ਸੰਤ ਸੀਚੇਵਾਲ ਦੇ ਯਤਨਾਂ ਨਾਲ ਹੋਈ ਘਰ ਵਾਪਸੀ, ਓਮਾਨ ‘ਚ ਫਸੀਆਂ ਸਨ 4 ਭਾਰਤੀ ਕੁੜੀਆਂ, ਪੀੜਤਾ ਨੇ ਕੀਤਾ ਵੱਡਾ ਖੁਲਾਸਾ

Published: 

07 Feb 2026 14:53 PM IST

ਪੀੜਤਾ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਉਸਦੇ ਨਾਲ-ਨਾਲ ਓਮਾਨ ਵਿੱਚ ਕਰੀਬ 100 ਦੇ ਆਸ-ਪਾਸ ਹੋਰ ਭਾਰਤੀ ਲੜਕੀਆਂ ਵੀ ਇਸੇ ਤਰ੍ਹਾਂ ਫਸੀਆਂ ਹੋਈਆਂ ਸਨ। ਉਸਨੇ ਕਿਹਾ ਕਿ ਇੱਕ ਲੜਕੀ ਦੇ ਨਿਕਲਣ ਨਾਲ ਹੀ ਗਿਰੋਹ ਵੱਲੋਂ ਉਸ ਦੀ ਥਾਂ ਦੂਜੀ ਲੜਕੀ ਲਿਆਂਦੀ ਜਾਂਦੀ ਹੈ।

ਸੰਤ ਸੀਚੇਵਾਲ ਦੇ ਯਤਨਾਂ ਨਾਲ ਹੋਈ ਘਰ ਵਾਪਸੀ, ਓਮਾਨ ਚ ਫਸੀਆਂ ਸਨ 4 ਭਾਰਤੀ ਕੁੜੀਆਂ, ਪੀੜਤਾ ਨੇ ਕੀਤਾ ਵੱਡਾ ਖੁਲਾਸਾ
Follow Us On

ਵਿਦੇਸ਼ ਦੀ ਚਮਕ-ਧਮਕ ਵਾਲੀ ਜ਼ਿੰਦਗੀ ਅਤੇ ਝੂਠੇ ਸੁਪਨੇ ਅੱਜ ਕਈ ਭਾਰਤੀ ਲੜਕੀਆਂ ਦੀ ਜ਼ਿੰਦਗੀ ਨਰਕ ਬਣਾ ਰਹੇ ਹਨ। ਦੁਖਦਾਈ ਗੱਲ ਇਹ ਹੈ ਕਿ ਕਈ ਮਾਮਲਿਆਂ ਵਿੱਚ ਲੜਕੀਆਂ ਨੂੰ ਇਸ ਦਲਦਲ ਵਿੱਚ ਧੱਕਣ ਵਾਲਾ ਕੋਈ ਆਪਣਾ ਹੀ ਹੁੰਦਾ ਹੈ। ਅਜਿਹੀ ਹੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ। ਜਿੱਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਲਗਾਤਾਰ ਯਤਨਾਂ ਸਦਕਾ ਓਮਾਨ ਵਿੱਚ ਫਸੀਆਂ ਚਾਰ ਭਾਰਤੀ ਲੜਕੀਆਂ ਦੀ ਸੁਰੱਖਿਅਤ ਭਾਰਤ ਵਾਪਸੀ ਸੰਭਵ ਹੋ ਸਕੀ ਹੈ। ਇਨ੍ਹਾਂ ਵਿੱਚੋਂ ਤਿੰਨ ਲੜਕੀਆਂ ਪੰਜਾਬ ਦੀਆਂ ਅਤੇ ਇੱਕ ਕੇਰਲ ਦੀ ਰਹਿਣ ਵਾਲੀ ਹੈ।

ਪੀੜਤਾ ਨੇ ਸੁਣਾਈ ਆਪ-ਬੀਤੀ

ਅੱਜ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿੱਚ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੂੰ ਮਿਲਣ ਪਹੁੰਚੀ ਇੱਕ ਪੀੜਤਾ ਲੜਕੀ ਨੇ ਆਪਣੀ ਰੋਂਗਟੇ ਖੜੇ ਕਰਨ ਵਾਲੀ ਆਪ- ਬੀਤੀ ਸਾਂਝੀ ਕਰਦਿਆਂ ਕਿਹਾ ਕਿ, ਜੇਕਰ ਇੱਕ ਲੜਕੀ ਉੱਥੋਂ ਵਾਪਸ ਆ ਰਹੀ ਹੈ, ਤਾਂ ਉਸ ਦੀ ਥਾਂ ਕਈ ਹੋਰ ਲੜਕੀਆਂ ਨੂੰ ਫਸਾ ਦਿੱਤਾ ਜਾਂਦਾ ਹੈ।

