AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ‘ਚ SIR ‘ਤੇ ਗਰਮਾਈ ਸਿਆਸਤ, ਆਪ ਸਾਂਸਦ ਮਾਲਵਿੰਦਰ ਕੰਗ ਦਾ ਭਾਜਪਾ ‘ਤੇ ਵੱਡਾ ਹਮਲਾ; ਵੋਟ ਚੋਰੀ ਦਾ ਲਾਇਆ ਆਰੋਪ

ਪੰਜਾਬ ਵਿੱਚ SIR ਯਾਨੀ ਵੋਟਰ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਭਾਰਤੀ ਜਨਤਾ ਪਾਰਟੀ'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਵੱਡਾ ਆਰੋਪ ਲਗਾਇਆ ਹੈ।

ਪੰਜਾਬ 'ਚ SIR 'ਤੇ ਗਰਮਾਈ ਸਿਆਸਤ, ਆਪ ਸਾਂਸਦ ਮਾਲਵਿੰਦਰ ਕੰਗ ਦਾ ਭਾਜਪਾ 'ਤੇ ਵੱਡਾ ਹਮਲਾ; ਵੋਟ ਚੋਰੀ ਦਾ ਲਾਇਆ ਆਰੋਪ
tv9-punjabi
| Updated On: 17 May 2026 18:11 PM IST
Share

ਪੰਜਾਬ ਵਿੱਚ SIR ਯਾਨੀ ਵੋਟਰ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਭਾਰਤੀ ਜਨਤਾ ਪਾਰਟੀ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਵੱਡਾ ਆਰੋਪ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ‘SIR’ ਦੇ ਨਾਂ ‘ਤੇ ਜੋ ਸਾਜ਼ਿਸ਼ ਰਚੀ ਜਾ ਰਹੀ ਹੈ, ਉਹ ਦੇਸ਼ ਦੇ ਲੋਕਤੰਤਰ ਲਈ ਬੇਹੱਦ ਖ਼ਤਰਨਾਕ ਹੈ। ਭਾਜਪਾ ਹੁਣ ਇਸ ਪ੍ਰਕਿਰਿਆ ਦੇ ਬਹਾਨੇ ਪੰਜਾਬ ਦੇ ਅਸਲ ਵੋਟਰਾਂ ਦੇ ਨਾਂ ਸੂਚੀ ਵਿੱਚੋਂ ਕੱਟਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਆਮ ਆਦਮੀ ਪਾਰਟੀ ਅਜਿਹਾ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦੇਵੇਗੀ।

ਸਾਂਸਦ ਕੰਗ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ਉਦੋਂ ਹੀ ਜ਼ਿੰਦਾ ਰਹਿ ਸਕਦਾ ਹੈ ਜਦੋਂ ਅਸੀਂ ਸਾਰੇ ਆਪਣੇ ਵੋਟ ਦੇ ਅਧਿਕਾਰ ਨੂੰ ਸੁਰੱਖਿਅਤ ਰੱਖਾਂਗੇ। ਉਨ੍ਹਾਂ ਪੱਛਮੀ ਬੰਗਾਲ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉੱਥੇ ਭਾਜਪਾ ਨੇ ਡਿਫੈਂਸ ਫੋਰਸਿਜ਼ ਅਤੇ ਚੋਣ ਕਮਿਸ਼ਨ ਦੀ ਕਥਿਤ ਦੁਰਵਰਤੋਂ ਕਰਕੇ ਚੋਣਾਂ ਜਿੱਤੀਆਂ ਨਹੀਂ, ਸਗੋਂ ਚੋਣਾਂ ਨੂੰ ‘ਲੁੱਟਿਆ’ ਹੈ।

