SIR ਕਰਵਾਈਏ, 20-25 ਹਜ਼ਾਰ ਵੋਟਾਂ ਕਟਵਾਈਏ, ਆਪਣਾ MLA ਬਣਵਾਈਏ… ਕਥਿਤ ਵੀਡੀਓ ‘ਤੇ ਛਿੜਿਆ ਵਿਵਾਦ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਰੇਣੁ ਕਸ਼ਯਪ ਨੇ ਕਿਹਾ ਕਿ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਹ ਕੋਈ ਜਨਤਕ ਬਿਆਨ (ਪਬਲਿਕ ਡੋਮੇਨ) ਨਹੀਂ ਸੀ। ਇਹ ਪਾਰਟੀ ਦੇ ਅੰਦਰੂਨੀ ਵਰਕਰਾਂ ਤੇ ਭੈਣ-ਭਰਾਵਾਂ ਦੀ ਇੱਕ ਨਿੱਜੀ ਬੈਠਕ ਦੀ ਗੱਲਬਾਤ ਹੈ। ਜਿਸ 'ਚ ਉਹ ਹਮੇਸ਼ਾ ਦੀ ਤਰ੍ਹਾਂ ਆਪਣੇ ਇਲਾਕੇ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਹੇ ਸਨ।
ਸੋਸ਼ਲ ਮੀਡੀਆ ‘ਤੇ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਇੱਕ ਵੀਡੀਓ, ਜਿਸ ‘ਚ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਅਤੇ ਦੀਨਾਨਗਰ ਹਲਕੇ ਦੀ ਇੰਚਾਰਜ ਰੇਣੁ ਕਸ਼ਯਪ ਵੱਲੋਂ “SIR ਕਰਵਾਈਏ, 20-25 ਹਜ਼ਾਰ ਵੋਟਾਂ ਕਟਵਾਈਏ ਤੇ ਆਪਣਾ MLA ਬਣਵਾਈਏ” ਦਾ ਕਥਿਤ ਬਿਆਨ ਦਿੱਤਾ ਗਿਆ ਸੀ। ਵੀਡਿਓ ਵਾਇਰਲ ਹੋਣ ਤੋਂ ਬਾਅਦ ਅੱਜ ਰੇਣੁ ਕਸ਼ਯਪ ਨੇ ਪ੍ਰੈੱਸ ਦੇ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਵਿਰੋਧੀ ਧਿਰਾਂ ਤੇ ਸੋਸ਼ਲ ਮੀਡੀਆ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਚਲਾਈ ਜਾ ਰਹੀ, ਇਸ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਰੇਣੁ ਕਸ਼ਯਪ ਨੇ ਕਿਹਾ ਕਿ ਜੋ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਹ ਕੋਈ ਜਨਤਕ ਬਿਆਨ (ਪਬਲਿਕ ਡੋਮੇਨ) ਨਹੀਂ ਸੀ। ਇਹ ਪਾਰਟੀ ਦੇ ਅੰਦਰੂਨੀ ਵਰਕਰਾਂ ਤੇ ਭੈਣ-ਭਰਾਵਾਂ ਦੀ ਇੱਕ ਨਿੱਜੀ ਬੈਠਕ ਦੀ ਗੱਲਬਾਤ ਹੈ। ਜਿਸ ‘ਚ ਉਹ ਹਮੇਸ਼ਾ ਦੀ ਤਰ੍ਹਾਂ ਆਪਣੇ ਇਲਾਕੇ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਬੈਠਕ ਦਾ ਮੁੱਖ ਮਕਸਦ ਕੇਵਲ ਆਪਣੇ ਹਲਕੇ ਦੇ ਨਿਵਾਸੀਆਂ ਨੂੰ ਸਹੀ ਤਰੀਕੇ ਨਾਲ ਵੋਟ ਬਣਾਉਣ ਦੀ ਪ੍ਰਕਿਰਿਆ ਤੇ ਵੋਟ ਦੀ ਰੱਖਿਆ ਕਰਨ ਬਾਰੇ ਜਾਗਰੂਕ ਕਰਨਾ ਸੀ ਤਾਂ ਜੋ ਆਉਣ ਵਾਲੀਆਂ ਚੋਣਾਂ ‘ਚ ਦੀਨਾਨਗਰ ਦੇ ਕਿਸੇ ਵੀ ਜਾਇਜ਼ ਨਾਗਰਿਕ ਦੀ ਵੋਟ ਬਣਨ ਤੋਂ ਰਹਿ ਨਾ ਜਾਵੇ।
