ਜਾਅਲੀ ਦਸਤਾਵੇਜਾਂ ਨਾਲ ਕੀਤੀ ਕ੍ਰਿਕੇਟਰਾਂ ਦੀ ਚੋਣ, ਮਾਮਲਾ ਦਰਜ।
ਮਾਨਸਾ ਨਿਊਜ਼: ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ (DCA) ਮਾਨਸਾ ਦੀ ਮਿਲੀਭੁਗਤ ਨਾਲ ਬਾਹਰਲੀਆਂ ਸਟੇਟਾਂ ਅਤੇ ਵੱਡੀ ਉਮਰ ਦੇ ਖਿਡਾਰੀਆਂ ਵੱਲੋਂ
ਪੰਜਾਬ ਦੇ ਜਾਅਲ੍ਹੀ ਆਧਾਰ ਕਾਰਡ, ਵੋਟਰ ਕਾਰਡ ਅਤੇ ਜਨਮ ਸਰਟੀਫਿਕੇਟ ਤਿਆਰ ਕਰਕੇ ਛੋਟੀ ਉਮਰ ਗਰੁੱਪਾਂ ਵਿੱਚ ਖੇਡਣ ਦੇ ਗੋਲਮਾਲ ਦਾ ਪੁਲਿਸ ਨੇ ਪਰਦਾਫਾਸ਼ (Police exposed) ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਖਿਡਾਰੀਆਂ ਸਕਸ਼ਮ ਕੁਮਾਰ, ਜਸਪ੍ਰੀਤ ਸਿੰਘ, ਰਣਦੀਪ ਸਿੰਘ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਜਗਮੋਹਣ ਸਿੰਘ ਖ਼ਿਲਾਫ਼ ਧੋਖਾਧੜੀ ਅਤੇ ਜਾਅਲਸਾਜ਼ੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਸ਼ਿਕਾਇਤਕਰਤਾ ਨੇ ਸਕੱਤਰ ਦੀ ਲਾਈਫ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ।
‘1997 ਦੀ ਥਾਂ ਜਨਮ ਤਰੀਕ ਬਦਲ ਕੇ ਕੀਤੀ 2003’
ਜ਼ਿਲਾ ਕ੍ਰਿਕਟ ਐਸੋਸੀਏਸ਼ਨ ਦੇ
ਗੋਰਖਧੰਦੇ ਖਿਲਾਫ ਕਾਰਵਾਈ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਵਾਲੇ ਸ਼ਹਿਰ ਨਿਵਾਸੀ ਐਡਵੋਕੇਟ ਅਮਨ ਮਿੱਤਲ ਨੇ ਦੱਸਿਆ ਕਿ ਇਹ ਮਾਮਲਾ ਹੈ ਕਿ ਗਲਤ ਡਾਕੂਮੈਂਟ ਤਿਆਰ ਕਰਕੇ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਮਾਨਸਾ ਦੇ ਵਿੱਚ ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰ, ਫਿਰ ਸਟੇਟ ਪੱਧਰ ਅਤੇ ਇੱਕ ਖਿਡਾਰੀ ਨੂੰ ਨੈਸ਼ਨਲ ਕੈਂਪ ਤੱਕ ਵੀ ਲਿਜਾਇਆ ਗਿਆ। ਉਹਨਾਂ ਕਿਹਾ ਕਿ ਮਾਮਲਾ ਕੁੱਝ ਸ਼ੱਕੀ ਲੱਗਿਆ ਤਾਂ ਘੋਖ ਕਰਕੇ 30-12-2022 ਨੂੰ ਇਸਦੀ ਸ਼ਿਕਾਇਤ ਐਸ ਐਸ ਪੀ ਨੂੰ ਦਿੱਤੀ ਕਿ ਇਹ ਮਾਮਲਾ ਸ਼ੱਕੀ ਹੈ ਅਤੇ ਇਹ ਆਪਣੀ ਉਮਰ ਛੋਟੀ ਕਰਕੇ ਖੇਡਦੇ ਹਨ। ਉਨ੍ਹਾਂ ਦੱਸਿਆ ਮੇਰੀ ਦਰਖਾਸਤ ਤੇ ਗੋਰ ਕਰਦਿਆਂ ਐਸਐਸਪੀ ਨੇ ਮੇਰੀ ਦਰਖਾਸਤ ਜਾਂਚ ਲਈ ਡੀ ਐਸ ਪੀ (ਡੀ) ਨੂੰ ਭੇਜ ਦਿੱਤੀ। ਉਹਨਾਂ ਦੱਸਿਆ ਕਿ ਜਾਂਚ ਵਿੱਚ ਪਾਇਆ ਗਿਆ ਕੇ ਤਿੰਨ ਖਿਡਾਰੀ ਸਕਸ਼ਮ ਮਿੱਤਲ ਜਿਸ ਦਾ ਜਨਮ 1997 ਵਿੱਚ ਸੀ ਪਰ ਉਸ ਨੇ ਜਨਮ ਤਰੀਕ ਬਦਲ ਕੇ 2003 ਕਰ ਲਈ ਉਸ ਦੇ
ਕਾਗ਼ਜ਼ ਵੀ ਜਾਅਲੀ (Fake Documents) ਪਾਏ ਗਏ ਹਨ।
‘ਸਹੀ ਖਿਡਾਰੀਆਂ ਦਾ ਹੱਕ ਮਾਰਿਆ’
ਇਸ ਤੋਂ ਬਾਅਦ ਖਿਡਾਰੀ ਰਣਦੀਪ ਸਿੰਘ ਇਸ ਦਾ ਜਨਮ 2001 ਦਾ ਹੈ ਉਸ ਨੇ ਵੀ ਜਨਮ ਤਰੀਕ 2003 ਕਰ ਲਈ, ਅਤੇ ਤੀਸਰੇ ਖਿਡਾਰੀ ਜਸਪ੍ਰੀਤ ਸਿੰਘ ਦੀ ਉਮਰ ਵਿੱਚ ਵੀ ਪੰਜ-ਛੇ ਸਾਲ ਦਾ ਫ਼ਰਕ ਸੀ। ਉਹਨਾਂ ਦੱਸਿਆ ਕਿ ਸਕਸ਼ਮ ਮਿੱਤਲ ਅਤੇ ਰਣਦੀਪ ਸਿੰਘ ਜਿੱਥੇ ਪੰਜਾਬ ਖੇਡ ਚੁੱਕੇ ਹਨ ਉੱਥੇ ਸਕਸ਼ਮ ਮਿੱਤਲ
ਨੈਸ਼ਨਲ ਕੈਂਪ ਵਿੱਚ ਵੀ ਹਿੱਸਾ ਲੈ ਕੇ ਆਇਆ ਹੈ। ਜਦੋਂ ਕਿ ਜਸਪ੍ਰੀਤ ਸਿੰਘ ਜ਼ਿਲਾ ਪੱਧਰ ਤੱਕ ਖੇਡ ਚੁੱਕਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਨੇ ਸਹੀ ਖਿਡਾਰੀਆਂ ਦਾ ਹੱਕ ਮਾਰਿਆ। ਉਹਨਾਂ ਦੱਸਿਆ ਕਿ ਜਦੋਂ ਜਾਂਚ ਦੌਰਾਨ ਪੁਲਿਸ ਵੱਲੋਂ ਸਕੱਤਰ ਜ਼ਿਲ੍ਹਾ
ਕ੍ਰਿਕਟ ਐਸੋਸੀਏਸ਼ਨ ਤੋਂ ਰਿਕਾਰਡ ਦੀ ਮੰਗ ਕੀਤੀ ਗਈ ਤਾਂ ਉਸਨੇ ਰਿਕਾਰਡ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਿਕਾਇਤ ਕਰਤਾ ਨੇ ਸਕੱਤਰ ਦੀ ਲਾਈਫ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ। ਅਤੇ ਇਸ ਦੀ ਡੂੰਘੀ ਜਾਂਚ ਕਰਕੇ ਹੋਰਾ ਨੂੰ ਵੀ ਜਾਂਚ ਵਿਚ ਲਿਆਂਦਾ ਜਾਵੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