ਵੋਟ ਵੈਰੀਫਿਕੇਸ਼ਨ ਦੇ ਨਾਂ ‘ਤੇ ਪੰਜਾਬੀਆਂ ਨੂੰ ਬਾਹਰ ਕਰਨ ਦੀ ਕੋਸ਼ਿਸ਼: ਕੰਗ

ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਇਸ ਵੈਰੀਫਿਕੇਸ਼ਨ ਕਾਰਵਾਈ ਬਾਰੇ ਉਹ ਬਿਲਕੁਲ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਭਾਜਪਾ ਪਹਿਲਾਂ ਤਾਂ ਕਿਸਾਨੀ ਅੰਦੋਲਨ ਦੇ ਨਾਂ ‘ਤੇ ਪੰਜਾਬ ਅਤੇ ਇੱਥੋਂ ਦੇ ਅੰਨਦਾਤਾ ਕਿਸਾਨਾਂ ਨੂੰ ਬਦਨਾਮ ਕਰਦੀ ਰਹੀ। ਹੁਣ ਵੋਟਾਂ ਦੀ ਜਾਂਚ ਦੇ ਨਾਂ ‘ਤੇ ਇਹ ਸਾਜ਼ਿਸ਼ ਘੜੀ ਜਾ ਰਹੀ ਹੈ ਕਿ ਪੰਜਾਬ ਦੇ ਪੱਕੇ ਵੋਟਰਾਂ ਨੂੰ ਲਿਸਟਾਂ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਹੁਤ ਸਚੇਤ ਅਤੇ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਸੰਵਿਧਾਨਕ ਅਤੇ ਲੋਕਤੰਤਰਿਕ ਅਧਿਕਾਰਾਂ ਦੀ ਰਾਖੀ ਕਰ ਸਕੀਏ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੇ ਮੁਸ਼ਕਲ ਸਮੇਂ ਵਿੱਚ ਬਾਂਹ ਫੜੀ ਹੈ। ਚਾਹੇ ਦੇਸ਼ ਦੇ ਅੰਨ ਦੇ ਭੰਡਾਰ ਭਰਨੇ ਹੋਣ ਜਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਹੋਵੇ, ਅੱਜ ਵੀ ਸਭ ਤੋਂ ਵੱਡਾ ਯੋਗਦਾਨ ਪੰਜਾਬ ਅਤੇ ਪੰਜਾਬੀਆਂ ਦਾ ਹੀ ਹੈ। ਪਰ ਜਦੋਂ ਭਾਜਪਾ ਨੂੰ ਸਿੱਧੇ ਤੌਰ ‘ਤੇ ਜਨਤਾ ਦਾ ਸਮਰਥਨ ਨਹੀਂ ਮਿਲਦਾ, ਤਾਂ ਉਹ ਅਜਿਹੇ ਹੱਥਕੰਡੇ ਅਪਣਾ ਕੇ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰਦੀ ਹੈ।

ਚੋਣ ਕਮਿਸ਼ਨ ਨੂੰ ਚੇਤਾਵਨੀ: ਪਾਰਦਰਸ਼ਤਾ ਨਾਲ ਹੋਵੇ ਕੰਮ

‘ਆਪ’ ਸਾਂਸਦ ਨੇ ਚੋਣ ਕਮਿਸ਼ਨ ਨੂੰ ਵੀ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੋਟ ਵੈਰੀਫਿਕੇਸ਼ਨ ਦੀ ਸਾਰੀ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਹੋਣੀ ਚਾਹੀਦੀ ਹੈ। ਜੇਕਰ ਕਿਸੇ ਸਾਜ਼ਿਸ਼ ਤਹਿਤ ਪੰਜਾਬੀਆਂ ਦੀ ਵੋਟ ਕੱਟਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਜਨਤਕ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੀ ਹੋ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਆਪਣੀਆਂ ਵੋਟਾਂ ਬਚਾਉਣ ਲਈ ਪੂਰੀ ਮੁਸਤੈਦੀ ਨਾਲ ਪਹਿਰਾ ਦੇਣਾ ਪਵੇਗਾ।

ਬਾਹਰੀ ਲੋਕਾਂ ਨੂੰ ਵੋਟਰ ਲਿਸਟ ‘ਚ ਸ਼ਾਮਲ ਕਰਨ ਦਾ ਖ਼ਦਸ਼ਾ

ਕੰਗ ਨੇ ਖ਼ਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਭਾਜਪਾ ਦਾ ਮਕਸਦ ਸਿਰਫ਼ ਇੱਥੋਂ ਦੇ ਵੋਟਰਾਂ ਦੇ ਨਾਂ ਹਟਾਉਣਾ ਹੀ ਨਹੀਂ ਹੈ, ਬਲਕਿ ਉਹ ਕਈ ਅਜਿਹੇ ਬਾਹਰਲੇ ਲੋਕਾਂ ਦੇ ਨਾਂ ਵੀ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਦੀ ਫ਼ਿਰਾਕ ਵਿੱਚ ਹਨ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਜਾਂ ਰਾਬਤਾ ਨਹੀਂ ਹੈ। ਇਹ ਸਭ ਕੁਝ ਸਿਰਫ਼ ਵੋਟ ਬੈਂਕ ਦੀ ਰਾਜਨੀਤੀ ਅਤੇ ਨਫ਼ਰਤ ਫੈਲਾਉਣ ਲਈ ਕੀਤਾ ਜਾ ਰਿਹਾ ਹੈ।

ਉਨ੍ਹਾਂ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਦੋਟੁੱਕ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਪੰਜਾਬੀਆਂ ਦੇ ਲੋਕਤੰਤਰਿਕ ਅਧਿਕਾਰਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਪੰਜਾਬੀ ਇਸ ਧੱਕੇਸ਼ਾਹੀ ਨੂੰ ਕਦੇ ਪ੍ਰਵਾਨ ਨਹੀਂ ਕਰਨਗੇ। ਪੰਜਾਬੀਆਂ ਨੇ ਹਮੇਸ਼ਾ ਅਨਿਆਂ ਖ਼ਿਲਾਫ਼ ਡਟ ਕੇ ਲੜਾਈ ਲੜੀ ਹੈ ਅਤੇ ਆਪਣੇ ਵੋਟ ਦੇ ਅਧਿਕਾਰ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਅਤੇ ਸੰਘਰਸ਼ ਕੀਤਾ ਜਾਵੇਗਾ।

Follow Us