ਸਾਂਸਦ ਸੰਤ ਸੀਚੇਵਾਲ ਨੇ ਸੁਰੱਖਿਆ ਵਾਪਸ ਕਰਨ ਦੀ ਕੀਤੀ ਪੇਸ਼ਕਸ਼, ਕਾਨੂੰਨ-ਵਿਵਸਥਾ ਦਾ ਦਿੱਤਾ ਹਵਾਲਾ; DGP ਨੂੰ ਲਿਖਿਆ ਪੱਤਰ
ਡੀਜੀਪੀ ਨੂੰ ਲਿਖੇ ਪੱਤਰ 'ਚ ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ 6 ਪੁਲਿਸ ਮੁਲਾਜ਼ਮਾਂ 'ਚੋਂ 3 ਉਨ੍ਹਾਂ ਦੇ ਜੱਦੀ ਪਿੰਡ ਸੀਚੇਵਾਲ 'ਚ ਤਾਇਨਾਤ ਹਨ, ਜਦਕਿ ਬਾਕੀ 3 ਉਨ੍ਹਾਂ ਦੇ ਦੌਰਿਆਂ ਦੌਰਾਨ ਨਾਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੁਲਾਜ਼ਮਾਂ ਨੂੰ ਥਾਣਿਆਂ 'ਚ ਭੇਜਿਆ ਜਾਵੇ ਤਾਂ ਇਲਾਕੇ 'ਚ ਪੁਲਿਸ ਹੋਰ ਮਜ਼ਬੂਤ ਹੋ ਸਕਦੀ ਹੈ।
ਕਾਨੂੰਨ-ਵਿਵਸਥਾ ਤੇ ਪੁਲਿਸ ਮੁਲਾਜ਼ਮਾਂ ਦੀ ਘਾਟ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਤੋਂ ਇਕਲੌਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਮੰਗਲਵਾਰ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਆਪਣੀ ਸੁਰੱਖਿਆ ‘ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਥਾਣਿਆਂ ‘ਚ ਤਾਇਨਾਤ ਕਰਨ ਦੀ ਅਪੀਲ ਕੀਤੀ ਹੈ।
ਮੁਲਾਜ਼ਮਾਂ ਨੂੰ ਥਾਣਿਆਂ ‘ਚ ਭੇਜਿਆ ਜਾਵੇ
ਡੀਜੀਪੀ ਨੂੰ ਲਿਖੇ ਪੱਤਰ ‘ਚ ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ 6 ਪੁਲਿਸ ਮੁਲਾਜ਼ਮਾਂ ‘ਚੋਂ 3 ਉਨ੍ਹਾਂ ਦੇ ਜੱਦੀ ਪਿੰਡ ਸੀਚੇਵਾਲ ‘ਚ ਤਾਇਨਾਤ ਹਨ, ਜਦਕਿ ਬਾਕੀ 3 ਉਨ੍ਹਾਂ ਦੇ ਦੌਰਿਆਂ ਦੌਰਾਨ ਨਾਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੁਲਾਜ਼ਮਾਂ ਨੂੰ ਥਾਣਿਆਂ ‘ਚ ਭੇਜਿਆ ਜਾਵੇ ਤਾਂ ਇਲਾਕੇ ‘ਚ ਪੁਲਿਸ ਹੋਰ ਮਜ਼ਬੂਤ ਹੋ ਸਕਦੀ ਹੈ।
ਇਲਾਕੇ ਦੀ ਕਾਨੂੰਨ-ਵਿਵਸਥਾ ‘ਤੇ ਵੀ ਚਿੰਤਾ ਜਤਾਈ
ਸੰਤ ਸੀਚੇਵਾਲ ਨੇ ਆਪਣੇ ਪੱਤਰ ‘ਚ ਇਲਾਕੇ ਦੀ ਕਾਨੂੰਨ-ਵਿਵਸਥਾ ‘ਤੇ ਵੀ ਚਿੰਤਾ ਜਤਾਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਸੀਚੇਵਾਲ ‘ਚ ਇੱਕ ਹੀ ਰਾਤ ਦੌਰਾਨ ਚੋਰੀ ਦੀਆਂ 8 ਘਟਨਾਵਾਂ ਵਾਪਰੀਆਂ, ਜਿਨ੍ਹਾਂ ‘ਚ ਬਿਜਲੀ ਦੀਆਂ ਤਾਰਾਂ ਤੱਕ ਚੋਰੀ ਕਰ ਲਈਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪਹਿਲਾਂ ਵੀ ਪੁਲਿਸ ਨੂੰ ਲਿਖ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੇ ਧਾਰਮਿਕ ਸਥਾਨਾਂ ‘ਤੇ ਵੱਧ ਰਹੀਆਂ ਅਪਰਾਧਿਕ ਘਟਨਾਵਾਂ ‘ਤੇ ਵੀ ਚਿੰਤਾ ਪ੍ਰਗਟ ਕੀਤੀ ਹੈ।
ਮੁੱਖ ਮੰਤਰੀ, ਰਾਜਪਾਲ ਤੇ ਉੱਚ ਅਧਿਕਾਰੀਆਂ ਨੂੰ ਭੇਜਿਆ ਪੱਤਰ
ਸੰਤ ਸੀਚੇਵਾਲ ਨੇ ਆਪਣੇ ਪੱਤਰ ਦੀਆਂ ਕਾਪੀਆਂ ਪੰਜਾਬ ਦੇ ਮੁੱਖ ਮੰਤਰੀ, ਰਾਜਪਾਲ, ਸਬੰਧਤ ਡਿਪਟੀ ਕਮਿਸ਼ਨਰਾਂ ਤੇ ਜਲੰਧਰ ਤੇ ਕਪੂਰਥਲਾ ਦੇ ਐੱਸਐੱਸਪੀ ਨੂੰ ਵੀ ਭੇਜੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ‘ਚ ਥਾਣਿਆਂ ‘ਚ ਪੁਲਿਸ ਬਲ ਵਧਾਉਣਾ ਲੋਕਾਂ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਸੰਤ ਸੀਚੇਵਾਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਨਿੱਜੀ ਸੁਰੱਖਿਆ ਦੀ ਲੋੜ ਨਹੀਂ ਹੈ ਤੇ ਉਹ ਪਹਿਲਾਂ ਵੀ ਆਪਣੀ ਸੁਰੱਖਿਆ ਵਾਪਸ ਲੈਣ ਦੀ ਮੰਗ ਕਰ ਚੁੱਕੇ ਹਨ।
