰੇ ਸਵਾਲ ਖੜ੍ਹੇ ਕੀਤੇ ਹਨ।

Loading...
Unable to load recommendations.
Follow Us