ਲੁਧਿਆਣਾ ‘ਚ ਕੈਨੇਡਾ PR ਦੇ ਨਾਂ ‘ਤੇ ਵੱਡੀ ਠੱਗੀ, ਲੁਟੇਰੀ ਦੁਲਹਨ ਨੇ ਰਚਾਇਆ ਤੀਜਾ ਵਿਆਹ; ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ
ਲੁਧਿਆਣਾ 'ਚ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਦੀ ਪੱਕੀ ਪੀ.ਆਰ. ਦਾ ਝਾਂਸਾ ਦੇ ਕੇ ਇੱਕ ਭੋਲੇ-ਭਾਲੇ ਕਿਸਾਨ ਪਰਿਵਾਰ ਨੂੰ ਠੱਗਣ ਵਾਲੀ ਸ਼ਾਤਰ 'ਲੁਟੇਰੀ ਦੁਲਹਨ' ਦਾ ਪਰਦਾਫਾਸ਼ ਹੋਇਆ ਹੈ। ਉਕਤ ਲੜਕੀ ਨੇ ਨਾ ਸਿਰਫ਼ ਪੀੜਤ ਪਰਿਵਾਰ ਨੂੰ ਵਿਆਹ ਦੇ ਜਾਲ ਵਿੱਚ ਫਸਾ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟੀ, ਸਗੋਂ ਜਾਂਚ ਦੌਰਾਨ ਇਹ ਸਨਸਨੀਖੇਜ਼ ਖ਼ੁਲਾਸਾ ਵੀ ਹੋਇਆ ਹੈ ਕਿ ਇਹ ਉਸ ਦਾ ਪਹਿਲਾ ਨਹੀਂ ਬਲਕਿ ਤੀਜਾ ਵਿਆਹ ਸੀ।
Ai Genrated Image
ਲੁਧਿਆਣਾ ‘ਚ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਦੀ ਪੱਕੀ ਪੀ.ਆਰ. ਦਾ ਝਾਂਸਾ ਦੇ ਕੇ ਇੱਕ ਭੋਲੇ-ਭਾਲੇ ਕਿਸਾਨ ਪਰਿਵਾਰ ਨੂੰ ਠੱਗਣ ਵਾਲੀ ਸ਼ਾਤਰ ‘ਲੁਟੇਰੀ ਦੁਲਹਨ’ ਦਾ ਪਰਦਾਫਾਸ਼ ਹੋਇਆ ਹੈ। ਉਕਤ ਲੜਕੀ ਨੇ ਨਾ ਸਿਰਫ਼ ਪੀੜਤ ਪਰਿਵਾਰ ਨੂੰ ਵਿਆਹ ਦੇ ਜਾਲ ਵਿੱਚ ਫਸਾ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟੀ, ਸਗੋਂ ਜਾਂਚ ਦੌਰਾਨ ਇਹ ਸਨਸਨੀਖੇਜ਼ ਖ਼ੁਲਾਸਾ ਵੀ ਹੋਇਆ ਹੈ ਕਿ ਇਹ ਉਸ ਦਾ ਪਹਿਲਾ ਨਹੀਂ ਬਲਕਿ ਤੀਜਾ ਵਿਆਹ ਸੀ।
ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਬੀਰਮੀ ਦੇ ਵਸਨੀਕ ਪੀੜਤ ਗਗਨਦੀਪ ਸਿੰਘ ਨੇ ਦੱਸਿਆ ਕਿ ਦਸੰਬਰ 2025 ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਉਸ ਦੀ ਗੱਲਬਾਤ ਹਰਦੀਪ ਕੌਰ ਨਾਮਕ ਲੜਕੀ ਨਾਲ ਸ਼ੁਰੂ ਹੋਈ ਸੀ। ਗੱਲਬਾਤ ਦੌਰਾਨ ਲੜਕੀ ਨੇ ਦਾਅਵਾ ਕੀਤਾ ਕਿ ਉਹ ਕੈਨੇਡਾ ਵਿੱਚ ਰਹਿੰਦੀ ਹੈ ਅਤੇ ਉਸ ਕੋਲ ਉੱਥੋਂ ਦੀ ਪੱਕੀ ਪੀ.