ਬਰਨਾਲਾ: ਤਾਲਾਬ ‘ਚ ਡੁੱਬਣ ਨਾਲ 30 ਸਾਲਾ ਨੌਜਵਾਨ ਦੀ ਮੌਤ, ਸਿਲੰਡਰ ਕੱਢਣ ਲਈ ਗਿਆ ਸੀ ਅੰਦਰ

Updated On: 

06 Sep 2026 15:13 PM IST

ਮ੍ਰਿਤਕ ਦੀ ਪਛਾਣ ਪਿੰਡ ਕਾਲੇਕੇ ਵਾਸੀ ਹਰਦੀਪ ਸਿੰਘ ਪੁੱਤਰ ਕਾਲਾ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਦੀਪ ਸਿੰਘ ਆਪਣੇ ਚਾਚੇ ਨਾਲ ਕੰਮ 'ਤੇ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਪਿੰਡ ਦੇ ਤਾਲਾਬ 'ਚ ਇੱਕ ਗੈਸ ਸਿਲੰਡਰ ਤੈਰਦਾ ਹੋਇਆ ਦਿਖਾਈ ਦਿੱਤਾ। ਸਿਲੰਡਰ ਨੂੰ ਬਾਹਰ ਕੱਢਣ ਲਈ ਉਹ ਤਾਲਾਬ 'ਚ ਉਤਰ ਗਿਆ।

ਬਰਨਾਲਾ: ਤਾਲਾਬ ਚ ਡੁੱਬਣ ਨਾਲ 30 ਸਾਲਾ ਨੌਜਵਾਨ ਦੀ ਮੌਤ, ਸਿਲੰਡਰ ਕੱਢਣ ਲਈ ਗਿਆ ਸੀ ਅੰਦਰ

ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਕਾਲੇਕੇ ‘ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਪਿੰਡ ਦੇ ਤਾਲਾਬ ‘ਚ ਡੁੱਬਣ ਕਾਰਨ 30 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਕਰੀਬ ਤਿੰਨ ਘੰਟਿਆਂ ਬਾਅਦ ਨਿੱਜੀ ਰੈਸਕਿਊ ਟੀਮ ਵੱਲੋਂ ਤਾਲਾਬ ‘ਚੋਂ ਬਾਹਰ ਕੱਢੀ ਗਈ।

ਮ੍ਰਿਤਕ ਦੀ ਪਛਾਣ ਪਿੰਡ ਕਾਲੇਕੇ ਵਾਸੀ ਹਰਦੀਪ ਸਿੰਘ ਪੁੱਤਰ ਕਾਲਾ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਦੀਪ ਸਿੰਘ ਆਪਣੇ ਚਾਚੇ ਨਾਲ ਕੰਮ ‘ਤੇ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਪਿੰਡ ਦੇ ਤਾਲਾਬ ‘ਚ ਇੱਕ ਗੈਸ ਸਿਲੰਡਰ ਤੈਰਦਾ ਹੋਇਆ ਦਿਖਾਈ ਦਿੱਤਾ। ਸਿਲੰਡਰ ਨੂੰ ਬਾਹਰ ਕੱਢਣ ਲਈ ਉਹ ਤਾਲਾਬ ‘ਚ ਉਤਰ ਗਿਆ।

ਤਾਲਾਬ ‘ਚ ਉਤਰਦੇ ਹੀ ਹਰਦੀਪ ਸਿੰਘ ਅਚਾਨਕ ਦਲਦਲ ‘ਚ ਫਸ ਗਿਆ ਤੇ ਦੇਖਦੇ ਹੀ ਦੇਖਦੇ ਪਾਣੀ ‘ਚ ਡੁੱਬ ਗਿਆ। ਉਸ ਦੇ ਚਾਚੇ ਨੇ ਉਸ ਨੂੰ ਬਾਹਰ ਆਉਣ ਲਈ ਕਾਫ਼ੀ ਆਵਾਜ਼ਾਂ ਲਗਾਈਆਂ ਤੇ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਹਰਦੀਪ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਹਾਦਸੇ ਤੋਂ ਬਾਅਦ ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ। ਪਿੰਡ ਵਾਸੀਆਂ, ਪੰਚਾਇਤ ਤੇ ਨੌਜਵਾਨਾਂ ਨੇ ਆਪਣੇ ਪੱਧਰ ‘ਤੇ ਰੱਸੀਆਂ ਤੇ ਟਰੈਕਟਰਾਂ ਦੀ ਮਦਦ ਨਾਲ ਹਰਦੀਪ ਸਿੰਘ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਹੀਂ ਮਿਲੀ।

