ਮੋਗਾ: ਬੱਸ ‘ਚ ਸੀਟ ਨੂੰ ਲੈ ਕੇ ਹੰਗਾਮਾ, ਕਈ ਮਹਿਲਾਵਾਂ ਵੱਲੋਂ ਇੱਕ ਮਹਿਲਾ ਨਾਲ ਕਥਿਤ ਕੁੱਟਮਾਰ
ਬੱਸ ਦੇ ਕੰਡਕਟਰ ਅਨੁਸਾਰ, ਬੱਸ ਦੇ ਰਵਾਨਾ ਹੋਣ ਤੋਂ ਬਾਅਦ ਉਕਤ ਮਹਿਲਾ ਵੱਲੋਂ ਲਗਾਤਾਰ ਬਹਿਸ ਕੀਤੀ ਜਾ ਰਹੀ ਸੀ। ਕੰਡਕਟਰ ਨੇ ਇਲਜ਼ਾਮ ਲਗਾਇਆ ਕਿ ਮਹਿਲਾ ਵੱਲੋਂ ਬੱਸ 'ਚ ਸਵਾਰ ਦੋ ਲੜਕੀਆਂ ਬਾਰੇ ਵੀ ਕਥਿਤ ਤੌਰ ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਕੰਡਕਟਰ ਨੇ ਮਹਿਲਾ ਨੂੰ ਬੱਸ 'ਚੋਂ ਹੇਠਾਂ ਉਤਰ ਜਾਣ ਲਈ ਕਿਹਾ, ਜਿਸ ਕਾਰਨ ਮਾਮਲਾ ਹੋਰ ਤੂਲ ਫੜ ਗਿਆ।
ਮੋਗਾ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਬੱਸ ਵਿੱਚ ਸੀਟ ਨੂੰ ਲੈ ਕੇ ਹੋਈ ਤਕਰਾਰ ਉਸ ਸਮੇਂ ਹੰਗਾਮੇ ‘ਚ ਬਦਲ ਗਈ, ਜਦੋਂ ਇੱਕ ਮਹਿਲਾ ਨਾਲ ਕਈ ਮਹਿਲਾਵਾਂ ਵੱਲੋਂ ਕਥਿਤ ਤੌਰ ਤੇ ਕੁੱਟਮਾਰ ਕੀਤੀ ਗਈ। ਇਹ ਘਟਨਾ ਮੋਗਾ ਬੱਸ ਅੱਡੇ ਤੋਂ ਬੱਸ ਦੇ ਰਵਾਨਾ ਹੋਣ ਤੋਂ ਕੁਝ ਹੀ ਦੂਰੀ ਤੇ ਵਾਪਰਨ ਦੀ ਗੱਲ ਸਾਹਮਣੇ ਆਈ ਹੈ।
ਬੱਸ ਦੇ ਕੰਡਕਟਰ ਅਨੁਸਾਰ, ਬੱਸ ਦੇ ਰਵਾਨਾ ਹੋਣ ਤੋਂ ਬਾਅਦ ਉਕਤ ਮਹਿਲਾ ਵੱਲੋਂ ਲਗਾਤਾਰ ਬਹਿਸ ਕੀਤੀ ਜਾ ਰਹੀ ਸੀ। ਕੰਡਕਟਰ ਨੇ ਇਲਜ਼ਾਮ ਲਗਾਇਆ ਕਿ ਮਹਿਲਾ ਵੱਲੋਂ ਬੱਸ ‘ਚ ਸਵਾਰ ਦੋ ਲੜਕੀਆਂ ਬਾਰੇ ਵੀ ਕਥਿਤ ਤੌਰ ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਕੰਡਕਟਰ ਨੇ ਮਹਿਲਾ ਨੂੰ ਬੱਸ ‘ਚੋਂ ਹੇਠਾਂ ਉਤਰ ਜਾਣ ਲਈ ਕਿਹਾ, ਜਿਸ ਕਾਰਨ ਮਾਮਲਾ ਹੋਰ ਤੂਲ ਫੜ ਗਿਆ।
ਕੰਡਕਟਰ ਦਾ ਕਹਿਣਾ ਹੈ ਕਿ ਇਸ ਦੌਰਾਨ ਮਹਿਲਾ ਵੱਲੋਂ ਉਸ ਦੀ ਦਾੜ੍ਹੀ ਖਿੱਚਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਮਹਿਲਾ ਬੱਸ ‘ਚੋਂ ਹੇਠਾਂ ਉਤਰ ਕੇ ਜਾਣ ਲੱਗੀ। ਇਸ ਦੌਰਾਨ ਬੱਸ ‘ਚ ਮੌਜੂਦ ਕੁਝ ਸਵਾਰੀਆਂ ਵੀ ਹੇਠਾਂ ਉਤਰ ਆਈਆਂ ਤੇ ਉਨ੍ਹਾਂ ਨੇ ਮਹਿਲਾ ਨੂੰ ਰੋਕ ਲਿਆ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ।
ਪਰ ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਤਕਰਾਰ ਵਧ ਗਈ ਤੇ ਮਾਹੌਲ ਤਣਾਅਪੂਰਨ ਹੋ ਗਿਆ। ਇਸੇ ਦੌਰਾਨ ਕੁਝ ਮਹਿਲਾਵਾਂ ਵੱਲੋਂ ਉਕਤ ਮਹਿਲਾ ਨਾਲ ਕਥਿਤ ਤੌਰ ਤੇ ਕੁੱਟਮਾਰ ਕੀਤੀ ਗਈ। ਕੁਝ ਸਮੇਂ ਤੱਕ ਮੌਕੇ ਤੇ ਹੰਗਾਮੇ ਵਾਲੀ ਸਥਿਤੀ ਬਣੀ ਰਹੀ।
ਕੁੱਟਮਾਰ ਦਾ ਸ਼ਿਕਾਰ ਹੋਈ ਮਹਿਲਾ ਨੇ ਦੱਸਿਆ ਆਪਣਾ ਪੱਖ
