ਡਾ. ਸਿੰਘ ਦੀ ਫੋਟੋ ਦਾ ਵਿਵਾਦ, ਹੁਣ SGPC ਕਰੇਗੀ ਮੁੜ ਵਿਚਾਰ, ਰਾਜੋਆਣਾ ਨੇ ਜਤਾਇਆ ਇਤਰਾਜ਼
ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਵੱਲੋਂ ਸਿੱਖ ਅਜਾਇਬ ਘਰ ਵਿੱਚ ਲੱਗਣ ਵਾਲੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨੂੰ ਲੈਕੇ ਸਵਾਲ ਖੜ੍ਹੇ ਕੀਤੇ ਸਨ। ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇਗੀ। ਦਰਅਸਲ ਡਾਕਟਰ ਮਨਮੋਹਨ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਨਮਾਨ ਵਿੱਚ SGPC ਨੇ ਉਹਨਾਂ ਦੀ ਤਸਵੀਰ ਲਗਾਉਣ ਦਾ ਫੈਸਲਾ ਲਿਆ ਸੀ।

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਨਮਾਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਫੈਸਲਾ ਲਿਆ ਸੀ। ਜਿਸ ਤੋਂ ਬਾਅਦ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ SGPC ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।
ਬਲਵੰਤ ਸਿੰਘ ਰਾਜੋਆਣਾ ਨੇ ਬੀਤੇ ਦਿਨ ਜੇਲ੍ਹ ਵਿੱਚੋਂ ਚਿੱਠੀ ਲਿਖਕੇ SGPC ਸਾਹਮਣੇ ਆਪਣਾ ਇਤਰਾਜ ਦਰਜ਼ ਕਰਵਾਇਆ ਹੈ। ਦਰਅਸਲ ਉਹਨਾਂ ਵੱਲੋਂ ਹਵਾਲਾ ਦਿੱਤਾ ਗਿਆ ਹੈ ਕਿ ਡਾਕਟਰ ਮਨਮੋਹਨ ਸਿੰਘ ਉਸ ਪਾਰਟੀ ਤੋਂ ਪ੍ਰਧਾਨਮੰਤਰੀ ਚੁਣੇ ਗਏ ਸਨ ਜਿਨ੍ਹਾਂ ਉੱਪਰ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਅਤੇ ਦਿੱਲੀ ਵਿੱਚ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਦੇ ਇਲਜ਼ਾਮ ਹਨ। ਉਹਨਾਂ ਨੇ SGPC ਤੇ ਸਵਾਲ ਚੁੱਕੇ ਸਨ ਕਿ ਸਿੱਖ ਅਜਾਇਬ ਘਰ ਅੰਦਰ ਉਹਨਾਂ ਲੋਕਾਂ ਦੀਆਂ ਤਸਵੀਰਾਂ ਲੱਗਦੀਆਂ ਹਨ। ਜਿਨ੍ਹਾਂ ਦਾ ਪੰਥ ਲਈ ਕੋਈ ਵਿਸ਼ੇਸ ਯੋਗਦਾਨ ਹੋਵੇ।
ਜੇਲ੍ਹ ਵਿੱਚੋਂ ਲਿਖੇ ਪੱਤਰ ਵਿੱਚ ਰਾਜੋਆਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਆਪਣਾ ਫੈਸਲਾ ਵਾਪਸ ਲੈਣ।

ਰਾਜੋਆਣਾ ਵੱਲੋਂ ਲਿਖੀ ਗਈ ਚਿੱਠੀ
SGPC ਕਰੇਗੀ ਮੁੜ ਵਿਚਾਰ
ਬਲਵੰਤ ਸਿੰਘ ਰਾਜੋਆਣਾ ਵੱਲੋਂ ਕੀਤੇ ਇਤਰਾਜ਼ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਚਾਰ ਕੀਤਾ ਜਾਵੇਗਾ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਾਜੋਆਣਾ ਵੱਲੋਂ ਉਠਾਏ ਗਏ ਮੁੱਦਿਆਂ ਤੇ ਕਮੇਟੀ ਵੱਲੋਂ ਵਿਚਾਰ ਕਰਨ ਮਗਰੋਂ ਕੋਈ ਫੈਸਲਾ ਲਿਆ ਜਾਵੇਗਾ।