ਤਿੰਨ ਘੰਟਿਆਂ ਤੱਕ ਪ੍ਰਸ਼ਾਸਨਿਕ ਟੀਮ ਨਾ ਪਹੁੰਚਣ ‘ਤੇ ਪਰਿਵਾਰ ਨੇ ਚੁੱਕੇ ਸਵਾਲ

ਪਰਿਵਾਰ ਦਾ ਇਲਜ਼ਾਮ ਹੈ ਕਿ ਸਵੇਰੇ ਕਰੀਬ 8:30 ਵਜੇ ਹਾਦਸਾ ਵਾਪਰਨ ਦੇ ਬਾਵਜੂਦ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਪ੍ਰਸ਼ਾਸਨਿਕ ਤੇ ਸਿਹਤ ਵਿਭਾਗ ਦੀ ਟੀਮ ਪਹੁੰਚ ਜਾਂਦੀ ਤਾਂ ਸ਼ਾਇਦ ਹਰਦੀਪ ਨੂੰ ਬਚਾਉਣ ਦੀ ਕੋਸ਼ਿਸ਼ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕਦੀ ਸੀ।

ਪਰਿਵਾਰ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਤਾਲਾਬ ਦੇ ਆਲੇ-ਦੁਆਲੇ ਸੁਰੱਖਿਆ ਲਈ ਕੋਈ ਚਾਰਦੀਵਾਰੀ ਨਹੀਂ ਹੈ ਅਤੇ ਨਾ ਹੀ ਤਾਲਾਬ ‘ਚ ਕਿਸੇ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਨਿੱਜੀ ਰੈਸਕਿਊ ਟੀਮ ਨੇ ਕਰੀਬ ਅੱਧੇ ਘੰਟੇ ‘ਚ ਕੱਢੀ ਲਾਸ਼

ਪ੍ਰਸ਼ਾਸਨਿਕ ਮਦਦ ਦੀ ਉਡੀਕ ਕਰਦਿਆਂ ਪਿੰਡ ਵਾਸੀਆਂ ਨੇ ਆਪਣੇ ਪੱਧਰ ‘ਤੇ ਬੰਟੀ ਸਿੰਘ ਦੀ ਨਿੱਜੀ ਰੈਸਕਿਊ ਟੀਮ ਨੂੰ ਪਿੰਡ ‘ਚ ਬੁਲਾਇਆ। ਰੈਸਕਿਊ ਟੀਮ ਕਰੀਬ 11 ਵਜੇ ਪਿੰਡ ਪਹੁੰਚੀ ਤੇ ਆਪਣੇ ਸਾਥੀਆਂ ਦੀ ਮਦਦ ਨਾਲ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ। ਕਰੀਬ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਟੀਮ ਨੇ ਹਰਦੀਪ ਸਿੰਘ ਦੀ ਲਾਸ਼ ਤਾਲਾਬ ‘ਚੋਂ ਬਾਹਰ ਕੱਢ ਲਈ।

ਹਰਦੀਪ ਸਿੰਘ ਦੀ ਮਾਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਉਹ ਆਪਣੇ ਪਿਤਾ ਕਾਲਾ ਸਿੰਘ ਤੇ ਭਰਾ ਕੁਲਦੀਪ ਸਿੰਘ ਨਾਲ ਰਹਿ ਰਿਹਾ ਸੀ ਤੇ ਦਿਹਾੜੀ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਉੱਥੇ ਹੀ ਲੋਕ ਜਨਸ਼ਕਤੀ ਪਾਰਟੀ ਦੇ ਐੱਸਸੀ ਮੋਰਚਾ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਲੇਕੇ ਨੇ ਵੀ ਪ੍ਰਸ਼ਾਸਨਿਕ ਢਿੱਲ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਮੌਕੇ ‘ਤੇ ਨਾ ਪਹੁੰਚਣਾ ਵੱਡੀ ਲਾਪਰਵਾਹੀ ਹੈ।

Loading...
Unable to load recommendations.
Follow Us