ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਗਰਦਨ ਕੋਲ ਲੱਗੀ ਗੋਲੀ

Updated On: 

31 Jan 2026 21:01 PM IST

ਮੁੱਲਾਪੁਰ ਦਾਖਾ ਖੇਤਰ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਂਸਟੇਬਲ ਡਿਊਟੀ 'ਤੇ ਤੈਨਾਤ ਸੀ। ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਮਨੋਜ ਮਸੀਹ ਵਜੋਂ ਹੋਈ ਹੈ।

ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਭੇਦਭਰੇ ਹਾਲਾਤਾਂ ਚ ਮੌਤ, ਗਰਦਨ ਕੋਲ ਲੱਗੀ ਗੋਲੀ

ਪੰਜਾਬ ਪੁਲਿਸ ਦੇ ਕਾਂਸਟੇਬਲ ਮਨੋਜ ਮਸੀਹ ਦੀ ਭੇਦਭਰੇ ਹਾਲਾਤਾਂ 'ਚ ਮੌਤ

Follow Us On

ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮੁੱਲਾਪੁਰ ਦਾਖਾ ਵਿੱਚ ਪੰਜਾਬ ਪੁਲਿਸ ਦੇ ਇੱਕ 25 ਸਾਲਾ ਕਾਂਸਟੇਬਲ ਦੀ ਭੇਦਭਰੇ ਹਾਲਾਤਾਂ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਅਨੋਜ ਮਸੀਹ ਵਜੋਂ ਹੋਈ ਹੈ, ਜਿਸ ਦੀ ਗਰਦਨ ਦੇ ਕੋਲ ਗੋਲੀ ਲੱਗੀ ਸੀ।

ਦੱਸਿਆ ਜਾ ਰਿਹਾ ਹੈ ਕਿ ਅਨੋਜ ਦੀ ਡਿਊਟੀ ਇੱਕ ਲਗਜ਼ਰੀ ਕਾਰ ਸ਼ੋਰੂਮ ਦੀ ਸੁਰੱਖਿਆ ਵਿੱਚ ਲਗਾਈ ਗਈ ਸੀ ਕਿਉਂਕਿ ਸ਼ੋਰੂਮ ਮਾਲਕ ਨੂੰ ਕੁਝ ਸਮਾਂ ਪਹਿਲਾਂ ਇੱਕ ਗੈਂਗਸਟਰ ਵੱਲੋਂ ਫਿਰੌਤੀ ਲਈ ਧਮਕੀ ਦਿੱਤੀ ਗਈ ਸੀ। ਮ੍ਰਿਤਕ ਅਨੋਜ ਮਸੀਹ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਲੱਖਾ ਕਲਾਂ ਦਾ ਰਹਿਣ ਵਾਲਾ ਸੀ। ਉਸ ਨੂੰ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਤਰਸ ਦੇ ਅਧਾਰ ‘ਤੇ ਪੁਲਿਸ ਵਿੱਚ ਨੌਕਰੀ ਮਿਲੀ ਸੀ। ਇਹ ਦਰਦਨਾਕ ਘਟਨਾ ਅੱਜ ਸਵੇਰੇ ਕਰੀਬ 5 ਵਜੇ ਵਾਪਰੀ।

RAC ਕਾਰ ਸ਼ੋਰੂਮ ‘ਤੇ ਸੁਰੱਖਿਆ ਲਈ ਸੀ ਤੈਨਾਤ

ਪ੍ਰਾਪਤ ਜਾਣਕਾਰੀ ਅਨੁਸਾਰ, ਅਨੋਜ ਅਤੇ ਉਸ ਦੇ ਕੁਝ ਸਾਥੀ ਕਰਮਚਾਰੀਆਂ ਦੀ ਡਿਊਟੀ ਮੁੱਲਾਪੁਰ ਸਥਿਤ ‘RAC ਕਾਰ ਸ਼ੋਰੂਮ’ ਦੇ ਬਾਹਰ ਲਗਾਈ ਗਈ ਸੀ। ਸ਼ੋਰੂਮ ਦੇ ਮਾਲਕ ਨੂੰ ਗੈਂਗਸਟਰ ਵੱਲੋਂ ਮਿਲੀ ਧਮਕੀ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਇੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਅੱਜ ਸਵੇਰੇ ਜਦੋਂ ਅਨੋਜ ਸ਼ੋਰੂਮ ਦੇ ਬਾਹਰ ਖੜ੍ਹੀ ਗੱਡੀ ਵਿੱਚ ਬੈਠਾ ਸੀ, ਤਾਂ ਅਚਾਨਕ ਗੋਲੀ ਚੱਲ ਗਈ ਜੋ ਉਸ ਦੀ ਗਰਦਨ ਦੇ ਕੋਲ ਲੱਗੀ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਗੋਲੀ ਅਨੋਜ ਦੇ ਆਪਣੇ ਸਰਕਾਰੀ ਹਥਿਆਰ ਤੋਂ ਹੀ ਚੱਲੀ ਹੈ, ਪਰ ਅਜੇ ਤੱਕ ਕਿਸੇ ਉੱਚ ਅਧਿਕਾਰੀ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਮੁੱਲਾਪੁਰ ਦੇ ਡੀ.ਐਸ.ਪੀ. (DSP) ਵਰਿੰਦਰਜੀਤ ਸਿੰਘ ਖੋਸਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਸਾਥੀ ਨੂੰ ਪਾਣੀ ਲੈਣ ਭੇਜਿਆ ਅਤੇ ਫਿਰ ਚੱਲੀ ਗੋਲੀ

