ਗੰਨ ਕਲਚਰ ਖਿਲਾਫ਼ ਪੰਜਾਬ ਸਰਕਾਰ ਦੀ ਸਖਤੀ ਦਾ ਦਿਖਿਆ ਅਸਰ
ਪੰਜਾਬ ਵਿੱਚ ਗੰਨ ਅਤੇ ਗੰਨ ਕਲਚਰ ਲੰਮੇ ਸਮੇਂ ਤੋਂ ਚਲਿਆ ਆ ਰਿਹਾ ਹੈ। ਪਿਛਲੀਆਂ ਸਰਕਾਰਾਂ ਵਲੋਂ ਬਗੈਰ ਕਿਸੇ ਘੋਖ ਪੜਤਾਲ ਦੇ ਅਸਲੇ ਦੇ ਲਾਈਸੈਂਸ ਦਿੱਤੇ ਹਨ। ਹੁਣ ਮੌਜੂਦਾ ਭਗਵੰਤ ਮਾਨ ਸਰਕਾਰ ਵਲੋਂ ਗੰਨ ਕਲਚਰ ਨੂੰ ਖਤਮ ਕਰਨ ਦੇ ਲਈ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਇਕ ਲਾਇਸੈਂਸ ਤੇ ਇਕ ਹਥਿਆਰ ਹੀ ਰੱਖ ਸਕਦੇ ਨੇ ਲੋਕ
ਕੇਂਦਰ ਸਰਕਾਰ ਨੇ ਇਕ ਨਿਯਮ ਵਿਚ ਸੋਧ ਕਰਦਿਆਂ ਇਕ ਲਾਇਸੈਂਸ ਤੇ ਇਕ ਹਥਿਆਰ ਰੱਖਣ ਦਾ ਨਿਯਮ ਬਣਾਇਆ ਹੈ ਜਿਸਦੇ ਤਹਿਤ ਜਦੋਂ ਪੰਜਾਬ ਸਰਕਾਰ ਨੇ ਸੂਬੇ ਅੰਦਰ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਲੋਕਾਂ ਵਲੋਂ ਇਕ ਲਾਇਸੈਂਸ ਤੇ ਹੀ ਤਿੰਨ ਤਿੰਨ ਹਥਿਆਰ ਲਏ ਗਏ ਹਨ।ਪੰਜਾਬ ਦੇ ਜਲੰਧਰ ਜਿਲ੍ਹੇ ਚ ਸਭ ਤੋਂ ਵੱਧ 391 ਲਾਇਸੈਂਸ ਕੀਤੇ ਰੱਦ
ਜਿਕਰਯੋਗ ਹੈ ਕਿ ਪੰਜਾਬ ਦੇ ਜਲੰਧਰ ਜਿਲ੍ਹੇ ਚ ਸਰਕਾਰ ਵਲੋਂ ਸਭ ਤੋਂ ਵੱਧ 391 ਲਾਇਸੈਂਸ ਰੱਦ ਕੀਤੇ ਗਏ ਹਨ ਜਦਕਿ ਰੋਪੜ ਵਿਚ 146, ਨਵਾਂਸ਼ਹਿਰ ਵਿਚ 266, ਮੁਹਾਲੀ ਵਿਚ 32, ਤਰਨਤਾਰਨ ਵਿਚ 19, ਕਪੂਰਥਲਾ ਵਿਚ 17, ਫਿਰੋਜ਼ਪੁਰ ਵਿਚ 25, ਪਠਾਨਕੋਟ ਵਿਚ 1 ਲਾਇਸੈਂਸ ਰੱਦ ਕੀਤਾ ਗਿਆ ਹੈ। ਇਸਤੋਂ ਇਲਾਵਾ ਸਰਕਾਰ ਨੇ ਪਟਿਆਲਾ ਵਿਚ 274 ਅਤੇ ਨਵਾਂਸ਼ਹਿਰ ਵਿਚ 50 ਲਾਇਸੈਂਸ ਸਸਪੈਂਡ ਵੀ ਕੀਤੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਨੁਸਾਰ ਸੂਬੇ ਵਿੱਚ ਗੰਨ ਕਲਚਰ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ। ਇਸਦੇ ਲਈ ਪੁਲਿਸ ਵਲੋਂ ਬਕਾਇਦਾ ਅਭਿਆਨ ਚਲਾ ਕੇ ਸ਼ੋਸਲ ਮੀਡੀਆ ਰਾਂਹੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਪੰਜਾਬ ਵਿੱਚ ਬਹੁਤੇ ਲੋਕਾਂ ਵਲੋਂ ਪੁਲਿਸ ਨੂੰ ਸਹਿਯੋਗ ਕਰਦੇ ਹੋਏ ਸ਼ੋਸਲ ਮੀਡੀਆ ਤੇ ਪਾਈਆਂ ਫੋਟੋਆਂ ਨੂੰ ਹਟਾ ਲਿਆ ਗਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਨੁਸਾਰ ਪੰਜਾਬ ਪੁਲਿਸ ਦੀ ਸਾਈਬਰ ਟੀਮਾਂ ਵਲੋਂ ਲਗਾਤਾਰ ਨਜਰ ਰੱਖੀ ਜਾ ਰਹੀ ਹੈ ਕਿ ਕੋਈ ਵਿਅਕਤੀ ਸ਼ੋਸਲ ਮੀਡੀਆ ਰਾਂਹੀ ਗਲਤ ਪ੍ਰਚਾਰ ਨ ਕਰੇ।
Follow Us
