ਪੰਜਾਬੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ, ਫ਼ੀਸ ਵਾਧਾ ਪੂਰੀ ਤਰ੍ਹਾਂ ਵਾਪਸ

Updated On: 

31 Aug 2026 14:48 PM IST

ਫ਼ੀਸ ਵਾਧਾ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਵੀਸੀ ਦਫ਼ਤਰ ਦੇ ਬਾਹਰ ਧਰਨਾ-ਪ੍ਰਦਰਸ਼ਨ ਕਰ ਰਹੇ ਸਨ। ਵੀਸੀ ਨੇ ਕਿਹਾ ਕਿ ਵਿਦਿਆਰਥੀ ਨੁਮਾਇੰਦਿਆਂ ਤੇ ਹੋਰ ਸਟੇਕਹੋਲਡਰਾਂ ਵੱਲੋਂ ਜਤਾਈਆਂ ਗਈਆਂ ਚਿੰਤਾਵਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਪੰਜਾਬੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ, ਫ਼ੀਸ ਵਾਧਾ ਪੂਰੀ ਤਰ੍ਹਾਂ ਵਾਪਸ

ਪੰਜਾਬੀ ਯੂਨੀਵਰਸਿਟੀ (ਪਟਿਆਲਾ) ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਅਕਾਦਮਿਕ ਸੈਸ਼ਨ 2026-27 ਲਈ ਹਾਲ ਹੀ ‘ਚ ਕੀਤੇ ਫ਼ੀਸ ਵਾਧੇ ਨੂੰ ਪੂਰਨ ਤੌਰ ‘ਤੇ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਹੁਣ ਟਿਊਸ਼ਨ ਫ਼ੀਸ, ਕੋਰਸ ਫ਼ੀਸ, ਰਜਿਸਟ੍ਰੇਸ਼ਨ ਫ਼ੀਸ ਤੇ ਹੋਸਟਲ ਫ਼ੀਸ ਦਾ ਢਾਂਚਾ ਪਿਛਲੇ ਅਕਾਦਮਿਕ ਸੈਸ਼ਨ ਵਾਂਗ ਹੀ ਰਹੇਗਾ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਯੂਨੀਵਰਸਿਟੀ ਕੈਂਪਸ ‘ਚ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ‘ਚ ਵਿਦਿਆਰਥੀਆਂ ਦੀਆਂ ਮੰਗਾਂ ਤੇ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਫੀਸਾਂ ਵਿੱਚ ਕੀਤੇ ਗਏ ਸਮੂਹ ਵਾਧੇ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ।

ਫ਼ੀਸ ਵਾਧਾ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਵੀਸੀ ਦਫ਼ਤਰ ਦੇ ਬਾਹਰ ਧਰਨਾ-ਪ੍ਰਦਰਸ਼ਨ ਕਰ ਰਹੇ ਸਨ। ਵੀਸੀ ਨੇ ਕਿਹਾ ਕਿ ਵਿਦਿਆਰਥੀ ਨੁਮਾਇੰਦਿਆਂ ਤੇ ਹੋਰ ਸਟੇਕਹੋਲਡਰਾਂ ਵੱਲੋਂ ਜਤਾਈਆਂ ਗਈਆਂ ਚਿੰਤਾਵਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਪਿਛਲੇ ਸੈਸ਼ਨ ਵਾਲਾ ਹੀ ਰਹੇਗਾ ਫੀਸ ਢਾਂਚਾ

ਡਾ. ਜਗਦੀਪ ਸਿੰਘ ਨੇ ਕਿਹਾ ਕਿ ਸਸਤੀ ਤੇ ਆਸਾਨੀ ਨਾਲ ਉਪਲਬਧ ਉੱਚ ਸਿੱਖਿਆ ਮੁਹੱਈਆ ਕਰਵਾਉਣਾ ਯੂਨੀਵਰਸਿਟੀ ਦਾ ਲੰਬੇ ਸਮੇਂ ਤੋਂ ਮੁੱਖ ਉਦੇਸ਼ ਰਿਹਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸਤਾਵਿਤ ਫ਼ੀਸ ਵਾਧਾ ਪੂਰੀ ਤਰ੍ਹਾਂ ਵਾਪਸ ਲਿਆ ਗਿਆ ਹੈ। ਇਸ ਤਹਿਤ ਸੈਸ਼ਨ 2026-27 ‘ਚ ਫੀਸਾਂ ਦਾ ਢਾਂਚਾ ਪਿਛਲੇ ਅਕਾਦਮਿਕ ਸੈਸ਼ਨ ਦੇ ਪੱਧਰ ‘ਤੇ ਹੀ ਰਹੇਗਾ।

ਪੰਜ ਸਾਲ ਬਾਅਦ ਕੀਤਾ ਗਿਆ ਸੀ ਫ਼ੀਸਾਂ ‘ਚ ਵਾਧਾ

ਇਸ ਤੋਂ ਪਹਿਲਾਂ ਯੂਨੀਵਰਸਿਟੀ ਵੱਲੋਂ ਕਿਹਾ ਗਿਆ ਸੀ ਕਿ ਕਰੀਬ ਪੰਜ ਸਾਲ ਬਾਅਦ ਟਿਊਸ਼ਨ ਤੇ ਹੋਸਟਲ ਫ਼ੀਸਾਂ ‘ਚ ਸੀਮਤ ਵਾਧਾ ਕੀਤਾ ਗਿਆ ਸੀ। ਵਾਈਸ ਚਾਂਸਲਰ ਮੁਤਾਬਕ ਇਹ ਵਾਧਾ ਮਹਿੰਗਾਈ ਤੇ ਖਪਤਕਾਰ ਮੁੱਲ ਸੂਚਕ ਅੰਕ ‘ਚ ਹੋਏ ਕੁੱਲ ਵਾਧੇ ਦੇ ਮੁਕਾਬਲੇ ਕਾਫ਼ੀ ਘੱਟ ਸੀ। ਉਨ੍ਹਾਂ ਦੱਸਿਆ ਕਿ ਹੋਸਟਲ ਫ਼ੀਸ ਵਿੱਚ ਬਦਲਾਅ ਕਰਨ ਤੋਂ ਪਹਿਲਾਂ ਹੋਰ ਸੂਬਿਆਂ ਦੀਆਂ ਯੂਨੀਵਰਸਿਟੀਆਂ ਦੀਆਂ ਫੀਸਾਂ ਨਾਲ ਵੀ ਤੁਲਨਾ ਕੀਤੀ ਗਈ ਸੀ। ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਦੀਆਂ ਫ਼ੀਸਾਂ ਕਈ ਹੋਰ ਯੂਨੀਵਰਸਿਟੀਆਂ ਦੇ ਮੁਕਾਬਲੇ ਘੱਟ ਪਾਈਆਂ ਗਈਆਂ ਸਨ।

Loading...
Unable to load recommendations.
Follow Us