ਰੇਣੁ ਕਸ਼ਯਪ ਨੇ ਕਿਹਾ ਮੇਰੇ ਕਹਿਣ ‘ਤੇ ਨਾ ਤਾਂ ਵੋਟਾਂ ਕੱਟੀਆਂ ਜਾ ਸਕਦੀਆਂ ਹਨ ਤੇ ਨਾ ਹੀ ਬਣਾਈਆਂ ਜਾ ਸਕਦੀਆਂ ਹਨ। ਇਹ ਸਾਰਾ ਕੰਮ ਚੋਣ ਕਮਿਸ਼ਨ ਤੇ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਹੁੰਦਾ ਹੈ। ਮੈਂ ਕੇਵਲ ਨਾਜਾਇਜ਼ ਤੇ ਫਰਜ਼ੀ ਵੋਟਾਂ ਵਿਰੁੱਧ ਕਾਰਵਾਈ ਦੀ ਗੱਲ ਕੀਤੀ ਸੀ।
ਵੋਟਾਂ ਕਟਵਾਉਣ ਦੇ ਬਿਆਨ ‘ਤੇ ਡੂੰਘਾਈ ਨਾਲ ਸਪੱਸ਼ਟੀਕਰਨ ਦਿੰਦੇ ਹੋਏ ਰੇਣੁ ਕਸ਼ਯਪ ਨੇ ਕਿਹਾ ਕਿ ਉਨ੍ਹਾਂ ਦਾ ਇਸ਼ਾਰਾ ਸਿਰਫ਼ ਉਨ੍ਹਾਂ ਵੋਟਾਂ ਵੱਲ ਸੀ, ਜੋ ਗਲਤ ਜਾਂ ਨਾਜਾਇਜ਼ ਤਰੀਕੇ ਨਾਲ, ਨਿਯਮਾਂ ਦੀ ਉਲੰਘਣਾ ਕਰਕੇ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਇੱਕ ਤੋਂ ਵੱਧ ਥਾਵਾਂ ‘ਤੇ ਫਰਜ਼ੀ ਵੋਟਾਂ ਬਣਾਈਆਂ ਹਨ। ਉਹ ਬਿਲਕੁਲ ਕੱਟੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ 20-25 ਹਜ਼ਾਰ ਵੋਟਾਂ ਕਟਵਾਉਣ ਦੇ ਅੰਕੜੇ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਅਜਿਹੀ ਬਿਆਨਬਾਜ਼ੀ ‘ਚ ਆਧੁਨਿਕ ਤਕਨਾਲੋਜੀ (AI) ਜਾਂ ਵੀਡੀਓ ਐਡੀਟਿੰਗ ਰਾਹੀਂ ਬਿਆਨਾਂ ਨੂੰ ਕੱਟ-ਵੱਢ ਕੇ ਛੇੜਛਾੜ ਕੀਤੇ ਜਾਣ ਦਾ ਪੂਰਾ ਖ਼ਦਸ਼ਾ ਹੈ। ਜਿਸ ਦੀ ਉਹ ਜਾਂਚ ਵੀ ਕਰਵਾਉਣਗੇ।
ਪ੍ਰਸ਼ਾਸਨ ਵੀਡੀਓ ਦੀ ਕਰ ਰਿਹਾ ਜਾਂਚ
ਉਧਰ ਹੀ ਦੂਜੇ ਪਾਸੇ, ਜਦੋਂ ਇਸ ਸਾਰੇ ਮਾਮਲੇ ਸਬੰਧੀ ਦੀਨਾਨਗਰ ਦੇ ਐਸ.ਡੀ.ਐਮ. ਗਗਨਦੀਪ ਸਿੰਘ ਨੇ ਇਸ ਮਾਮਲੇ ‘ਤੇ ਕਿਹਾ ਕਿ ਇਹ ਵੀਡੀਓ ਉਨ੍ਹਾਂ ਦੇ ਧਿਆਨ ‘ਚ ਆਈ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਇਸ ਵੀਡੀਓ ਦੀ ਸੱਚਾਈ ਦੀ ਜਾਂਚ ਕਰ ਰਿਹਾ ਹੈ। ਇਸ ਤੋਂ ਇਲਾਵਾ, ਪ੍ਰਸ਼ਾਸਨ ਇਸ ਵੀਡੀਓ ਬਾਰੇ ਰੇਣੁ ਕਸ਼ਯਪ ਤੋਂ ਜਵਾਬ ਵੀ ਮੰਗ ਰਿਹਾ ਹ ਤਾਂ ਜੋ ਇਸ ਦੇ ਅਸਲ ਅਰਥ ਸਮਝੇ ਜਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ‘ਤੇ ਉਨ੍ਹਾਂ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ, ਪਰ ਉਹ ਇਸ ਮਾਮਲੇ ਦਾ ਸੂਓ ਮੋਟੋ (Suo Motu) ਨੋਟਿਸ ਲੈ ਕੇ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
