ਚੰਡੀਗੜ੍ਹ ਪੁਲਿਸ ਦੇ ਸਚਿਨ ਕੁਮਾਰ ਨੇ ਫਤਿਹ ਕੀਤੀ 7,355 ਮੀਟਰ ਉੱਚੀ ਚੋਟੀ, ਮੁਸ਼ਕਲ ਹਾਲਾਤਾਂ ‘ਚ ਲਹਿਰਾਇਆ ਤਿਰੰਗਾ

Updated On: 

29 Sep 2026 14:21 PM IST

Sachin Kumar: ਚੰਡੀਗੜ੍ਹ ਪੁਲਿਸ ਦੇ ਪਰਬਤਾਰੋਹੀ ਅਤੇ ਐਵਰੇਸਟ ਸਮਿਟੀਅਰ ਸਚਿਨ ਕੁਮਾਰ ਨੇ 7,355 ਮੀਟਰ ਉੱਚੀ ਮਾਊਂਟ ਅਬੀ ਗਾਮਿਨ ਦੀ ਚੋਟੀ 'ਤੇ ਤਿਰੰਗਾ ਲਹਿਰਾਇਆ। ਸਚਿਨ 17 ਸਤੰਬਰ 2026 ਦੀ ਸਵੇਰ ਮੁਸ਼ਕਲ ਮੌਸਮ ਅਤੇ ਬਰਫ਼ੀਲੇ ਹਾਲਾਤਾਂ ਦੇ ਵਿਚਕਾਰ ਸਫਲਤਾਪੂਰਵਕ ਚੋਟੀ 'ਤੇ ਪਹੁੰਚੇ।

ਚੰਡੀਗੜ੍ਹ ਪੁਲਿਸ ਦੇ ਸਚਿਨ ਕੁਮਾਰ ਨੇ ਫਤਿਹ ਕੀਤੀ 7,355 ਮੀਟਰ ਉੱਚੀ ਚੋਟੀ, ਮੁਸ਼ਕਲ ਹਾਲਾਤਾਂ ਚ ਲਹਿਰਾਇਆ ਤਿਰੰਗਾ

ਸਚਿਨ ਕੁਮਾਰ ਦੀ ਵੱਡੀ ਉਪਲਬਧੀ Photo Credit : Social Media

ਚੰਡੀਗੜ੍ਹ ਪੁਲਿਸ ਦੇ ਪਰਬਤਾਰੋਹੀ ਅਤੇ ਐਵਰੇਸਟ ਸਮਿਟੀਅਰ ਸਚਿਨ ਕੁਮਾਰ ਨੇ 7,355 ਮੀਟਰ ਉੱਚੀ ਮਾਊਂਟ ਅਬੀ ਗਾਮਿਨ ਦੀ ਚੋਟੀ ‘ਤੇ ਤਿਰੰਗਾ ਲਹਿਰਾਇਆ। ਸਚਿਨ 17 ਸਤੰਬਰ 2026 ਦੀ ਸਵੇਰ ਮੁਸ਼ਕਲ ਮੌਸਮ ਅਤੇ ਬਰਫ਼ੀਲੇ ਹਾਲਾਤਾਂ ਦੇ ਵਿਚਕਾਰ ਸਫਲਤਾਪੂਰਵਕ ਚੋਟੀ ‘ਤੇ ਪਹੁੰਚੇ। ਉਨ੍ਹਾਂ ਦੇ ਅਨੁਸਾਰ, ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਅਬੀ ਗਾਮਿਨ ਫਤਿਹ ਕਰਨ ਵਾਲੇ ਪਹਿਲੇ ਪੁਲਿਸ ਜਵਾਨ ਹਨ।

ਸਚਿਨ ਮਾਊਂਟ ਕਾਮੇਟ (7,756 ਮੀਟਰ) ਅਤੇ ਅਬੀ ਗਾਮਿਨ ਦੇ ਸਾਂਝੇ ਅਭਿਆਨ ‘ਤੇ ਨਿਕਲੇ ਸਨ। 14 ਸਤੰਬਰ ਤੋਂ ਬਾਅਦ ਮੌਸਮ ਖਰਾਬ ਹੋਣ ਕਾਰਨ ਕਾਮੇਟ ਦਾ ਰਸਤਾ ਤੈਅ ਸਮੇਂ ‘ਤੇ ਨਹੀਂ ਖੁੱਲ੍ਹ ਸਕਿਆ। ਤੇਜ਼ ਹਵਾਵਾਂ ਅਤੇ ਭਾਰੀ ਬਰਫ਼ਬਾਰੀ ਦੇ ਚੱਲਦਿਆਂ ਟੀਮ ਨੂੰ ਕਾਮੇਟ ਦਾ ਅਭਿਆਨ ਰੋਕਣਾ ਪਿਆ। ਇਸ ਤੋਂ ਬਾਅਦ ਹਾਲਾਤਾਂ ਦਾ ਜਾਇਜ਼ਾ ਲੈ ਕੇ ਟੀਮ ਨੇ ਅਬੀ ਗਾਮਿਨ ਵੱਲ ਰੁਖ ਕੀਤਾ ਅਤੇ 17 ਸਤੰਬਰ ਦੀ ਸਵੇਰ ਚੋਟੀ ‘ਤੇ ਪਹੁੰਚਣ ਵਿੱਚ ਸਫਲਤਾ ਹਾਸਲ ਕੀਤੀ।

ਗਲੇਸ਼ੀਅਰ, ਕ੍ਰੇਵਾਸ ਅਤੇ ਬਰਫ਼ੀਲੀਆਂ ਢਲਾਣਾਂ ਵਿਚਕਾਰ ਚੜ੍ਹਾਈ

ਅਬੀ ਗਾਮਿਨ ਗੜ੍ਹਵਾਲ ਹਿਮਾਲਿਆ ਵਿੱਚ ਭਾਰਤ-ਤਿੱਬਤ ਸਰਹੱਦ ਦੇ ਨੇੜੇ ਸਥਿਤ ਇੱਕ ਚੁਣੌਤੀਪੂਰਨ ਪਹਾੜ ਹੈ। ਅਭਿਆਨ ਦੌਰਾਨ ਟੀਮ ਨੂੰ ਗਲੇਸ਼ੀਅਰ, ਬਰਫ਼ੀਲੀਆਂ ਢਲਾਣਾਂ, ਮੋਰੇਨ ਅਤੇ ਕ੍ਰੇਵਾਸ ਵਿੱਚੋਂ ਲੰਘਣਾ ਪਿਆ। ਬੇਹੱਦ ਠੰਢ, ਤੇਜ਼ ਹਵਾਵਾਂ ਅਤੇ ਘੱਟ ਆਕਸੀਜਨ ਨੇ ਵੀ ਚੜ੍ਹਾਈ ਨੂੰ ਮੁਸ਼ਕਲ ਬਣਾਇਆ। ਅਭਿਆਨ ਵਾਲੇ ਇਲਾਕੇ ਵਿੱਚ ITBP, ਇੰਡੋ-ਅਰਜਨਟੀਨਾ ਆਰਮੀ ਟੀਮ ਅਤੇ ਇੰਡੀਆਨ ਆਰਮੀ ਆਰਟਿਲਰੀ ਟੀਮ ਵੀ ਮੌਜੂਦ ਸਨ। ਸੰਵੇਦਨਸ਼ੀਲ ਸਰਹੱਦੀ ਇਲਾਕਾ ਹੋਣ ਕਾਰਨ ਇੱਥੇ ਅਭਿਆਨ ਦੀ ਚੁਣੌਤੀ ਹੋਰ ਵੀ ਵੱਧ ਗਈ ਸੀ।

ਐਵਰੇਸਟ ਤੋਂ ਬਾਅਦ ਲ੍ਹੋਤਸੇ ਅਤੇ ਅਬੀ ਗਾਮਿਨ

ਸਚਿਨ ਨੇ ਅਭਿਆਨ ਤੋਂ ਪਹਿਲਾਂ ਮੋਰਨੀ ਹਿਲਜ਼ ਦੇ ਤੇਜਾ ਟਰੈਕ ‘ਤੇ ਨਿਯਮਿਤ ਟ੍ਰੇਨਿੰਗ ਕੀਤੀ ਸੀ। ਲੰਬੀ ਦੂਰੀ ਤੱਕ ਪੈਦਲ ਚੱਲਣ, ਮੁਸ਼ਕਲ ਚੜ੍ਹਾਈ ਅਤੇ ਸਰੀਰ ਦੀ ਸਮਰੱਥਾ ਵਧਾਉਣ ਲਈ ਉਨ੍ਹਾਂ ਨੇ ਇੱਥੇ ਅਭਿਆਸ ਕੀਤਾ। ਸਚਿਨ ਦੇ ਅਨੁਸਾਰ, ਮੋਰਨੀ ਦੀਆਂ ਪਹਾੜੀਆਂ ਵਿੱਚ ਕੀਤੀ ਗਈ ਤਿਆਰੀ ਦਾ ਫਾਇਦਾ ਹਿਮਾਲਿਆ ਵਿੱਚ ਚੜ੍ਹਾਈ ਦੌਰਾਨ ਮਿਲਿਆ।

ਕਈ ਚੋਟੀਆਂ ‘ਤੇ ਲਹਿਰਾ ਚੁੱਕੇ ਹਨ ਤਿਰੰਗਾ

ਸਚਿਨ ਕੁਮਾਰ ਇਸ ਤੋਂ ਪਹਿਲਾਂ 22 ਮਈ 2024 ਨੂੰ ਮਾਊਂਟ ਐਵਰੇਸਟ (8,849 ਮੀਟਰ) ਅਤੇ 25 ਮਈ 2024 ਨੂੰ ਮਾਊਂਟ ਲ੍ਹੋਤਸੇ (8,516 ਮੀਟਰ) ਫਤਿਹ ਕਰ ਚੁੱਕੇ ਹਨ। ਉਹ 20 ਤੋਂ ਵੱਧ ਉੱਚਾਈ ਵਾਲੇ ਹਿਮਾਲਿਆਈ ਅਤੇ ਅੰਤਰਰਾਸ਼ਟਰੀ ਪਰਬਤਾਰੋਹਣ ਅਭਿਆਨਾਂ ਵਿੱਚ ਹਿੱਸਾ ਲੈ ਚੁੱਕੇ ਹਨ। ਉਹ 6 ਹਜ਼ਾਰ ਮੀਟਰ ਤੋਂ ਵੱਧ ਉੱਚੀਆਂ ਕਈ ਚੋਟੀਆਂ ‘ਤੇ ਤਿਰੰਗਾ ਲਹਿਰਾ ਚੁੱਕੇ ਹਨ। ਇਸ ਸਮੇਂ ਸਚਿਨ ਚੰਡੀਗੜ੍ਹ ਪੁਲਿਸ ਵਿੱਚ ਸੇਵਾਵਾਂ ਨਿਭਾ ਰਹੇ ਹਨ। ਪੁਲਿਸ ਵਿੱਚ 15 ਸਾਲ ਤੋਂ ਵੱਧ ਦੀ ਸੇਵਾ ਦੇ ਨਾਲ-ਨਾਲ ਉਹ ਪਰਬਤਾਰੋਹਣ ਵਿੱਚ ਵੀ ਲਗਾਤਾਰ ਐਕਟਿਵ ਹਨ।