ਮਨੁੱਖੀ ਤਸਕਰੀ ਦਾ ਜਾਲ

ਇਹ ਵਾਪਸੀ ਵਿਦੇਸ਼ ਮੰਤਰਾਲੇ ਅਤੇ ਓਮਾਨ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਸੰਭਵ ਹੋਈ। ਜਿਸ ਲਈ ਸੰਤ ਸੀਚੇਵਾਲ ਵੱਲੋਂ ਦਿਲੋਂ ਧੰਨਵਾਦ ਕੀਤਾ ਗਿਆ। ਸੰਤ ਸੀਚੇਵਾਲ ਨੇ ਦੱਸਿਆ ਕਿ ਦਸੰਬਰ ਮਹੀਨੇ ਦੌਰਾਨ ਵਿਦੇਸ਼ ਮੰਤਰਾਲੇ ਨੂੰ ਲਗਭਗ 70 ਲੜਕੀਆਂ ਬਾਰੇ ਲਿਖਤੀ ਰੂਪ ਵਿੱਚ ਜਾਣਕਾਰੀ ਦਿੱਤੀ ਗਈ ਸੀ, ਜੋ ਵਿਦੇਸ਼ਾਂ ਵਿੱਚ ਝੂਠੇ ਵਾਅਦਿਆਂ ਅਤੇ ਮਨੁੱਖੀ ਤਸਕਰੀ ਦੇ ਜਾਲ ਵਿੱਚ ਫਸੀਆਂ ਹੋਈਆਂ ਸਨ। ਅੱਜ ਉਨ੍ਹਾਂ ਵਿੱਚੋਂ ਇੱਕ ਪੀੜਤਾ ਧੰਨਵਾਦ ਪ੍ਰਗਟ ਕਰਨ ਲਈ ਸੰਤ ਸੀਚੇਵਾਲ ਕੋਲ ਪਹੁੰਚੀ। ਇਸ ਲੜਕੀ ਦਾ ਪਰਿਵਾਰ ਦਸੰਬਰ ਮਹੀਨੇ ਸਹਾਇਤਾ ਲਈ ਸੰਤ ਸੀਚੇਵਾਲ ਦੇ ਦਫਤਰ ਨਾਲ ਸੰਪਰਕ ਵਿੱਚ ਆਇਆ ਸੀ ਅਤੇ ਲੜਕੀ 2 ਫਰਵਰੀ ਨੂੰ ਸੁਰੱਖਿਅਤ ਤੌਰ ਤੇ ਭਾਰਤ ਵਾਪਸ ਪਹੁੰਚੀ।

ਪੀੜਤਾ ਨੇ ਦੱਸਿਆ ਕਿ ਉਹ ਮਈ 2024 ਵਿੱਚ ਆਪਣੀ ਹੀ ਕਜ਼ਨ ਭੈਣ ਦੇ ਰਾਹੀਂ ਓਮਾਨ ਗਈ ਸੀ, ਪਰ ਉਹ ਕਜ਼ਨ ਭੈਣ ਖੁਦ ਭਾਰਤ ਵਾਪਸ ਆ ਗਈ ਅਤੇ ਇਸ ਲੜਕੀ ਨੂੰ ਉੱਥੇ ਫਸਾ ਦਿੱਤਾ ਗਿਆ। ਓਮਾਨ ਪਹੁੰਚਦੇ ਹੀ ਉਸਦਾ ਪਾਸਪੋਰਟ ਜ਼ਬਰਦਸਤੀ ਖੋਹ ਲਿਆ ਗਿਆ ਅਤੇ ਦੋ ਸਾਲਾਂ ਦੇ ਜ਼ਬਰਦਸਤੀ ਕਰਾਰਨਾਮਿਆਂ ਤੇ ਦਸਤਖ਼ਤ ਕਰਵਾ ਲਏ ਗਏ। ਲੜਕੀ ਨੇ ਆਪਣੀ ਦਰਦਨਾਕ ਹੱਡ ਬੀਤੀ ਦੱਸਦਿਆਂ ਕਿਹਾ ਕਿ ਭਾਰੀ ਮਿਹਨਤ ਕਰਨ ਦੇ ਬਾਵਜੂਦ ਉਸ ਨੂੰ ਕਦੇ ਵੀ ਤਨਖ਼ਾਹ ਨਹੀਂ ਦਿੱਤੀ ਗਈ। ਛੋਟੀਆਂ-ਛੋਟੀਆਂ ਗੱਲਾਂ ਤੇ ਮਾਰਕੁੱਟ, ਤਸ਼ੱਦਦ ਅਤੇ ਅਮਾਨਵੀ ਸਲੂਕ ਸਹਿਣਾ ਪੈਂਦਾ ਸੀ। ਜਦੋਂ ਉਸਨੇ ਵਾਪਸੀ ਦੀ ਮੰਗ ਕੀਤੀ, ਤਾਂ ਸਪੋਂਸਰਾਂ ਵੱਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਗਈ ਜਾਂ ਹੋਰ ਲੜਕੀਆਂ ਭੇਜਣ ਲਈ ਦਬਾਅ ਬਣਾਇਆ ਜਾਂਦਾ ਸੀ।

