ਰਾਮ ਰਹੀਮ ਨੇ ਕਿਰਪਾਨ ਨਾਲ ਕੱਟਿਆ ਕੇਕ, ਐਸ.ਜੀ.ਪੀ.ਸੀ. ਨੇ ਕੀਤਾ ਵਿਰੋਧ
ਐਡਵੋਕੇਟ ਧਾਮੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅਜਿਹੇ ਅਪਰਾਧੀ ਨੂੰ ਸਰਕਾਰਾਂ ਖਾਸ ਪੁਸ਼ਤਪਨਾਹੀ ਦੇ ਰਹੀਆਂ ਹਨ, ਜੋ ਦੇਸ਼ ਹਿੱਤ ਵਿਚ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੌਦਾ ਸਾਧ ਦੀ ਪੈਰੋਲ ਤੁਰੰਤ ਰੱਦ ਕਰਕੇ ਉਸ ਨੂੰ ਸ਼ਲਾਖਾ ਪਿੱਛੇ ਭੇਜਿਆ ਜਾਵੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨਾਲ ਕੇਕ ਕੱਟ ਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੌਦਾ ਸਾਧ ਜਾਣਬੁਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸੂਬੇ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕਰ ਰਿਹਾ ਹੈ ਅਤੇ ਸਰਕਾਰਾਂ ਸ਼ਾਂਤ ਹਨ।
ਕਿਰਪਾਨ ਸਿੱਖਾਂ ਦਾ ਅਹਿਮ ਧਾਰਮਿਕ ਚਿੰਨ੍ਹ
ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖਾਂ ਦਾ ਅਹਿਮ ਧਾਰਮਿਕ ਚਿੰਨ੍ਹ ਹੈ ਜਿਸ ਦੀ ਤੌਹੀਨ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ। ਸੌਦਾ ਸਾਧ ਨੇ ਕਿਰਪਾਨ ਨਾਲ ਕੇਕ ਕੱਟ ਕੇ ਸਿੱਖ ਕਕਾਰ ਦੇ ਸਤਿਕਾਰ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਬਲਾਤਕਾਰ ਅਤੇ ਕਤਲ ਦੇ ਸੰਗੀਨ ਦੋਸ਼ਾਂ ਵਿਚ ਸਜ਼ਾ ਕੱਟ ਰਹੇ ਅਜਿਹੇ ਅਪਰਾਧੀ ਨੂੰ ਸਰਕਾਰਾਂ ਵੱਲੋਂ ਵਾਰ-ਵਾਰ ਪੈਰੋਲ ਦੇ ਕੇ ਛੱਡਿਆ ਜਾ ਰਿਹਾ ਹੈ ਅਤੇ ਉਹ ਬਾਹਰ ਆ ਕੇ ਜਾਣਬੁਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਸਰਕਾਰ ਤੋਂ ਮੰਗ
ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਹਰ ਇਕ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਸਿਖਾਉਂਦਾ ਹੈ ਅਤੇ ਕਿਸੇ ਨੂੰ ਵੀ ਅਜਿਹਾ ਹੱਕ ਨਹੀਂ ਹੈ ਕਿ ਉਹ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੇ। ਐਡਵੋਕੇਟ ਧਾਮੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅਜਿਹੇ ਅਪਰਾਧੀ ਨੂੰ ਸਰਕਾਰਾਂ ਖਾਸ ਪੁਸ਼ਤਪਨਾਹੀ ਦੇ ਰਹੀਆਂ ਹਨ, ਜੋ ਦੇਸ਼ ਹਿੱਤ ਵਿਚ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੌਦਾ ਸਾਧ ਦੀ ਪੈਰੋਲ ਤੁਰੰਤ ਰੱਦ ਕਰਕੇ ਉਸ ਨੂੰ ਸ਼ਲਾਖਾ ਪਿੱਛੇ ਭੇਜਿਆ ਜਾਵੇ।
ਡੇਰਾ ਮੁਖੀ ਅਦਾਲਤ ਤੋਂ 40 ਦਿਨਾਂ ਦੀ ਪੈਰੋਲ ‘ਤੇ
ਜਿਕਰਯੋਗ ਹੈ ਕਿ ਡੇਰਾ ਮੁਖੀ ਅਦਾਲਤ ਤੋਂ 40 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਸ਼ਨੀਵਾਰ ਨੂੰ ਬਾਗਪਤ ਸਥਿਤ ਆਪਣੇ ਬਰਨਾਵਾ ਆਸ਼ਰਮ ਪਹੁੰਚਿਆ। ਇੱਥੇ ਉਸ ਨੇ ਆਪਣੀ ਆਜ਼ਾਦੀ ਦਾ ਜਸ਼ਨ ਮਨਾਇਆ। ਇਸ ਦੌਰਾਨ ਹੀ ਉਸ ਨੇ ਤਲਵਾਰ ਨਾਲ ਕੇਕ ਕੱਟ ਕੇ ਜਸ਼ਨ ਮਨਾਇਆ। ਰਾਮ ਰਹੀਮ ਦੇ ਜਸ਼ਨ ਵਿੱਚ ਉਸ ਦੇ ਕਈ ਚੇਲੇ ਵੀ ਸ਼ਾਮਲ ਹੋਏ ।
ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ਆਰਮਜ਼ ਐਕਟ ਤਹਿਤ ਮਨਾਹੀ
ਜ਼ਿਕਰਯੋਗ ਹੈ ਕਿ ਪੈਰੋਲ ‘ਤੇ ਆਉਣ ਤੋਂ ਬਾਅਦ ਕਿਸੇ ਵੀ ਸਜ਼ਾਯਾਫ਼ਤਾ ਕੈਦੀ ਵੱਲੋਂ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ਆਰਮਜ਼ ਐਕਟ ਤਹਿਤ ਮਨਾਹੀ ਹੈ। ਇਸ ਦੇ ਬਾਵਜੂਦ ਰਾਮ ਰਹੀਮ ਵੱਲੋਂ ਤਲਵਾਰ ਨਾਲ ਕੇਕ ਕੱਟਿਆ ਗਿਆ ਹੈ। ਦੱਸ ਦੇਈਏ ਕਿ ਰਾਮ ਰਹੀਮ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।