ਦਿਵੰਗਤ ਪਰਬਤਾਰੋਹੀਆਂ ਨੂੰ ਸਮਰਪਿਤ ਕੀਤੀ ਸਫਲਤਾ

ਸਚਿਨ ਨੇ ਅਬੀ ਗਾਮਿਨ ਦੀ ਸਫਲਤਾ ਨੂੰ ਪਰਬਤਾਰੋਹਣ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਪਰਬਤਾਰੋਹੀਆਂ ਦੀ ਯਾਦ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਦਿਵੰਗਤ ਰਾਕੇਸ਼ ਬਿਸ਼ਨੋਈ, ਨਿਤਿਸ਼ ਕੁਮਾਰ ਦਹੀਆ, Nims Dai ਟੀਮ, ਅਮਰੀਸ਼ ਤਿਆਗੀ ਅਤੇ ਜੈਰਾਜ ਸਿੰਘ ਸਮੇਤ ਹੋਰ ਪਰਬਤਾਰੋਹੀਆਂ ਨੂੰ ਸ਼ਰਧਾਂਜਲੀ ਦਿੱਤੀ।

ਉਨ੍ਹਾਂ ਕਿਹਾ ਕਿ ਪਰਬਤਾਰੋਹਣ ਸਿਰਫ਼ ਚੋਟੀ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਹੈ, ਸਗੋਂ ਇਹ ਉਨ੍ਹਾਂ ਪਰਬਤਾਰੋਹੀਆਂ ਦੇ ਹੌਸਲੇ ਅਤੇ ਯਾਦ ਨੂੰ ਅੱਗੇ ਵਧਾਉਣ ਦਾ ਇੱਕ ਮਾਧਿਅਮ ਵੀ ਹੈ, ਜਿਨ੍ਹਾਂ ਨੇ ਪਹਾੜਾਂ ‘ਤੇ ਆਪਣੀ ਜਾਨ ਗੁਆਈ।

ਪਰਿਵਾਰ ਅਤੇ ਸਾਥੀਆਂ ਦਾ ਜਤਾਇਆ ਧੰਨਵਾਦ

ਸਚਿਨ ਨੇ ਆਪਣੀ ਸਫਲਤਾ ਦਾ ਸਿਹਰਾ ਪਰਿਵਾਰ, ਦੋਸਤਾਂ, ਟੀਮ ਦੇ ਮੈਂਬਰਾਂ ਅਤੇ ਸ਼ੁਭਚਿੰਤਕਾਂ ਦੇ ਸਹਿਯੋਗ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਹਜ਼ਾਰਾਂ ਫੁੱਟ ਦੀ ਉਚਾਈ ‘ਤੇ ਜਦੋਂ ਕੋਈ ਪਰਬਤਾਰੋਹੀ ਮੁਸ਼ਕਲ ਹਾਲਾਤਾਂ ਨਾਲ ਜੂਝ ਰਿਹਾ ਹੁੰਦਾ ਹੈ, ਤਾਂ ਪਰਿਵਾਰ ਉਸ ਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਿਹਾ ਹੁੰਦਾ ਹੈ।

ਉਨ੍ਹਾਂ ਦੇ ਮੁਤਾਬਕ, ਅਬੀ ਗਾਮਿਨ ਦੀ ਸਫਲਤਾ ਸਿਰਫ਼ ਉਨ੍ਹਾਂ ਦੀ ਇਕੱਲੀ ਉਪਲਬਧੀ ਨਹੀਂ ਹੈ, ਸਗੋਂ ਇਹ ਪਰਿਵਾਰ ਅਤੇ ਸਹਿਯੋਗੀਆਂ ਦੇ ਭਰੋਸੇ ਦਾ ਨਤੀਜਾ ਹੈ। ਅਭਿਆਨ ਦੇ ਸਫਲਤਾਪੂਰਵਕ ਸਮਾਪਤ ਹੋਣ ਤੋਂ ਬਾਅਦ Indian Mountaineering Foundation (IMF) ਦੇ ਫਲੈਗ-ਇਨ ਪ੍ਰੋਗਰਾਮ ਨਾਲ ਅਭਿਆਨ ਦਾ ਰਸਮੀ ਤੌਰ ‘ਤੇ ਸਮਾਪਨ ਕੀਤਾ ਜਾਵੇਗਾ।

Loading...
Unable to load recommendations.
Follow Us