ਪੀੜਤਾ ਨੇ ਕੀਤਾ ਵੱਡਾ ਖੁਲਾਸਾ

ਪੀੜਤਾ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਉਸਦੇ ਨਾਲ-ਨਾਲ ਓਮਾਨ ਵਿੱਚ ਕਰੀਬ 100 ਦੇ ਆਸ-ਪਾਸ ਹੋਰ ਭਾਰਤੀ ਲੜਕੀਆਂ ਵੀ ਇਸੇ ਤਰ੍ਹਾਂ ਫਸੀਆਂ ਹੋਈਆਂ ਸਨ। ਉਸਨੇ ਕਿਹਾ ਕਿ ਇੱਕ ਲੜਕੀ ਦੇ ਨਿਕਲਣ ਨਾਲ ਹੀ ਗਿਰੋਹ ਵੱਲੋਂ ਉਸ ਦੀ ਥਾਂ ਦੂਜੀ ਲੜਕੀ ਲਿਆਂਦੀ ਜਾਂਦੀ ਹੈ। ਉਸ ਨੇ ਇਹ ਵੀ ਦੱਸਿਆ ਕਿ ਓਮਾਨ ਵਿੱਚ ਕਾਨੂੰਨੀ ਸਖ਼ਤੀ ਵਧਣ ਕਾਰਨ ਹੁਣ ਬਿਨਾਂ ਸਪੋਂਸਰ ਜਾਂ ਉਸ ਦੇ ਉੱਪਰਲੇ ਸਪੋਂਸਰ ਦੀ ਮਨਜ਼ੂਰੀ ਤੋਂ ਬਿਨਾਂ ਵਾਪਸੀ ਲਗਭਗ ਅਸੰਭਵ ਹੋ ਗਈ ਹੈ। ਪੈਸਿਆਂ ਦੀ ਅਦਾਇਗੀ ਕੀਤੇ ਬਿਨਾਂ ਲੜਕੀਆਂ ਨੂੰ ਮੁੜ ਭੇਜਣ ਤੋਂ ਸਾਫ਼ ਇਨਕਾਰ ਕੀਤਾ ਜਾਂਦਾ ਹੈ।

ਹੁਣ ਸਖ਼ਤੀ ਕਾਰਨ ਮੁੰਬਈ ਤੋਂ ਲੜਕੀਆਂ ਨੂੰ ਭੇਜ ਰਹੇ ਵਿਦੇਸ਼

ਸੰਤ ਸੀਚੇਵਾਲ ਨੇ ਕਿਹਾ ਕਿ ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਦਿੱਲੀ ਏਅਰਪੋਰਟ ਤੇ ਵਧੀ ਸਖ਼ਤੀ ਕਾਰਨ ਇਹ ਗਿਰੋਹ ਲੜਕੀਆਂ ਨੂੰ ਮੁੰਬਈ ਰਾਹੀਂ ਵਿਦੇਸ਼ ਭੇਜ ਰਹੇ ਹਨ, ਤਾਂ ਜੋ ਕਾਨੂੰਨੀ ਜਾਂਚ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਵਿੱਚ ਸ਼ਾਮਲ ਗਿਰੋਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਗਿਰੋਹ ਖ਼ਾਸ ਕਰਕੇ ਗਰੀਬ ਅਤੇ ਮਜ਼ਬੂਰ ਪਰਿਵਾਰਾਂ ਦੀਆਂ ਧੀਆਂ ਨੂੰ ਝੂਠੇ ਸੁਪਨਿਆਂ ਨਾਲ ਨਿਸ਼ਾਨਾ ਬਣਾ ਰਹੇ ਹਨ।

ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਪੂਰੀ ਜਾਂਚ-ਪੜਤਾਲ ਅਤੇ ਸਹੀ ਜਾਣਕਾਰੀ ਦੇ ਕਿਸੇ ਵੀ ਏਜੰਟ ਜਾਂ ਝੂਠੇ ਵਾਅਦਿਆਂ ਦੇ ਝਾਂਸੇ ਵਿੱਚ ਆ ਕੇ ਆਪਣੀਆਂ ਧੀਆਂ ਨੂੰ ਵਿਦੇਸ਼ ਨਾ ਭੇਜਿਆ ਜਾਵੇ। ਜਾਗਰੂਕਤਾ ਹੀ ਇਸ ਭਿਆਨਕ ਅਪਰਾਧ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ।