ਰੱਖੜੀ ‘ਤੇ ਔਰਤਾਂ ਨੂੰ CM ਮਾਨ ਵੱਲੋ ਵੱਡਾ ਤੋਹਫ਼ਾ, ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਤੀਜੀ ਕਿਸ਼ਤ 28 ਨੂੰ ਹੋਵੇਗੀ ਜਾਰੀ

Updated On: 

26 Aug 2026 16:14 PM IST

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੇ ਤਹਿਤ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ ਤੀਜੀ ਕਿਸ਼ਤ ਇਸ ਵਾਰ ਮਹੀਨੇ ਦੀ ਪਹਿਲੀ ਤਾਰੀਖ਼ ਦੀ ਬਜਾਏ ਸਮੇਂ ਤੋਂ ਪਹਿਲਾਂ 28 ਅਗਸਤ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ।

ਰੱਖੜੀ ਤੇ ਔਰਤਾਂ ਨੂੰ CM ਮਾਨ ਵੱਲੋ ਵੱਡਾ ਤੋਹਫ਼ਾ, ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ 28 ਨੂੰ ਹੋਵੇਗੀ ਜਾਰੀ

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਤਹਿਤ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ ਤੀਜੀ ਕਿਸ਼ਤ ਇਸ ਵਾਰ ਮਹੀਨੇ ਦੀ ਪਹਿਲੀ ਤਾਰੀਖ਼ ਦੀ ਬਜਾਏ ਸਮੇਂ ਤੋਂ ਪਹਿਲਾਂ 28 ਅਗਸਤ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਇਹ ਰਕਮ ਸਮੇਂ ਤੋਂ ਪਹਿਲਾਂ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਹਾਇਤਾ ਰਾਸ਼ੀ ਦੀ ਵਰਤੋਂ ਨਾਲ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਮਹਿਲਾਵਾਂ ਦੀ ਖ਼ੁਸ਼ੀ ਭਰੀਆਂ ਵੀਡੀਓਜ਼ ਦੇਖ ਕੇ ਮਨ ਨੂੰ ਅਥਾਹ ਤਸੱਲੀ ਤੇ ਸਕੂਨ ਮਿਲਦਾ ਹੈ।

ਰੱਖੜੀ ਵਾਲੇ ਦਿਨ ਖਾਤਿਆਂ ਵਿੱਚ ਆਵੇਗੀ ਕਿਸ਼ਤ: ਸੀਐੱਮ ਮਾਨ

ਮੁੱਖ ਮੰਤਰੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਭਾਵੇਂ ਇਸ ਸਕੀਮ ਦੀ ਨਿਯਮਿਤ ਕਿਸ਼ਤ ਹਰ ਮਹੀਨੇ ਦੀ 1 ਤਾਰੀਖ਼ ਨੂੰ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਾਂਦੀ ਹੈ, ਪਰ 28 ਤਾਰੀਖ਼ ਨੂੰ ਰੱਖੜੀ (ਰੱਖਿਆ ਬੰਧਨ) ਦਾ ਤਿਉਹਾਰ ਹੋਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰੱਖੜੀ ਮੌਕੇ ਵੀਰ ਜਾਂ ਪੇਕੇ ਪਰਿਵਾਰ ਵੱਲੋਂ ਭੈਣਾਂ-ਧੀਆਂ ਨੂੰ ਸ਼ਗਨ ਭੇਜਣ ਦੀ ਰਵਾਇਤ ਹੈ। ਤੀਆਂ ਦੇ ਤਿਉਹਾਰ ਮਗਰੋਂ ਹੁਣ ਰੱਖੜੀ ਦਾ ਪਵਿੱਤਰ ਦਿਨ ਆ ਰਿਹਾ ਹੈ, ਇਸ ਲਈ ਰੱਖੜੀ ਵਾਲੇ ਦਿਨ ਹੀ ਮਹਿਲਾਵਾਂ ਦੇ ਮੋਬਾਈਲਾਂ ‘ਤੇ ਬੈਂਕ ਖਾਤਿਆਂ ਵਿੱਚ ਪੈਸੇ ਆਉਣ ਦੇ ਸੁਨੇਹੇ ਮਿਲਣਗੇ।

ਲਗਾਤਾਰ ਜਾਰੀ ਰਹੇਗੀ ਇਹ ਲੋਕ-ਭਲਾਈ ਸਕੀਮ

ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਇਹ ਯੋਜਨਾ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚੋਂ ਵੱਡੀ ਗਿਣਤੀ ਮਾਤਾਵਾਂ ਅਤੇ ਭੈਣਾਂ ਦੇ ਸੰਦੇਸ਼ ਤੇ ਵੀਡੀਓਜ਼ ਮਿਲ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਭਾਵੁਕ ਹੋ ਕੇ ਕਹਿੰਦੀਆਂ ਹਨ ਕਿ ‘ਮੇਰੇ ਪੁੱਤ ਨੇ ਪੈਸੇ ਭੇਜੇ ਹਨ, ਹੁਣ ਮੈਂ ਘਰ ਦਾ ਖ਼ਰਚਾ ਚਲਾਵਾਂਗੀ’ ਜਾਂ ‘ਕੋਈ ਆਪਣਾ ਪੁਰਾਣਾ ਉਧਾਰ ਚੁਕਾਉਣ ਦੀ ਗੱਲ ਆਖ ਰਹੀ ਹੈ।’ ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਯੋਜਨਾ ਕਿਸੇ ਲੋੜਵੰਦ ਦੇ ਕੰਮ ਆਉਂਦੀ ਹੈ ਤਾਂ ਬਹੁਤ ਖ਼ੁਸ਼ੀ ਮਿਲਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਪੈਸਾ ਲੋਕਾਂ ਦੇ ਆਪਣੇ ਟੈਕਸਾਂ ਦੀ ਕਮਾਈ ਦਾ ਹੈ, ਜੋ ਸਰਕਾਰ ਬਣਦੇ ਮਾਣ-ਸਤਿਕਾਰ ਸਹਿਤ ਉਨ੍ਹਾਂ ਨੂੰ ਹੀ ਮੋੜ ਰਹੀ ਹੈ। ਉਨ੍ਹਾਂ ਦੁਹਰਾਇਆ ਕਿ ਸਰਕਾਰ ਦਾ ਮੁੱਖ ਮਕਸਦ ਪੰਜਾਬ ਦੇ ਕਿਸੇ ਵੀ ਘਰ ਦਾ ਚੁੱਲ੍ਹਾ ਠੰਡਾ ਨਾ ਹੋਣ ਦੇਣਾ ਹੈ। ਸਰਕਾਰ ਹਰ ਪਰਿਵਾਰ ਨੂੰ ਰੁਜ਼ਗਾਰ ਅਤੇ ਮਾਣ-ਸਨਮਾਨ ਦਿਵਾਉਣ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਸਮੂਹ ਮਹਿਲਾਵਾਂ ਅਤੇ ਸੂਬਾ ਵਾਸੀਆਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਅਗਾਊਂ ਵਧਾਈਆਂ ਵੀ ਦਿੱਤੀਆਂ।

Loading...
Unable to load recommendations.
Follow Us