ਆਰ. ਹੈ। ਗਗਨਦੀਪ ਅਤੇ ਉਸ ਦੇ ਪਰਿਵਾਰ ਨੂੰ ਆਪਣੇ ਝਾਂਸੇ ਵਿੱਚ ਲੈਣ ਲਈ ਮੁਲਜ਼ਮ ਲੜਕੀ ਨੇ ਕੈਨੇਡਾ ਦੇ ਪੀ.ਆਰ. ਕਾਰਡ ਦੀ ਕਾਪੀ ਵੀ ਦਿਖਾਈ ਅਤੇ ਭਰੋਸਾ ਦਿੱਤਾ ਕਿ ਵਿਆਹ ਉਪਰੰਤ ਉਹ ਗਗਨਦੀਪ ਨੂੰ ਵੀ ਪੱਕੇ ਤੌਰ ‘ਤੇ ਕੈਨੇਡਾ ਸੱਦ ਲਵੇਗੀ। ਹਾਲਾਂਕਿ, ਬਾਅਦ ਵਿੱਚ ਇਹ ਸਾਰੇ ਦਸਤਾਵੇਜ਼ ਪੂਰੀ ਤਰ੍ਹਾਂ ਜਾਅਲੀ ਸਾਬਤ ਹੋਏ।
ਪੁੱਤ ਦੇ ਵਿਆਹ ਲਈ 8 ਲੱਖ ‘ਚ ਵੇਚਿਆ ਪਲਾਟ
ਕੈਨੇਡਾ ਜਾਣ ਦੇ ਸੁਫ਼ਨੇ ਅਤੇ ਬੇਟੇ ਦੇ ਭਵਿੱਖ ਦੀ ਖ਼ਾਤਰ ਗਗਨਦੀਪ ਦੇ ਪਰਿਵਾਰ ਨੇ ਇਸ ਰਿਸ਼ਤੇ ਲਈ ਹਾਮੀ ਭਰ ਦਿੱਤੀ। ਵਿਆਹ ਦੇ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿ ਜਾਵੇ, ਇਸ ਲਈ ਪਰਿਵਾਰ ਨੇ ਆਪਣਾ ਇੱਕ ਪਲਾਟ 8 ਲੱਖ ਰੁਪਏ ਵਿੱਚ ਵੇਚ ਦਿੱਤਾ। ਪੀੜਤ ਪਰਿਵਾਰ ਨੇ ਲੜਕੀ ਵਾਲਿਆਂ ਪਾਸੋਂ ਕੋਈ ਦਾਜ ਨਹੀਂ ਲਿਆ, ਸਗੋਂ ਫਗਵਾੜਾ ਵਿਖੇ ਰਹਿ ਰਹੀ ਲੜਕੀ ਨੂੰ ਮਸ਼ਹੂਰ ਸ਼ੋਰੂਮ ‘ਆਸ਼ੂ ਦੀ ਹੱਟੀ’ ਤੋਂ ਵਿਆਹ ਦਾ ਸਾਰਾ ਮਹਿੰਗਾ ਸਾਮਾਨ, ਕੱਪੜੇ ਅਤੇ ਹੋਰ ਵਸਤਾਂ ਖ਼ੁਦ ਖ਼ਰੀਦ ਕੇ ਦਿੱਤੀਆਂ।
8 ਅਪ੍ਰੈਲ ਨੂੰ ਹੋਇਆ ਵਿਆਹ, 3 ਦਿਨਾਂ ‘ਚ ਖੁੱਲ੍ਹ ਗਈ ਪੋਲ
ਦੋਵਾਂ ਦਾ ਵਿਆਹ ਬੀਤੀ 8 ਅਪ੍ਰੈਲ 2026 ਨੂੰ ਪੂਰੀਆਂ ਰੀਤੀ-ਰਿਵਾਜਾਂ ਨਾਲ ਸੰਪੰਨ ਹੋਇਆ। ਪ੍ਰੰਤੂ ਵਿਆਹ ਤੋਂ ਮਹਿਜ਼ ਤਿੰਨ ਦਿਨਾਂ ਬਾਅਦ ਹੀ ਗਗਨਦੀਪ ਨੂੰ ਆਸ-ਪੜੌਸ ਦੇ ਲੋਕਾਂ ਅਤੇ ਹੋਰ ਸੂਤਰਾਂ ਤੋਂ ਭਣਕ ਲੱਗੀ ਕਿ ਲੜਕੀ ਪਹਿਲਾਂ ਹੀ ਵਿਆਹੀ ਹੋਈ ਸੀ ਅਤੇ ਇਹ ਉਸ ਦਾ ਤੀਜਾ ਵਿਆਹ ਹੈ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਇਸੇ ਢੰਗ ਨਾਲ ਵਿਆਹ ਕਰਵਾ ਕੇ ਲੋਕਾਂ ਨੂੰ ਠੱਗ ਚੁੱਕੀ ਸੀ।