ਦੂਜੇ ਪਾਸੇ, ਕੁੱਟਮਾਰ ਦਾ ਸ਼ਿਕਾਰ ਹੋਈ ਮਹਿਲਾ ਨੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਉਸ ਨੇ ਸਿਰਫ਼ ਬੱਸ ‘ਚ ਬੈਠਣ ਲਈ ਸੀਟ ਦੀ ਮੰਗ ਕੀਤੀ ਸੀ। ਉਸ ਦਾ ਇਲਜ਼ਾਮ ਹੈ ਕਿ ਸੀਟ ਮੰਗਣ ਤੇ ਉਸ ਨਾਲ ਕਥਿਤ ਤੌਰ ਤੇ ਗਲਤ ਸ਼ਬਦਾਵਲੀ ਵਰਤੀ ਗਈ। ਮਹਿਲਾ ਨੇ ਦਾਅਵਾ ਕੀਤਾ ਕਿ ਉਸ ਦੀਆਂ ਉਂਗਲਾਂ ਤੇ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਬਿਨਾਂ ਕਿਸੇ ਗਲਤੀ ਦੇ ਬੱਸ ‘ਚੋਂ ਹੇਠਾਂ ਉਤਾਰ ਕੇ ਕਥਿਤ ਤੌਰ ਤੇ ਕੁੱਟਿਆ ਗਿਆ।
ਇਹ ਵੀ ਪੜ੍ਹੋ
ਮਾਮਲਾ ਵਧਦਾ ਦੇਖ ਕੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ‘ਚ ਕੀਤਾ। ਪੁਲਿਸ ਵੱਲੋਂ ਕੁੱਟਮਾਰ ਦਾ ਸ਼ਿਕਾਰ ਹੋਈ ਮਹਿਲਾ ਨੂੰ ਥਾਣੇ ਲਿਜਾਇਆ ਗਿਆ, ਜਦਕਿ ਬੱਸ ਦੇ ਕੰਡਕਟਰ ਤੇ ਕੁਝ ਸਵਾਰੀਆਂ ਨੂੰ ਵੀ ਥਾਣੇ ਬੁਲਾਇਆ ਗਿਆ।
ਥਾਣਾ ਮੁਖੀ ਭੁੱਲਰ ਨੇ ਦੱਸਿਆ ਕਿਵੇਂ ਹੋਇਆ ਰਾਜ਼ੀਨਾਮਾ
ਇਸ ਸਬੰਧੀ ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਾਮ ਕਰੀਬ 6 ਵਜੇ ਪੁਲਿਸ ਨੂੰ ਇਸ ਘਟਨਾ ਸਬੰਧੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮ ਤੁਰੰਤ ਮੌਕੇ ਤੇ ਪਹੁੰਚੇ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਮੌਕੇ ਤੇ ਇੱਕ ਮਹਿਲਾ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ, ਜਿਸ ਨੂੰ ਪੁਲਿਸ ਮੁਲਾਜ਼ਮ ਥਾਣੇ ਲੈ ਕੇ ਆਏ। ਇਸ ਤੋਂ ਇਲਾਵਾ ਬੱਸ ਦੇ ਕੰਡਕਟਰ ਤੇ ਬੱਸ ਵਿੱਚ ਸਵਾਰ ਕੁਝ ਸਵਾਰੀਆਂ ਨੂੰ ਵੀ ਥਾਣੇ ਬੁਲਾਇਆ ਗਿਆ।
ਥਾਣਾ ਮੁਖੀ ਅਨੁਸਾਰ, ਥਾਣੇ ਪਹੁੰਚਣ ਤੋਂ ਬਾਅਦ ਮਹਿਲਾ ਨੇ ਆਪਣੇ ਰਿਸ਼ਤੇਦਾਰਾਂ ਤੇ ਵਕੀਲਾਂ ਨੂੰ ਵੀ ਬੁਲਾ ਲਿਆ। ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਮਾਮਲੇ ਨੂੰ ਸੁਲਝਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਗਈ। ਆਖ਼ਰਕਾਰ ਦੋਵਾਂ ਧਿਰਾਂ ਵਿਚਕਾਰ ਸਹਿਮਤੀ ਬਣ ਗਈ ਤੇ ਆਪਸੀ ਰਾਜ਼ੀਨਾਮਾ ਕਰਵਾ ਦਿੱਤਾ ਗਿਆ।
ਥਾਣਾ ਮੁਖੀ ਨੇ ਦੱਸਿਆ ਕਿ ਜਿਸ ਧਿਰ ਦੀ ਜਿੱਥੇ ਗਲਤੀ ਸੀ, ਉਸ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਇਆ ਗਿਆ। ਰਾਜ਼ੀਨਾਮਾ ਹੋਣ ਤੋਂ ਬਾਅਦ ਬੱਸ ਨੂੰ ਮੋਗਾ ਤੋਂ ਅੰਮ੍ਰਿਤਸਰ ਲਈ ਰਵਾਨਾ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਨੂੰ ਆਪਸੀ ਸਹਿਮਤੀ ਨਾਲ ਸੁਲਝਾ ਦਿੱਤੇ ਜਾਣ ਤੋਂ ਬਾਅਦ ਇਹ ਹੰਗਾਮਾ ਖ਼ਤਮ ਹੋਇਆ।
