ਭਾਜਪਾ ਆਗੂ, ਸਮਾਜ ਸੇਵਕ ਤੇ ਕਬੱਡੀ ਪ੍ਰਮੋਟਰ ਰੁਪਿੰਦਰ ਸਿੰਘ ਉਰਫ਼ ਰੂਪਾ ਸੋਹਾਣਾ ਨੂੰ ਬੀਤੇ ਕਈ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਰੂਪਾ ਸੋਹਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਕਾਲ ਆ ਰਹੀ ਹੈ ਤੇ ਧਮਕੀ ਦਿੱਤੀ ਜਾ ਰਹੀ ਹੈ। ਧਮਕੀ ਦਿੰਦੇ ਹੋਏ ਉਨ੍ਹਾਂ ਕੋਲੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਧਮਕੀ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਪੈਸੇ ਨਾ ਦਿੱਤੇ ਗਏ ਦਾ ਇਸ ਦਾ ਗੰਭੀਰ ਨਤੀਜ਼ਾ ਹੋਵੇਗਾ।
ਬੀਤੇ ਦਿਨ ਮੁਹਾਲੀ ‘ਚ ਪ੍ਰੈੱਸ ਕਾਨਫਰੰਸ ਦੌਰਾਨ ਰੂਪਾ ਸੋਹਾਣਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਹਾਲ ਹੀ ‘ਚ ਭਾਜਪਾ ਜੁਆਇਨ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਇਸ ਦੌਰਾਨ ਜਦੋਂ ਉਨ੍ਹਾਂ ਨੇ ਆਪਣਾ ਫ਼ੋਨ ਬੰਦ ਕਰ ਲਿਆ ਤਾਂ ਬਦਮਾਸ਼ਾਂ ਨੇ ਉਨ੍ਹਾਂ ਦੇ ਕੌਂਸਲਰ ਦੋਸਤ ਤੇ ਉਸ ਦੀ ਪਤਨੀ ਦੇ ਨੰਬਰ ‘ਤੇ ਫ਼ੋਨ ਕਰਨਾ ਸ਼ੁਰੂ ਕਰ ਦਿੱਤਾ।
ਕਾਲ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਪੈਸੇ ਨਾ ਦੇਣ ਦੇ ਗੰਭੀਰ ਨਤੀਜ਼ੇ ਨਿਕਲਣਗੇ ਤੇ ਰੂਪਾ ਸੋਹਾਣਾ ਦਾ ਵੀ ਰਾਣਾ ਬਲਾਚੌਰੀਆ ਤੇ ਚੀਨੀ ਕੁਬਾਹੇੜੀ ਵਰਗਾ ਹਾਲ ਕਰ ਦਿੱਤਾ ਜਾਵੇਗਾ। ਰੂਪਾ ਸੋਹਾਣਾ ਨੇ ਇਹ ਵੀ ਦੱਸਿਆ ਕਿ ਸਪੈਸ਼ਲ ਡੀਜੀਪੀ ਸਰੁੱਖਿਆ, ਪੰਜਾਬ ਵੱਲੋਂ 31 ਮਾਰਚ ਤੱਕ ਐਸਐਸਪੀ ਮੁਹਾਲੀ ਨੂੰ ਸਰੁੱਖਿਆ ਪ੍ਰਦਾਨ ਕਰਨ ਲਈ ਪੱਤਰ ਲਿਖਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਕਰਮਚਾਰੀ ਦਿੱਤਾ ਗਿਆ ਸੀ। ਪਰ, ਇਹ ਕਰਮਚਾਰੀ ਤੈਅ ਸਮੇਂ ਤੋਂ ਕਰੀਬ 10 ਦਿਨ ਪਹਿਲਾਂ ਵਾਪਸ ਲੈ ਲਿਆ ਗਿਆ, ਜਿਸ ਨਾਲ ਉਨ੍ਹਾਂ ਦੀ ਚਿੰਤਾ ਹੋਰ ਵੀ ਵੱਧ ਗਈ ਹੈ।
ਰੂਪਾ ਸੋਹਾਣਾ ਦਾ ਕਹਿਣਾ ਹੈ ਕਿ ਉਹ ਇੱਕ ਆਮ ਇਨਸਾਨ ਹਨ ਤੇ ਪ੍ਰਾਪਰਟੀ ਡੀਲਿੰਗ ਦੇ ਨਾਲ-ਨਾਲ ਕਬੱਡੀ ਨੂੰ ਪ੍ਰਮੋਟ ਕਰਦੇ ਹਨ। ਉਨ੍ਹਾਂ ਨੇ ਕਈ ਵਾਰ ਜ਼ਿਲ੍ਹਾ ਪੁਲਿਸ ਨੂੰ ਬੇਨਤੀ ਕੀਤੀ ਹੈ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਇਸ ਪੂਰੇ ਮਾਮਲੇ ਦੇ ਚੱਲਦੇ ਉਨ੍ਹਾਂ ਦਾ ਪਰਿਵਾਰ ਡਰ ਦੇ ਮਾਹੌਲ ‘ਚ ਜੀਉਣ ਲਈ ਮਜ਼ਬੂਰ ਹੈ।