11 ਅਪ੍ਰੈਲ ਨੂੰ ਪੇਕੇ ਗਈ ਤੇ 14 ਅਪ੍ਰੈਲ ਨੂੰ ਘਰ ਕੀਤਾ ਸਾਫ਼
ਅਸਲੀਅਤ ਸਾਹਮਣੇ ਆਉਂਦੀ ਵੇਖ ਲੁਟੇਰੀ ਦੁਲਹਨ ਨੇ ਆਪਣੀ ਅਗਲੀ ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ। ਵਿਆਹ ਤੋਂ ਬਾਅਦ ਰਸਮਾਂ ਨਿਭਾਉਣ ਦੇ ਬਹਾਨੇ ਉਹ 11 ਅਪ੍ਰੈਲ 2026 ਨੂੰ ਆਪਣੇ ਪੇਕੇ ਘਰ ਚਲੀ ਗਈ। ਇਸ ਉਪਰੰਤ 14 ਅਪ੍ਰੈਲ ਨੂੰ ਉਹ ਸਹੁਰੇ ਘਰੋਂ 80 ਹਜ਼ਾਰ ਰੁਪਏ ਦੀ ਨਕਦੀ, ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਸਮੇਟ ਕੇ ਹਮੇਸ਼ਾ ਲਈ ਫ਼ਰਾਰ ਹੋ ਗਈ। ਜਦੋਂ ਸਹੁਰਾ ਪਰਿਵਾਰ ਨੇ ਅਲਮਾਰੀਆਂ ਅਤੇ ਲਾਕਰਾਂ ਦੀ ਜਾਂਚ ਕੀਤੀ ਤਾਂ ਸਾਰਾ ਸਾਮਾਨ ਗ਼ਾਇਬ ਪਾਇਆ ਗਿਆ।
ਇਹ ਵੀ ਪੜ੍ਹੋ
ਪੁਲਿਸ ਵੱਲੋਂ ਪਰਿਵਾਰ ਸਮੇਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਇਸ ਵੱਡੀ ਧੋਖਾਧੜੀ ਤੋਂ ਬਾਅਦ ਪੀੜਤ ਗਗਨਦੀਪ ਸਿੰਘ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਸੌਂਪੀ। ਮਾਮਲੇ ਦੀ ਪੜਤਾਲ ਉਪਰੰਤ ਥਾਣਾ ਪੀ.ਏ.ਯੂ. (P.A.U.) ਲੁਧਿਆਣਾ ਦੀ ਪੁਲਿਸ ਨੇ 21 ਸਤੰਬਰ 2026 ਨੂੰ ਮੁੱਖ ਮੁਲਜ਼ਮ ਲੜਕੀ ਹਰਦੀਪ ਕੌਰ, ਉਸ ਦੇ ਪਿਤਾ ਨਛੱਤਰ ਸਿੰਘ, ਮਾਤਾ ਪਰਮਜੀਤ ਕੌਰ ਅਤੇ ਦੋ ਭਰਾਵਾਂ ਕਮਲਜੀਤ ਸਿੰਘ ਤੇ ਇੰਦਰਜੀਤ ਸਿੰਘ ਖ਼ਿਲਾਫ਼ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁਟੇਰੀ ਦੁਲਹਨ ਅਤੇ ਉਸ ਦੇ ਗਿਰੋਹ ਦੇ ਹੋਰਨਾਂ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਸ਼ੱਕੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਸਲਾਖ਼ਾਂ ਪਿੱਛੇ ਭੇਜਿਆ ਜਾਵੇਗਾ।