ਘਟਨਾ ਦੇ ਵੇਰਵਿਆਂ ਅਨੁਸਾਰ, ਅੱਜ ਸਵੇਰੇ 5 ਵਜੇ ਦੇ ਕਰੀਬ ਅਨੋਜ ਮਸੀਹ ਆਪਣੇ ਇੱਕ ਸਾਥੀ ਮੁਲਾਜ਼ਮ ਨਾਲ ਸ਼ੋਰੂਮ ਕੰਪਲੈਕਸ ਵਿੱਚ ਡਿਊਟੀ ‘ਤੇ ਮੌਜੂਦ ਸੀ। ਦੋਵੇਂ ਕਾਰ ਵਿੱਚ ਬੈਠੇ ਹੋਏ ਸਨ। ਇਸ ਦੌਰਾਨ ਅਨੋਜ ਨੇ ਆਪਣੇ ਸਾਥੀ ਨੂੰ ਪਾਣੀ ਲਿਆਉਣ ਲਈ ਭੇਜ ਦਿੱਤਾ।

ਸਾਥੀ ਦੇ ਜਾਣ ਤੋਂ ਕੁਝ ਹੀ ਦੇਰ ਬਾਅਦ ਗੋਲੀ ਚੱਲਣ ਦੀ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਜਦੋਂ ਸਾਥੀ ਮੁਲਾਜ਼ਮ ਪਾਣੀ ਲੈ ਕੇ ਵਾਪਸ ਪਰਤਿਆ, ਤਾਂ ਉਸ ਨੇ ਦੇਖਿਆ ਕਿ ਅਨੋਜ ਖੂਨ ਨਾਲ ਲੱਥਪੱਥ ਹਾਲਤ ਵਿੱਚ ਕਾਰ ਦੀ ਸੀਟ ‘ਤੇ ਮੂਧੇ ਮੂੰਹ ਡਿੱਗਿਆ ਹੋਇਆ ਸੀ।

ਪੁਲਿਸ ਅਤੇ ਫੋਰੈਂਸਿਕ ਟੀਮ ਵੱਲੋਂ ਜਾਂਚ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦਾਖਾ ਦੀ ਪੁਲਿਸ ਅਤੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਫੋਰੈਂਸਿਕ ਟੀਮ ਨੇ ਵੀ ਘਟਨਾ ਵਾਲੀ ਥਾਂ ਤੋਂ ਜ਼ਰੂਰੀ ਸੈਂਪਲ ਇਕੱਠੇ ਕੀਤੇ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਹਰ ਪਹਿਲੂ ਨੂੰ ਸਪੱਸ਼ਟ ਕੀਤਾ ਜਾ ਸਕੇ।

16 ਜਨਵਰੀ ਨੂੰ ਮੁਹੱਈਆ ਕਰਵਾਈ ਗਈ ਸੀ ਸੁਰੱਖਿਆ

ਜ਼ਿਕਰਯੋਗ ਹੈ ਕਿ RAC ਲਗਜ਼ਰੀ ਕਾਰ ਸ਼ੋਰੂਮ ਦੇ ਮਾਲਕ ਨੂੰ ਫਿਰੌਤੀ ਦੀ ਧਮਕੀ ਮਿਲਣ ਤੋਂ ਬਾਅਦ, 16 ਜਨਵਰੀ ਨੂੰ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ 4 ਸੁਰੱਖਿਆ ਕਰਮਚਾਰੀ ਦਿੱਤੇ ਗਏ ਸਨ। ਇਹਨਾਂ ਵਿੱਚੋਂ ਦੋ ਮੁਲਾਜ਼ਮ ਮਾਲਕ ਦੇ ਘਰ ਅਤੇ ਦੋ ਸ਼ੋਰੂਮ ‘ਤੇ ਤੈਨਾਤ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਅਨੋਜ ਮਸੀਹ ਇੱਕ ਸੀ। ਅਨੋਜ ਦੀ ਇਸ ਅਚਾਨਕ ਮੌਤ ਕਾਰਨ ਪੁਲਿਸ ਵਿਭਾਗ ਅਤੇ ਉਸ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।