ਜਲੰਧਰ ਦੇ RTI ਐਕਟੀਵਿਸਟ ਦੀ ਸ਼ਰੇਆਮ ਗੋਲੀਆਂ ਮਾਰ ਕੇ ਕਤਲ, ਫ਼ਗਵਾੜਾ ਦੇ ਨਿੱਜੀ ਯੂਨੀਵਰਸਿਟੀ ਬਾਹਰ ਵਾਪਰੀ ਘਟਨਾ
ਪੰਜਾਬ ਦੇ ਫਗਵਾੜਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਲੰਧਰ ਦੇ ਰਹਿਣ ਵਾਲੇ ਇੱਕ ਚਰਚਿਤ ਰਾਈਟ ਟੂ ਇਨਫਰਮੇਸ਼ਨ (RTI) ਐਕਟੀਵਿਸਟ ਸਿਮਰਨਜੀਤ ਸਿੰਘ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਪੰਜਾਬ ਦੇ ਫਗਵਾੜਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਲੰਧਰ ਦੇ ਰਹਿਣ ਵਾਲੇ ਇੱਕ ਚਰਚਿਤ ਰਾਈਟ ਟੂ ਇਨਫਰਮੇਸ਼ਨ (RTI) ਐਕਟੀਵਿਸਟ ਸਿਮਰਨਜੀਤ ਸਿੰਘ ਦਾ ਉਨ੍ਹਾਂ ਦੇ ਮਾਮੇ ਦੇ ਲੜਕੇ ਸ਼ਰਨਦੀਪ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਇਹ ਖ਼ੂਨੀ ਵਾਰਦਾਤ ਫਗਵਾੜਾ ਸਥਿਤ ਇੱਕ ਨਿੱਜੀ ਯੂਨੀਵਰਸਿਟੀ ਦੇ ਲਾਅ ਗੇਟ ਦੇ ਬਿਲਕੁਲ ਨਜ਼ਦੀਕ ਅੱਜ (30 ਮਈ) ਸਵੇਰੇ ਕਰੀਬ 8 ਤੋਂ 10 ਵਜੇ ਦੇ ਵਿਚਕਾਰ ਵਾਪਰੀ। ਹਮਲਾਵਰਾਂ ਨੇ ਸਿਮਰਨਜੀਤ ਸਿੰਘ ‘ਤੇ ਅੰਧਾਧੁੰਦ ਫਾਇਰਿੰਗ ਕੀਤੀ, ਜਿਸ ਵਿੱਚ ਇੱਕ ਗੋਲੀ ਸਿੱਧੀ ਉਨ੍ਹਾਂ ਦੇ ਸਿਰ ਵਿੱਚ ਜਾ ਲੱਗੀ, ਜਿਸ ਕਾਰਨ ਉਹ ਤੁਰੰਤ ਜ਼ਮੀਨ ‘ਤੇ ਡਿੱਗ ਗਏ ਅਤੇ ਬਹੁਤ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਡੀ.ਆਈ.ਜੀ (DIG) ਨਵੀਨ ਸਿੰਗਲਾ ਸਮੇਤ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਘਟਨਾ ਸਥਾਨ ਤੋਂ ਲਾਸ਼ ਦੇ ਬਿਲਕੁਲ ਕੋਲੋਂ ਇੱਕ ਪਿਸਤੌਲ, ਇੱਕ ਫਾਰਚੂਨਰ ਗੱਡੀ, ਦੋ ਮੋਬਾਈਲ ਫ਼ੋਨ ਅਤੇ ਗੋਲੀ ਦਾ ਇੱਕ ਚੱਲਿਆ ਹੋਇਆ ਖੋਲ ਬਰਾਮਦ ਹੋਇਆ ਹੈ।
ਪੁਲਿਸ ਨੇ ਕਾਰਵਾਈ ਕਰਦੇ ਹੋਏ ਸਿਮਰਨਜੀਤ ਦੇ ਹੀ ਮਾਮੇ ਦੇ ਲੜਕੇ ਸ਼ਰਨਦੀਪ ਨੂੰ ਫਗਵਾੜਾ ਬਾਈਪਾਸ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਦੋਵਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਦਾ ਵਿਵਾਦ ਸੀ।
ਯੂਨੀਵਰਸਿਟੀ ਗੇਟ ਕੋਲ ਘਾਤ ਲਗਾ ਕੇ ਬੈਠੇ ਸਨ ਹਮਲਾਵਰ
ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਰਹਿਣ ਵਾਲੇ ਆਰ.ਟੀ.ਆਈ ਕਰਮਚਾਰੀ ਸਿਮਰਨਜੀਤ ਸਿੰਘ ਕਿਸੇ ਨਿੱਜੀ ਕੰਮ ਦੇ ਸਿਲਸਿਲੇ ਵਿੱਚ ਫਗਵਾੜਾ ਆਏ ਹੋਏ ਸਨ। ਜਦੋਂ ਉਹ ਯੂਨੀਵਰਸਿਟੀ ਦੇ ਲਾਅ ਗੇਟ ਦੇ ਕੋਲ ਮੌਜੂਦ ਸਨ, ਤਾਂ ਉੱਥੇ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਕੁਝ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਦੇਖਦਿਆਂ ਹੀ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਨ੍ਹਾਂ ਨੇ ਦਿਨ-ਦਿਹੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ
ਘਟਨਾ ਤੋਂ ਬਾਅਦ ਸਿਮਰਨਜੀਤ ਸਿੰਘ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਉਹ ਲਹੂ-ਲੁਹਾਨ ਹਾਲਤ ਵਿੱਚ ਜ਼ਮੀਨ ‘ਤੇ ਪਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਖੱਬੇ ਹੱਥ ਦੇ ਕੋਲ ਦੋ ਮੋਬਾਈਲ ਫ਼ੋਨ ਅਤੇ ਸੱਜੇ ਹੱਥ ਦੇ ਕੋਲ ਇੱਕ ਪਿਸਤੌਲ ਪਈ ਹੋਈ ਹੈ, ਜਦਕਿ ਨੇੜੇ ਹੀ ਇੱਕ ਈਅਰਪੌਡ (EarPod) ਵੀ ਡਿੱਗਿਆ ਹੋਇਆ ਦਿਖਾਈ ਦੇ ਰਿਹਾ ਹੈ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਤੋੜਿਆ ਦਮ
ਯੂਨੀਵਰਸਿਟੀ ਦੇ ਮੁੱਖ ਗੇਟ ਦੇ ਬਾਹਰ ਹੋਈ ਇਸ ਅਚਾਨਕ ਫਾਇਰਿੰਗ ਕਾਰਨ ਆਸ-ਪਾਸ ਦੇ ਇਲਾਕੇ ਅਤੇ ਉੱਥੇ ਮੌਜੂਦ ਲੋਕਾਂ ਵਿੱਚ ਭਾਰੀ ਦਹਿਸ਼ਤ ਅਤੇ ਭਾਜੜ ਮਚ ਗਈ। ਜਦੋਂ ਤੱਕ ਕੋਈ ਕੁਝ ਸਮਝ ਪਾਉਂਦਾ ਜਾਂ ਸਿਮਰਨਜੀਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ, ਹਮਲਾਵਰ ਉਨ੍ਹਾਂ ਨੂੰ ਮਰਨ ਹਾਲਤ ਵਿੱਚ ਛੱਡ ਕੇ ਮੌਕੇ ਤੋਂ ਰਫ਼ੂ-ਚੱਕਰ ਹੋ ਚੁੱਕੇ ਸੀ।
ਗੋਲੀ ਲੱਗਣ ਕਾਰਨ ਬਹੁਤ ਜ਼ਿਆਦਾ ਖ਼ੂਨ ਬਹਿ ਗਿਆ ਸੀ, ਜਿਸ ਕਾਰਨ ਸਿਮਰਨਜੀਤ ਸਿੰਘ ਉੱਥੇ ਹੀ ਬੇਹੋਸ਼ ਹੋ ਗਏ। ਆਸ-ਪਾਸ ਦੇ ਸਥਾਨਕ ਲੋਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਸਿਮਰਨਜੀਤ ਸਿੰਘ ਨੂੰ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲ ਪਹੁੰਚਾਇਆ, ਪਰ ਉੱਥੇ ਮੌਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ।


