ਸ੍ਰੀ ਦਰਬਾਰ ਸਾਹਿਬ ਪਰਿਸਰ ‘ਚ ਗੁਟਕਾ ਸਾਹਿਬ ਦੀ ਬੇਅਦਬੀ, SGPC ਦੀ ਚੌਕਸੀ ਨਾਲ ਮੁਲਜ਼ਮ ਕਾਬੂ

Updated On: 

06 Sep 2026 15:10 PM IST

ਘਟਨਾ ਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਪਹਿਲੇ ਦਿਨ ਸ਼੍ਰੀ ਰਾਮਦਾਸ ਲੰਗਰ ਸਾਹਿਬ 'ਚ ਟਾਟ ਦੇ ਥੱਲਿਓਂ ਸੁਖਮਨੀ ਸਾਹਿਬ ਦਾ ਇੱਕ ਅੰਗ ਬਰਾਮਦ ਹੋਇਆ ਸੀ, ਜਿਸ ਤੋਂ ਬਾਅਦ ਮੈਨੇਜਰ ਨੂੰ ਕੈਮਰੇ ਖੰਘਾਲਣ ਦੇ ਨਿਰਦੇਸ਼ ਦਿੱਤੇ ਗਏ। ਅਗਲੇ ਹੀ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਰਾਮਦੇ 'ਚ ਬੈਠੀ ਇੱਕ ਬੀਬੀ ਦੀ ਚੁੰਨੀ ਨਾਲ ਬੰਨ੍ਹੇ ਹੋਏ ਹੋਰ ਅੰਗ ਮਿਲੇ।

ਸ੍ਰੀ ਦਰਬਾਰ ਸਾਹਿਬ ਪਰਿਸਰ ਚ ਗੁਟਕਾ ਸਾਹਿਬ ਦੀ ਬੇਅਦਬੀ, SGPC ਦੀ ਚੌਕਸੀ ਨਾਲ ਮੁਲਜ਼ਮ ਕਾਬੂ

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਸ੍ਰੀ ਦਰਬਾਰ ਸਾਹਿਬ ਪਰਿਸਰ ‘ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਮੰਦਭਾਗੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਪ੍ਰਬੰਧਕੀ ਚੌਕਸੀ ਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮ ਨੂੰ ਜਲਦ ਹੀ ਕਾਬੂ ਕਰ ਲਿਆ ਗਿਆ ਹੈ।

ਘਟਨਾ ਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਪਹਿਲੇ ਦਿਨ ਸ਼੍ਰੀ ਰਾਮਦਾਸ ਲੰਗਰ ਸਾਹਿਬ ‘ਚ ਟਾਟ ਦੇ ਥੱਲਿਓਂ ਸੁਖਮਨੀ ਸਾਹਿਬ ਦਾ ਇੱਕ ਅੰਗ ਬਰਾਮਦ ਹੋਇਆ ਸੀ, ਜਿਸ ਤੋਂ ਬਾਅਦ ਮੈਨੇਜਰ ਨੂੰ ਕੈਮਰੇ ਖੰਘਾਲਣ ਦੇ ਨਿਰਦੇਸ਼ ਦਿੱਤੇ ਗਏ। ਅਗਲੇ ਹੀ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਰਾਮਦੇ ‘ਚ ਬੈਠੀ ਇੱਕ ਬੀਬੀ ਦੀ ਚੁੰਨੀ ਨਾਲ ਬੰਨ੍ਹੇ ਹੋਏ ਹੋਰ ਅੰਗ ਮਿਲੇ।

ਐਸਜੀਪੀਸੀ ਸਟਾਫ਼ ਤੇ ਸੀਸੀਟੀਵੀ ਟੀਮ ਦੀ ਬਾਰੀਕੀ ਨਾਲ ਕੀਤੀ ਜਾਂਚ ਤੇ ਡਿਊਟੀ ਐਂਟਰੀ ਰਜਿਸਟਰਾਂ ਦੇ ਮਿਲਾਨ ਤੋਂ ਬਾਅਦ ਮੁਲਜ਼ਮ ਦੀ ਪਛਾਣ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਰਹਿਣ ਵਾਲੇ ਇੱਕ ਵਿਅਕਤੀ ਵਜੋਂ ਹੋਈ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਗੁਟਕਾ ਸਾਹਿਬ ਇਸ ਵੇਲੇ ਪੁਲਿਸ ਕੋਲ ਹੈ। ਵੀਡੀਓਗ੍ਰਾਫ਼ੀ ਰਾਹੀਂ ਸਬੂਤ ਇਕੱਠੇ ਕਰਨ ਤੋਂ ਬਾਅਦ ਗੁਟਕਾ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਸਪੁਰਦ ਕਰ ਦਿੱਤਾ ਜਾਵੇਗਾ।

ਮੁਲਜ਼ਮ ਦੇ ਪਰਿਵਾਰ ਵੱਲੋਂ ਉਸ ਨੂੰ ਮਾਨਸਿਕ ਤੌਰ ‘ਤੇ ਬਿਮਾਰ ਦੱਸੇ ਜਾਣ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮਹਿਜ਼ ਇੱਕ ਬਹਾਨਾ ਹੈ। ਉਨ੍ਹਾਂ ਸਵਾਲ ਕੀਤਾ ਕਿ ਮਾਨਸਿਕ ਬਿਮਾਰੀ ਸਿਰਫ਼ ਗੁਰਬਾਣੀ ਜਾਂ ਧਾਰਮਿਕ ਗ੍ਰੰਥਾਂ ਉੱਤੇ ਹੀ ਕਿਉਂ ਹਾਵੀ ਹੁੰਦੀ ਹੈ, ਕਿਸੇ ਹੋਰ ਸੰਪਤੀ ਜਾਂ ਪਰਿਵਾਰਕ ਇੱਜ਼ਤ ‘ਤੇ ਕਿਉਂ ਨਹੀਂ? ਉਨ੍ਹਾਂ ਇਸ ਘਟਨਾ ਨੂੰ ਬਹੁਤ ਮਾੜੀ ਤੇ ਦੁਖਦਾਈ ਕਰਾਰ ਦਿੰਦਿਆਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਸੰਗਤਾਂ ‘ਤੇ ਮਿਹਰ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ।

Loading...
Unable to load recommendations.
Follow Us