SAD ਨੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੰਜੋਲੀ ਨੂੰ ਦਿਖਾਇਆ ਬਾਹਰ ਦਾ ਰਾਸਤਾ
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੂੰ ਵੀ ਪੰਜੌਲੀ ਵਿਰੁੱਧ ਕਾਰਵਾਈ ਲਈ ਲਿਖਿਆ ਜਾਵੇਗਾ ਅਤੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਵੀ ਇਕ ਪਤੱਰ ਲਿਖ ਕਰਨੈਲ ਸਿੰਘ ਪੰਜੋਲੀ ਵਲੋਂ ਵਰਤੀ ਗਈ ਭਾਸ਼ਾ ਦੇ ਸਬੰਧ ਵਿਚ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਨੇ ਪਾਰਟੀ ਦੇ ਸੀਨੀਅਰ ਆਗੂ ਸ. ਕਰਨੈਲ ਸਿੰਘ ਪੰਜੋਲੀ ਦੀਆਂ ਲਗਾਤਾਰ ਚੱਲ ਰਹੀਆਂ ਪਾਰਟੀ ਵਿਰੋਧੀ ਕਾਰਵਾਈਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸਨੂੰ 6 ਸਾਲ ਵਾਸਤੇ ਪਾਰਟੀ ਵਿੱਚੋਂ ਕੱਢਣ ਦੇ ਫੈਂਸਲੇ ਤੋਂ ਬਾਅਦ ਕਰਨੈਲ ਸਿੰਘ ਪੰਜੋਲੀ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕਰ ਪਾਰਟੀ ਤੋਂ ਕੱਢਣ ਤੇ ਸੁਖਬੀਰ ਸਿੰਘ ਬਾਦਲ ਅਤੇ ਅਨੁਸ਼ਾਸਨੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹੁਣ ਉਹ ਗੈਰ ਪੰਥਕ ਵਿਚਾਰਧਾਰਾ ਵਾਲੀ ਪਾਰਟੀ ਦੀਆਂ ਗੁਲਾਮੀ ਵਾਲੀਆਂ ਜੰਜੀਰਾਂ ਤੋਂ ਮੁਕਤ ਹੋ ਗਏ ਹਨ।ਉਹ ਹੁਣ ਅਜਾਦ ਹੋ ਕੇ ਪੰਥ ਤੇ ਪੰਜਾਬ ਦੀ ਡੱਟਕੇ ਗੱਲ ਕਰਨ ਲਈ ਇਕ ਅਜਿਹੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਰਨਗੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਸ ਜੱਥੇਬੰਦੀ ਵਿਚ ਉਨ੍ਹਾਂ ਸਾਰੀਆਂ ਪੰਥਕ ਧਿਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਜਿਹੜੀਆਂ ਪੰਥਕ ਹਿੱਤਾਂ ਦੀ ਰਾਖੀ ਲਈ ਜੰਗ ਲੜ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਇਕ ਜੱਥੇਬੰਦੀ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਦੀ ਨਿੱਜੀ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਹੈ ਅਤੇ ਉਹ ਪ੍ਰਾਈਵੇਟ ਲਿਮਟਿਡ ਕੰਪਨੀ ‘ਚੋਂ ਕਿਸੇ ਨੂੰ ਵੀ ਬਾਹਰ ਕੱਢ ਸਕਦੇ ਹਨ।