ਅੰਮ੍ਰਿਤਸਰ: ਭੇਦਭਰੀ ਹਾਲਾਤਾਂ ‘ਚ ਨੌਜਵਾਨ ਦੀ ਮੌਤ, ਆੜਤੀ ‘ਤੇ ਤੰਗ-ਪ੍ਰੇਸ਼ਾਨ ਕਰਨ ਦੇ ਗੰਭੀਰ ਇਲਜ਼ਾਮ
ਅੰਮ੍ਰਿਤਸਰ ਦੇ ਪਿੰਡ ਪਤਾਲਪੁਰੀ ਦੇ ਰਹਿਣ ਵਾਲੇ ਮਜੀਠੇ ਦੇ ਨੌਜਵਾਨ ਵੱਲੋਂ ਆਪਣੇ ਆਪ ਨੂੰ ਖਤਮ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਮਜੀਠੇ ਦੇ ਕੁਝ ਆੜ੍ਹਤੀਆ ਵੱਲੋਂ ਪਿਛਲੇ ਕਈ ਦਿਨਾਂ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਅੰਮ੍ਰਿਤਸਰ ਦੇ ਪਿੰਡ ਪਤਾਲਪੁਰੀ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਭੇਦਭਰੀ ਹਾਲਾਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਪੂਰੇ ਇਲਾਕੇ ਵਿੱਚ ਚਰਚਾ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੀ ਪਛਾਣ ਮਿੰਟੂ ਪੁੱਤਰ ਲਖਮੀਰ ਸਿੰਘ ਵਾਸੀ ਪਤਾਲਪੁਰੀ ਵਜੋਂ ਹੋਈ ਹੈ, ਜੋ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਮਲੇ ਨੂੰ ਖੁਦਕੁਸ਼ੀ ਦੱਸਦੇ ਹੋਏ ਆੜ੍ਹਤੀ ਉੱਤੇ ਤੰਗ-ਪਰੇਸ਼ਾਨ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ।
ਜਾਣਕਾਰੀ ਅਨੁਸਾਰ ਮ੍ਰਿਤਕ ਮਿੰਟੂ ਦਾ ਆੜਤੀਆਂ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਆੜਤੀ ਵੱਲੋਂ ਮਿੰਟੂ ਨੂੰ ਲਗਾਤਾਰ ਮਾਨਸਿਕ ਤੌਰ ‘ਤੇ ਤੰਗ ਕੀਤਾ ਜਾ ਰਿਹਾ ਸੀ। ਉਨ੍ਹਾਂ ਦੇ ਅਨੁਸਾਰ ਮਿੰਟੂ ਨੂੰ ਮੋਬਾਈਲ ਤੇ ਵੀ ਚੰਗਾ ਮਾੜੇ ਸ਼ਬਦੇ ਬੋਲੇ ਜਾਂਦੇ ਸਨ ਅਤੇ ਘਰ ਚ ਆ ਕੇ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਜਿਸ ਕਾਰਨ ਉਹ ਗੰਭੀਰ ਤਣਾਅ ਵਿੱਚ ਸੀ। ਪਰਿਵਾਰ ਦਾ ਕਹਿਣਾ ਹੈ ਕਿ ਇਸੇ ਤਣਾਅ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਤਿੰਨ ਲੋਕਾਂ ਖਿਲਾਫ ਮਾਮਲਾ ਦਰਜ
ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਪਰਿਵਾਰਕ ਬਿਆਨਾਂ ਦੇ ਆਧਾਰ ‘ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਹਰਬੰਸ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਨੰਗਲ ਪਦਵਾਂ, ਹਰਭੰਤ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਅਮਨਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਉੱਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 306 (ਆਤਮਹੱਤਿਆ ਲਈ ਉਕਸਾਉਣਾ) ਅਤੇ ਹੋਰ ਸੰਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਜਾਰੀ
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ। ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਮੁਲਜ਼ਮਾਂ ਦੀ ਭੂਮਿਕਾ ਅਤੇ ਪੁਰਾਣੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ਵੱਲੋਂ ਨਿਰਪੱਖ ਜਾਂਚ ਦੀ ਮੰਗ
ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ ਅਤੇ ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
