UPSC Result: ਯੂਪੀਐਸਸੀ ਨਤੀਜਿਆਂ ‘ਚ 135ਵਾਂ ਰੈਂਕ ਹਾਸਲ ਕਰਕੇ ਲਹਿਰਾਗਾਗਾ ਦੇ ਰੋਬਿਨ ਬੰਸਲ ਨੇ ਵਧਾਇਆ ਇਲਾਕੇ ਦਾ ਮਾਨ
UPSC IAS IPS IFS Toppers 2023: UPSC ਸਿਵਲ ਸਰਵਿਸਿਜ਼ 2022 ਦਾ ਅੰਤਿਮ ਨਤੀਜਾ ਘੋਸ਼ਿਤ ਕੀਤਾ ਗਿਆ ਹੈ। ਇਸ਼ਿਤਾ ਕਿਸ਼ੋਰ ਨੇ ਟਾਪ ਕੀਤਾ ਹੈ। ਕੁੱਲ 933 ਉਮੀਦਵਾਰ ਸਫਲ ਐਲਾਨੇ ਗਏ। ਲਹਿਰਾਗਾਗਾ ਦੇ ਰੌਬਿਨ ਬੰਸਲ ਨੇ 135ਵਾਂ ਸਥਾਨ ਹਾਸਿਲ ਕੀਤਾ ਹੈ।

UPSC Civil Service Prelims Result 2023: ਸਿਵਲ ਸਰਵਿਸਿਜ਼ 2022 ਦਾ ਅੰਤਿਮ ਨਤੀਜਾ ਅੱਜ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਲਹਿਰਾਗਾਗਾ ਦੇ ਰੋਬਿਨ ਬਾਂਸਲ ਨੇ 135ਵਾਂ ਰੈਂਕ ਹਾਸਲ ਕੀਤਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।ਰੋਬਿਨ ਦਾ ਪਰਿਵਾਰ ਉਨ੍ਹਾਂ ਦੀ ਇਸ ਉਪਲੱਬਧੀ ਤੇ ਖੁਸ਼ੀ ਨਾਲ ਬੇਹੱਦ ਉਤਸ਼ਾਹਤ ਹੈ।
ਰੋਬਿਨ ਬਾਂਸਲ ਨੇ ਆਪਣੀ ਜ਼ਿੱਦ ਦੇ ਅੱਗੇ ਆਖ਼ਰਕਾਰ ਕਾਮਯਾਬੀ ਹਾਸਿਲ ਕਰ ਲਈ ਹੈ। ਆਪਣੀ ਮੰਜ਼ਿਲ ਨੂੰ ਹਾਸਲ ਕਰਨ ਲਈ ਲਗਾਤਾਰ ਸੰਘਰਸ਼ ਕਰ ਰਹੇ ਰੌਬਿਨ ਨੇ ਚੌਥੀ ਕੋਸ਼ਿਸ਼ ਵਿੱਚ ਯੂ.ਪੀ.ਐਸ.ਸੀ. ਦੇ ਨਤੀਜਿਆਂ ਵਿੱਚ ਵਾਹ-ਵਾਹਾ ਖੱਟੀ ਹੈ। ਰੋਬਿਨ ਬਾਂਸਲ ਨੇ ਪੂਰੇ ਦੇਸ਼ ਵਿੱਚ 135ਵਾਂ ਰੈਂਕ ਹਾਸਲ ਕੀਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੌਬਿਨ ਬਾਂਸਲ ਦੀ ਛੋਟੀ ਭੈਣ ਐਲੀਜ਼ਾ ਬਾਂਸਲ ਨੇ ਵੀ ਮੈਡੀਕਲ ਪ੍ਰੀਖਿਆ ‘ਚ ਦੇਸ਼ ਭਰ ‘ਚੋਂ ਪਹਿਲਾ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਸੀ। ਜਦੋਂ ਮੀਡੀਆ ਨੇ ਰੌਬਿਨ ਨਾਲ ਉਨ੍ਹਾਂ ਦੀ ਕਾਮਯਾਬੀ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਰਾ ਸਿਹਰਾ ਮਾਤਾ-ਪਿਤਾ, ਅਧਿਆਪਕ ਅਤੇ ਪਰਮਾਤਮਾ ਅਤੇ ਆਪਣੀ ਮੇਹਨਤ ਨੂੰ ਦਿੱਤਾ। ਇਸ ਉਪਲੱਬਧੀ ਨੂੰ ਹਾਸਿਲ ਕਰਨ ਤੋਂ ਬਾਅਦ ਹੁਣ ਰੌਬਿਨ ਨੇ ਪੁਲਿਸ ਦੇ ਡੰਡੇ ਦੀ ਨੀਤੀ ਨੂੰ ਮੁਹੱਬਤ ‘ਚ ਬਦਲਣ ਦਾ ਟੀਚਾ ਰੱਖਿਆ ਹੈ।
ਉੱਧਰ ਰੌਬਿਨ ਦੇ ਮਾਤਾ-ਪਿਤਾ ਧੀ ਤੋਂ ਬਾਅਦ ਪੁੱਤਰ ਨੂੰ ਮਿਲੀ ਇਸ ਵੱਡੀ ਕਾਮਯਾਬੀ ਤੋਂ ਬੇਹੱਦ ਖੁਸ਼ ਹਨ। ਉੱਧਰ, ਰੋਬਿਨ ਬਾਂਸਲ ਦੀ ਇਸ ਪ੍ਰਾਪਤੀ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਥੇ ਹੀ ਹਲਕਾ ਲਹਿਰਾਗਾਗਾ ਦੇ ਵਿਧਾਇਕ ਵਰਿੰਦਰ ਗੋਇਲ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਰੌਬਿਨ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਵਧਾਈ ਦਿੱਤੀ।
